ਤਿੰਨ ਆਜ਼ਾਦ ਵਿਧਾਇਕਾਂ ਦੇ ਅਸਤੀਫੇ ਮਨਜ਼ੂਰ ਹੋਣ ਨਾਲ ਸੁੱਖੂ ਸਰਕਾਰ ਮਜ਼ਬੂਤ

0
193

ਸ਼ਿਮਲਾ : ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦੇ ਸਪੀਕਰ ਕੁਲਦੀਪ ਸਿੰਘ ਪਠਾਨੀਆ ਨੇ ਸੋਮਵਾਰ ਤਿੰਨ ਆਜ਼ਾਦ ਉਮੀਦਵਾਰਾਂ ਹੁਸ਼ਿਆਰ ਸਿੰਘ (ਦੇਹਰਾ), ਆਸ਼ੀਸ਼ ਸ਼ਰਮਾ (ਹਮੀਰਪੁਰ) ਤੇ ਕੇ ਐੱਲ ਠਾਕੁਰ (ਨਾਲਾਗੜ੍ਹ) ਦੇ ਅਸਤੀਫੇ ਮਨਜ਼ੂਰ ਕਰ ਲਏ, ਜਿਨ੍ਹਾਂ ਨੇ 27 ਫਰਵਰੀ ਰਾਜ ਸਭਾ ਦੀ ਚੋਣ ਵਿਚ ਛੇ ਬਾਗੀ ਕਾਂਗਰਸੀ ਵਿਧਾਇਕਾਂ ਨਾਲ ਮਿਲ ਕੇ ਭਾਜਪਾ ਉਮੀਦਵਾਰ ਦੇ ਹੱਕ ਵਿਚ ਵੋਟਾਂ ਪਾਈਆਂ ਸਨ।
ਪਠਾਨੀਆ ਨੇ ਕਿਹਾ ਕਿ ਤਿੰਨਾਂ ਆਜ਼ਾਦ ਵਿਧਾਇਕਾਂ ਦੇ ਅਸਤੀਫੇ ਮਨਜ਼ੂਰ ਕਰ ਲਏ ਗਏ ਹਨ ਤੇ ਹੁਣ ਇਹ ਵਿਧਾਨ ਸਭਾ ਦੇ ਮੈਂਬਰ ਨਹੀਂ ਰਹੇ। ਇਨ੍ਹਾਂ ਵਿਧਾਇਕਾਂ ਨੇ 22 ਮਾਰਚ ਨੂੰ ਅਸਤੀਫੇ ਦਿੱਤੇ ਸਨ ਪਰ ਸਪੀਕਰ ਨੇ ਇਹ ਕਹਿੰਦਿਆਂ ਮਨਜ਼ੂਰ ਨਹੀਂ ਕੀਤੇ ਸਨ ਕਿ ਕਾਂਗਰਸ ਵਿਧਾਇਕ ਪਾਰਟੀ ਨੇ ਲਿਖ ਕੇ ਦਿੱਤਾ ਹੈ ਕਿ ਇਨ੍ਹਾਂ ਆਪਣੀ ਮਰਜ਼ੀ ਨਾਲ ਨਹੀਂ, ਸਗੋਂ ਦਬਾਅ ਹੇਠ ਅਸਤੀਫੇ ਦਿੱਤੇ ਹਨ। ਤਿੰਨੇ ਆਜ਼ਾਦ ਵਿਧਾਇਕ ਅਸਤੀਫੇ ਦੇਣ ਦੇ ਅਗਲੇ ਦਿਨ ਭਾਜਪਾ ਵਿਚ ਸ਼ਾਮਲ ਹੋ ਗਏ ਸਨ।
ਤਿੰਨਾਂ ਆਜ਼ਾਦਾਂ ਦੇ ਅਸਤੀਫੇ ਮਨਜ਼ੂਰ ਹੋਣ ਤੋਂ ਬਾਅਦ ਵਿਧਾਨ ਸਭਾ ਵਿਚ ਮੈਂਬਰਾਂ ਦੀ ਗਿਣਤੀ ਘਟ ਕੇ 59 ਰਹਿ ਗਈ ਹੈ। ਕਾਂਗਰਸ ਦੇ 34 ਤੇ ਭਾਜਪਾ ਦੇ 25 ਵਿਧਾਇਕ ਹਨ ਜਦਕਿ ਜਿਨ੍ਹਾਂ ਛੇ ਬਾਗੀ ਕਾਂਗਰਸੀ ਵਿਧਾਇਕਾਂ ਨੂੰ ਸਪੀਕਰ ਨੇ ਪਹਿਲਾਂ ਅਯੋਗ ਕਰਾਰ ਦੇ ਦਿੱਤਾ ਸੀ, ਉਨ੍ਹਾਂ ਦੀ ਕਿਸਮਤ ਦਾ ਫੈਸਲਾ ਚਾਰ ਜੂਨ ਨੂੰ ਹੋਣਾ ਹੈ। ਲੋਕ ਸਭਾ ਚੋਣਾਂ ਦੇ ਨਾਲ ਹੀ ਇਨ੍ਹਾਂ ਛੇਆਂ ਦੇ ਹਲਕਿਆਂ ਵਿਚ ਵੀ ਚੋਣਾਂ ਕਰਾ ਦਿੱਤੀਆਂ ਗਈਆਂ ਸਨ। ਤਿੰਨ ਆਜ਼ਾਦਾਂ ਦੇ ਅਸਤੀਫੇ ਮਨਜ਼ੂਰ ਹੋਣ ਨਾਲ ਸੁਖਵਿੰਦਰ ਸਿੰਘ ਸੁੱਖੂ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਲਈ ਖਤਰਾ ਕਾਫੀ ਟਲ ਗਿਆ ਹੈ। ਜੇ ਭਾਜਪਾ ਵੱਲੋਂ ਲੜੇ ਛੇ ਬਾਗੀ ਕਾਂਗਰਸੀ ਚੋਣ ਜਿੱਤ ਵੀ ਜਾਂਦੇ ਹਨ ਤਾਂ ਭਾਜਪਾ ਦੀ ਕੁਲ ਗਿਣਤੀ 31 ਹੋਵੇਗੀ, ਜਦਕਿ ਕਾਂਗਰਸ ਕੋਲ 34 ਵਿਧਾਇਕ ਹਨ।

LEAVE A REPLY

Please enter your comment!
Please enter your name here