ਲੋਕ ਸਭਾ ਚੋਣਾਂ ਦਾ ਅੰਤਮ ਗੇੜ 1 ਜੂਨ ਨੂੰ ਖ਼ਤਮ ਹੋ ਜਾਵੇਗਾ। ਇਸ ਤੋਂ ਬਾਅਦ ਸਾਰੀਆਂ ਧਿਰਾਂ ਇਹ ਅੰਦਾਜ਼ੇ ਲਾਉਣ ਲੱਗਣਗੀਆਂ ਕਿ ਉਹ ਕਿੱਥੇ ਜਿੱਤ ਰਹੀਆਂ ਤੇ ਕਿੱਥੇ ਹਾਰ ਰਹੀਆਂ ਹਨ। ਸੱਤਾਧਾਰੀ ਭਾਜਪਾ ਨੇ ਆਪਣੀ ਚੋਣ ਮੁਹਿੰਮ ਦੀ ਸ਼ੁਰੂਆਤ 400 ਪਾਰ ਦੇ ਨਾਅਰੇ ਨਾਲ ਕੀਤੀ ਸੀ, ਪਰ ਚੌਥੇ ਕੁ ਗੇੜ ਤੱਕ ਪੁੱਜਦਿਆਂ ਉਹ ਇਸ ਨਾਅਰੇ ਤੋਂ ਪਿੱਛੇ ਹਟ ਗਈ। ਆਖਰ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਪ੍ਰਧਾਨ ਜੇ ਪੀ ਨੱਢਾ ਨੂੰ ਇਸ ਨਾਅਰੇ ਤੋਂ ਖਹਿੜਾ ਛੁਡਾਉਣ ਲਈ ਇਹ ਕਹਿਣਾ ਪਿਆ ਕਿ 400 ਪਾਰ ਦਾ ਨਾਅਰਾ ਤਾਂ ਇੱਕ ਜੁਮਲਾ ਸੀ ਤੇ ਇਹ ਵਿਰੋਧੀ ਧਿਰਾਂ ਨੂੰ ਡਰਾਉਣ ਲਈ ਉਛਾਲਿਆ ਗਿਆ ਸੀ।
ਸਚਾਈ ਇਹ ਹੈ ਕਿ ਇਨ੍ਹਾਂ ਚੋਣਾਂ ਵਿੱਚ ਭਾਜਪਾ ਦਾ ਕੋਈ ਵੀ ਨਾਅਰਾ ਤੇ ਦਾਅਪੇਚ ਚੱਲ ਨਹੀਂ ਸਕਿਆ। ਪਿਛਲੀਆਂ ਦੋ ਚੋਣਾਂ ਵਿੱਚ ਭਾਜਪਾ ਜੋ ਵੀ ਏਜੰਡਾ ਸੈੱਟ ਕਰਦੀ, ਉਸ ਨੂੰ ਉਸ ਵਿੱਚ ਕਾਮਯਾਬੀ ਮਿਲਦੀ ਰਹੀ ਸੀ। ਹਿੰਦੂ, ਹਿੰਦੂਤਵ ਤੇ ਰਾਸ਼ਟਰਵਾਦ ਦਾ ਭਰਮ ਫੈਲਾਅ ਕੇ ਭਾਜਪਾ ਨੇ ਪਿਛਲੀਆਂ ਦੋ ਚੋਣਾਂ ਵਿੱਚ ਭਾਰੀ ਸਫ਼ਲਤਾ ਪ੍ਰਾਪਤ ਕੀਤੀ ਸੀ। ਭਾਜਪਾ ਜੋ ਵੀ ਏਜੰਡਾ ਸੈੱਟ ਕਰਦੀ, ਵਿਰੋਧੀ ਧਿਰਾਂ ਉਸੇ ਵਿੱਚ ਉਲਝ ਕੇ ਰਹਿ ਜਾਂਦੀਆਂ ਸਨ।
ਇਸ ਵਾਰ ‘ਇੰਡੀਆ’ ਗੱਠਜੋੜ ਨੇ ਫੈਸਲਾ ਕਰ ਲਿਆ ਕਿ ਉਹ ਭਾਜਪਾ ਦੇ ਏਜੰਡੇ ਵਿੱਚ ਫਸਣ ਦੀ ਥਾਂ ਆਪਣਾ ਏਜੰਡਾ ਲੈ ਕੇ ਲੋਕਾਂ ਵਿੱਚ ਜਾਵੇਗਾ। ਭਾਜਪਾ ਨੇ ਇਸ ਵਾਰ ਦੀ ਸਾਰੀ ਚੋਣ ਨਰਿੰਦਰ ਮੋਦੀ ਦੇ ਨਾਂਅ ਉੱਤੇ ਲੜੀ ਹੈ। ਨਰਿੰਦਰ ਮੋਦੀ ਨੇ ਕੌਮੀ ਸਵਾਲਾਂ ਨੂੰ ਆਪਣਾ ਮੁੱਖ ਏਜੰਡਾ ਬਣਾ ਕੇ ਲੋਕਾਂ ਵਿੱਚ ਆਪਣੀ ਛਵੀ ‘ਵਿਕਾਸ ਪੁਰਸ਼’ ਵਜੋਂ ਬਣਾਉਣ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਉਹ ਕਾਮਯਾਬ ਨਹੀਂ ਹੋ ਸਕੇ। ਦੂਜੇ ਪਾਸੇ ਇੰਡੀਆ ਗੱਠਜੋੜ ਨੇ ਲੋਕ ਮੁੱਦਿਆਂ; ਮਹਿੰਗਾਈ, ਬੇਰੁਜ਼ਗਾਰੀ, ਅਗਨੀਵੀਰ, ਸੰਵਿਧਾਨ ਤੇ ਲੋਕਤੰਤਰ ਦੀ ਰਾਖੀ ਨੂੰ ਆਪਣਾ ਮੁੱਦਾ ਬਣਾਇਆ।
ਨਰਿੰਦਰ ਮੋਦੀ ਨੇ ਇੰਡੀਆ ਗੱਠਜੋੜ ਨੂੰ ਲੀਹੋਂ ਲਾਹੁਣ ਲਈ ਵਾਰ-ਵਾਰ ਆਪਣੇ ਨਾਅਰਿਆਂ ਵਿੱਚ ਤਬਦੀਲੀ ਕੀਤੀ, ਪਰ ਉਨ੍ਹਾ ਦਾ ਕੋਈ ਵੀ ਨਾਅਰਾ ਕੰਮ ਨਹੀਂ ਆ ਸਕਿਆ। ਹਿੰਦੂ-ਮੁਸਲਿਮ, ਰਾਮ ਮੰਦਰ, ਕਾਂਗਰਸ ਦਾ ਮੈਨੀਫੈਸਟੋ, ਅਡਾਨੀ-ਅੰਬਾਨੀ ਤੇ ਮੰਗਲ ਸੂਤਰ ਆਦਿ ਹਰ ਨਾਅਰਾ ਲੋਕਾਂ ਵਿੱਚ ਪਸਤ ਹੁੰਦਾ ਰਿਹਾ।
ਇੰਡੀਆ ਗੱਠਜੋੜ ਦੇ ਆਗੂਆਂ ਨੇ ਤੈਅ ਕਰ ਲਿਆ ਸੀ ਕਿ ਭਾਵੇਂ ਕੁਝ ਵੀ ਹੋ ਜਾਵੇ, ਆਪਣੇ ਮੁੱਦਿਆਂ ਤੋਂ ਨਹੀਂ ਭਟਕਣਾ ਤੇ ਨਾ ਭਾਜਪਾ ਦੇ ਜਾਲ ਵਿੱਚ ਫਸਣਾ ਹੈ। ਕਾਂਗਰਸ, ਸਪਾ, ਰਾਜਦ, ਝਾਮੁਮੋ ਤੇ ਖੱਬੀਆਂ ਧਿਰਾਂ ਨੇ ਸ਼ੁਰੂ ਤੋਂ ਹੀ ਸਮਝ ਲਿਆ ਸੀ ਕਿ ਭਾਜਪਾ ਉਨ੍ਹਾਂ ਨੂੰ ਮੁੱਦਿਆਂ ਤੋਂ ਭਟਕਾਉਣ ਦੀ ਕੋਸ਼ਿਸ਼ ਕਰ ਸਕਦੀ ਹੈ, ਇਸ ਲਈ ਪੂਰੀ ਚੌਕਸੀ ਵਰਤੀ ਗਈ। ਇਹ ਪਹਿਲੀ ਵਾਰ ਸੀ ਕਿ ਇੰਡੀਆ ਗੱਠਜੋੜ ਦੇ ਮੁੱਦਿਆਂ ਦੀ ਰਾਜਨੀਤੀ ਵਿੱਚ ਖੁਦ ਭਾਜਪਾ ਫਸਦੀ ਰਹੀ। ਮੋਦੀ ਨੂੰ ਖੁਦ ਕਹਿਣਾ ਪਿਆ ਕਿ ਨਾ ਉਹ ਸੰਵਿਧਾਨ ਬਦਲਣਗੇ ਤੇ ਨਾ ਰਿਜ਼ਰਵੇਸ਼ਨ ਨਾਲ ਛੇੜਛਾੜ ਕਰਨਗੇ। ਇਹ ਇੰਡੀਆ ਗੱਠਜੋੜ ਦੇ ਆਗੂਆਂ ਵੱਲੋਂ ਤਿਆਰ ਕੀਤੇ ਗਏ ਬਿਰਤਾਂਤ ਦੀ ਹੀ ਸਫ਼ਲਤਾ ਸੀ ਕਿ ਜਿਸ ਅਡਾਨੀ ਵਿਰੁੱਧ ਬੋਲਣ ਕਾਰਨ ਰਾਹੁਲ ਗਾਂਧੀ ਨੂੰ ਆਪਣੀ ਸੰਸਦ ਮੈਂਬਰੀ ਤੱਕ ਗੁਆਉਣੀ ਪਈ ਸੀ, ਉਸੇ ਅਡਾਨੀ ਵਿਰੁੱਧ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬੋਲਣ ਲਈ ਮਜਬੂਰ ਕਰ ਦਿੱਤਾ ਗਿਆ।
