27.5 C
Jalandhar
Friday, October 18, 2024
spot_img

ਜ਼ਿਮਨੀ ਚੋਣਾਂ ’ਚ ਚਾਰ ਕਾਂਗਰਸੀ ਉਮੀਦਵਾਰ ਜਿੱਤਣ ਨਾਲ ਸੁੱਖੂ ਸਰਕਾਰ ਤੋਂ ਖਤਰੇ ਦੇ ਬੱਦਲ ਛਟੇ

ਸ਼ਿਮਲਾ : ਹਾਲਾਂਕਿ ਕਾਂਗਰਸ ਹਿਮਾਚਲ ਪ੍ਰਦੇਸ਼ ਵਿਚ ਚਾਰੇ ਲੋਕ ਸਭਾ ਸੀਟਾਂ ਹਾਰ ਗਈ, ਪਰ ਅਸੰਬਲੀ ਦੀਆਂ ਛੇ ਸੀਟਾਂ ਲਈ ਹੋਈਆਂ ਜ਼ਿਮਨੀ ਚੋਣਾਂ ਵਿਚ ਚਾਰ ਸੀਟਾਂ ’ਤੇ ਜਿੱਤ ਨਾਲ ਸੁਖਵਿੰਦਰ ਸਿੰਘ ਸੁੱਖੂ ਦੀ ਸਰਕਾਰ ’ਤੇ ਖਤਰੇ ਦੇ ਬੱਦਲ ਛਟ ਗਏ ਹਨ। ਰਾਜ ਸਭਾ ਚੋਣ ਦੌਰਾਨ ਛੇ ਕਾਂਗਰਸੀ ਵਿਧਾਇਕਾਂ ਨੇ ਭਾਜਪਾ ਉਮੀਦਵਾਰ ਦੇ ਹੱਕ ਵਿਚ ਵੋਟ ਪਾ ਦਿੱਤੀ ਸੀ ਤੇ ਕਾਂਗਰਸ ਨੇ ਬਜਟ ਪਾਸ ਕਰਨ ਵੇਲੇ ਵ੍ਹਿੱਪ ਨਾ ਮੰਨਣ ’ਤੇ ਇਨ੍ਹਾਂ ਵਿਧਾਇਕਾਂ ਨੂੰ ਸਪੀਕਰ ਤੋਂ ਅਯੋਗ ਕਰਾਰ ਦਿਵਾ ਦਿੱਤਾ ਸੀ। ਨਤੀਜੇ ਵਜੋਂ ਜ਼ਿਮਨੀ ਚੋਣਾਂ ਕਰਾਉਣੀਆਂ ਪਈਆਂ। ਭਾਜਪਾ ਨੇ ਅਯੋਗ ਠਹਿਰਾਏ ਸਾਰੇ ਕਾਂਗਰਸੀ ਵਿਧਾਇਕਾਂ ਨੂੰ ਆਪਣਾ ਉਮੀਦਵਾਰ ਐਲਾਨਿਆ ਸੀ। ਸੁਜਾਨਪੁਰ ਹਲਕੇ ਵਿਚ ਕਾਂਗਰਸ ਦੇ ਕੈਪਟਨ ਰਣਜੀਤ ਸਿੰਘ ਨੇ ਭਾਜਪਾ ਦੇ ਰਜਿੰਦਰ ਰਾਣਾ ਨੂੰ 2440 ਵੋਟਾਂ ਨਾਲ ਹਰਾਇਆ। ਕੈਪਟਨ ਨੂੰ 29529 ਵੋਟਾਂ ਮਿਲੀਆਂ। ਗਗਰੇਟ ਤੋਂ ਕਾਂਗਰਸ ਦੇ ਰਾਕੇਸ਼ ਕਾਲੀਆ ਨੇ ਭਾਜਪਾ ਦੇ ਚੈਤਨਯ ਸ਼ਰਮਾ ਨੂੰ 8487 ਵੋਟਾਂ ਨਾਲ ਹਰਾਇਆ। ਕਾਲੀਆ ਨੂੰ 335768 ਵੋਟਾਂ ਮਿਲੀਆਂ। ਕੁਟਲੈਹੜ ਤੋਂ ਕਾਂਗਰਸ ਦੇ ਵਿਵੇਕ ਸ਼ਰਮਾ ਉਰਫ ਵਿੱਕੂ ਨੇ ਭਾਜਪਾ ਦੇ ਦਵਿੰਦਰ ਸਿੰਘ ਭੁੱਟੋ ਨੂੰ 5356 ਵੋਟਾਂ ਨਾਲ ਹਰਾਇਆ। ਵਿੱਕੂ ਨੂੰ 36853 ਵੋਟਾਂ ਪਈਆਂ। ਲਾਹੌਲ ਸਪਿਤੀ ਤੋਂ ਕਾਂਗਰਸ ਦੀ ਅਨੁਰਾਧਾ ਰਾਣਾ ਨੇ ਆਜ਼ਾਦ ਡਾ. ਰਾਮ ਲਾਲ ਮਾਰਕੰਡਾ ਨੂੰ 1960 ਵੋਟਾਂ ਨਾਲ ਹਰਾਇਆ। ਰਾਣਾ ਨੂੰ 9114 ਵੋਟਾਂ ਮਿਲੀਆਂ। ਭਾਜਪਾ ਦੇ ਰਵੀ ਠਾਕੁਰ ਨੂੰ 3049 ਵੋਟਾਂ ਮਿਲੀਆਂ। ਬੜਸਰ ਤੋਂ ਭਾਜਪਾ ਦੇ ਇੰਦਰ ਦੱਤ ਲਖਨਪਾਲ ਨੇ ਕਾਂਗਰਸ ਦੇ ਸੁਭਾਸ਼ ਚੰਦਰ ਨੂੰ 2125 ਵੋਟਾਂ ਨਾਲ ਹਰਾਇਆ। ਲਖਨਪਾਲ ਨੂੰ 33086 ਵੋਟਾਂ ਮਿਲੀਆਂ। ਧਰਮਸ਼ਾਲਾ ਤੋਂ ਭਾਜਪਾ ਉਮੀਦਵਾਰ ਸੁਧੀਰ ਸ਼ਰਮਾ ਨੇ ਕਾਂਗਰਸ ਦੇ ਦਵਿੰਦਰ ਸਿੰਘ ਜੱਗੀ ਨੂੰ 5526 ਵੋਟਾਂ ਨਾਲ ਹਰਾਇਆ। ਸ਼ਰਮਾ ਨੂੰ 28066 ਵੋਟਾਂ ਪਈਆਂ। ਹਿਮਾਚਲ ਅਸੰਬਲੀ 68 ਮੈਂਬਰਾਂ ਦੀ ਹੈ। ਤਿੰਨ ਆਜ਼ਾਦ ਉਮੀਦਵਾਰਾਂ ਨੇ ਵੀ ਰਾਜ ਸਭਾ ਚੋਣ ਵਿਚ ਭਾਜਪਾ ਉਮੀਦਵਾਰ ਦੇ ਹੱਕ ਵਿਚ ਵੋਟ ਪਾਈ ਸੀ। ਉਸ ਤੋਂ ਬਾਅਦ ਉਨ੍ਹਾਂ ਅਸੰਬਲੀ ਤੋਂ ਅਸਤੀਫਾ ਦੇ ਦਿੱਤਾ ਸੀ। ਉਨ੍ਹਾਂ ਦੇ ਅਸਤੀਫੇ ਸਪੀਕਰ ਨੇ ਲੋਕ ਸਭਾ ਚੋਣਾਂ ਦੇ ਐਲਾਨ ਮੌਕੇ ਮਨਜ਼ੂਰ ਨਹੀਂ ਕੀਤੇ ਸਨ। ਨਤੀਜਿਆਂ ਤੋਂ ਪਹਿਲਾਂ ਅਸਤੀਫੇ ਮਨਜ਼ੂਰ ਕੀਤੇ। ਇਨ੍ਹਾਂ ਹਲਕਿਆਂ ਵਿਚ ਜ਼ਿਮਨੀ ਚੋਣਾਂ ਹੋਣਗੀਆਂ। ਇਸ ਤਰ੍ਹਾਂ ਅਸੰਬਲੀ 65 ਮੈਂਬਰਾਂ ਦੀ ਰਹਿ ਗਈ ਹੈ। ਚਾਰ ਸੀਟਾਂ ਜਿੱਤਣ ਨਾਲ ਕਾਂਗਰਸ ਦੀ ਤਾਕਤ 38 ਤੇ ਦੋ ਸੀਟਾਂ ਜਿੱਤਣ ਨਾਲ ਭਾਜਪਾ ਦੀ ਤਾਕਤ 27 ਹੋ ਗਈ ਹੈ। ਜੇ ਬਾਅਦ ਵਿਚ ਹੋਣ ਵਾਲੀਆਂ ਜ਼ਿਮਨੀ ਚੋਣਾਂ ਵਿਚ ਤਿੰਨੇ ਕਾਂਗਰਸੀ ਉਮੀਦਵਾਰ ਹਾਰ ਵੀ ਜਾਣ ਤਾਂ ਵੀ ਕਾਂਗਰਸ ਸਰਕਾਰ ਨੂੰ ਖਤਰਾ ਨਹੀਂ ਹੋਵੇਗਾ।

Related Articles

LEAVE A REPLY

Please enter your comment!
Please enter your name here

Latest Articles