ਇੰਡੀਆ ਗੱਠਜੋੜ ਦੀ ਇਹ ਵੀ ਕਾਮਯਾਬੀ ਸੀ ਕਿ ਸਭ ਧਿਰਾਂ ਨੇ ਆਪਣੇ ਸਥਾਨਕ ਮੁੱਦਿਆਂ ਦੇ ਨਾਲ-ਨਾਲ ਕਾਂਗਰਸ ਪਾਰਟੀ ਵੱਲੋਂ ਆਪਣੇ ਸੰਕਲਪ ਪੱਤਰ ਵਿੱਚ ਉਲੀਕੀਆਂ ਗਈਆਂ ਕੌਮੀ ਪੱਧਰ ਦੀਆਂ ਗਰੰਟੀਆਂ ਨੂੰ ਵੀ ਬਿਨਾਂ ਹੀਲ-ਹੁੱਜਤ ਦੇ ਅਪਣਾ ਲਿਆ ਸੀ। ਇਸੇ ਕਾਰਨ ਸਮੁੱਚੇ ਦੇਸ਼ ਨੇ ਭਾਜਪਾ ਵੱਲੋਂ ਫੈਲਾਏ ਗਏ ਝੂਠਾਂ ਨੂੰ ਇੱਕ ਵਾਢਿਓਂ ਰੱਦ ਕਰ ਦਿੱਤਾ ਹੈ। ਇਹ ਪਹਿਲੀਆਂ ਚੋਣਾਂ ਹਨ, ਜਦੋਂ ਜਨਤਾ ਨੇ ਨਾ ਰਾਮ ਮੰਦਰ, ਨਾ ਜਾਤੀ ਤੇ ਨਾ ਧਾਰਮਿਕ ਧਰੁਵੀਕਰਨ ਨੂੰ ਮਨਜ਼ੂਰ ਕੀਤਾ ਹੈ।
ਇਸ ਦੌਰਾਨ ਇੰਡੀਆ ਗੱਠਜੋੜ ਨੇ ਇੱਕ ਜੂਨ ਨੂੰ ਆਪਣੀ ਮੀਟਿੰਗ ਸੱਦ ਲਈ ਹੈ। ਇਸ ਮੀਟਿੰਗ ਵਿੱਚ ਸਭ ਰਾਜਾਂ ਦੀ ਤਸਵੀਰ ਸਾਹਮਣੇ ਆ ਜਾਵੇਗੀ। ਇਸ ਮੀਟਿੰਗ ਵਿੱਚ ਜਨਤਾ ਦੇ ਫਤਵੇ ਨੂੰ ਸੱਤਾਧਾਰੀ ਧਿਰ ਚੋਰੀ ਨਾ ਕਰ ਲਏ, ਇਸ ਲਈ ਪੇਸ਼ਬੰਦੀ ਦੇ ਦਾਅਪੇਚ ਘੜੇ ਜਾਣਗੇ। ਚਾਰ ਜੂਨ ਨੂੰ ਗਿਣਤੀ ਵਿੱਚ ਕੋਈ ਘਪਲੇਬਾਜ਼ੀ ਨਾ ਹੋ ਜਾਵੇ, ਇਸ ਦੇ ਪ੍ਰਬੰਧ ਕੀਤੇ ਜਾਣਗੇ। ਚੋਣ ਕਮਿਸ਼ਨ, ਜਿਸ ਤਰ੍ਹਾਂ ਹਾਕਮ ਧਿਰ ਦੀ ਕਠਪੁਤਲੀ ਬਣਿਆ ਹੋਇਆ ਹੈ, ਨੇ ਇਸ ਸ਼ੱਕ ਨੂੰ ਪੱਕਾ ਕੀਤਾ ਹੈ ਕਿ ਸੱਤਾ ਬਚਾਉਣ ਲਈ ਹਾਕਮ ਧਿਰ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ। ਇਸ ਲਈ ਵਿਰੋਧੀ ਧਿਰਾਂ, ਸਮਾਜਿਕ ਸੰਗਠਨਾਂ ਤੇ ਖੁਦ ਵੋਟਰਾਂ ਨੂੰ ਜਨ-ਫਤਵੇ ਦੀ ਰਾਖੀ ਲਈ ਪੂਰੀ ਮੁਸਤੈਦੀ ਵਰਤਣੀ ਹੋਵੇਗੀ।
-ਚੰਦ ਫਤਿਹਪੁਰੀ