ਬੁਢਲਾਡਾ (ਅਸ਼ੋਕ ਲਾਕੜਾ) : ਕੇਂਦਰ ਦੀ ਮੋਦੀ ਸਰਕਾਰ ਜਦੋਂ ਤੋਂ ਰਾਜ ਸੱਤਾ ‘ਤੇ ਸਥਾਪਤ ਹੋਈ ਹੈ, ਉਸ ਸਮੇਂ ਤੋਂ ਦੇਸ਼ ਦੇ ਹਰ ਵਰਗ ਦੇ ਲੋਕਾਂ ਵਿੱਚ ਅਰਾਜਕਤਾ ਅਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ, ਭਾਜਪਾ ਆਪਣੇ ਫਿਰਕੂ ਏਜੰਡੇ ਨੂੰ ਲਾਗੂ ਕਰਨ ਲਈ ਲੋਕਤੰਤਰ ਅਤੇ ਸੰਵਿਧਾਨ ਦੀਆਂ ਧੱਜੀਆਂ ਉਡਾ ਕੇ ਲਗਾਤਾਰ ਫ਼ਾਸ਼ੀਵਾਦੀ ਹਮਲਿਆਂ ਰਾਹੀਂ ਫਿਰਕਾਪ੍ਰਸਤੀ ਤਹਿਤ ਧਾਰਮਿਕ ਅਤੇ ਜਾਤੀ ਵੰਡ ਕਰਾ ਰਹੀ ਹੈ, ਜਿਸ ਖਿਲਾਫ਼ ਸਾਰੀਆਂ ਧਰਮ ਨਿਰਪੱਖ ਤੇ ਸੰਘਰਸ਼ਸ਼ੀਲ ਤਾਕਤਾਂ ਨੂੰ ਏਕਤਾ ਕਰਕੇ ਸੰਘਰਸ਼ ਕਰਨਾ ਸਮੇਂ ਦੀ ਮੁੱਖ ਲੋੜ ਹੈ | ਉਕਤ ਸ਼ਬਦਾਂ ਦਾ ਪ੍ਰਗਟਾਵਾ ਸੀ.ਪੀ.ਆਈ. ਦੇ ਨੈਸ਼ਨਲ ਕੌਂਸਲ ਮੈਂਬਰ ਤੇ ਸਾਬਕਾ ਵਿਧਾਇਕ ਕਾ. ਹਰਦੇਵ ਸਿੰਘ ਅਰਸ਼ੀ ਨੇ ਤਹਿਸੀਲ ਕਮੇਟੀ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ | ਉਨ੍ਹਾ ਕਿਹਾ ਕਿ ਪਾਰਟੀ ਦੀ ਭਵਿੱਖੀ ਰਾਜਨੀਤਕ ਯੁੱਧਨੀਤੀ 14 ਅਕਤੂਬਰ ਤੋਂ 18 ਅਕਤੂਬਰ ਨੂੰ ਆਂਧਰਾ ਪ੍ਰਦੇਸ਼ ਦੇ ਵਿਜੈਵਾੜਾ ਸ਼ਹਿਰ ਵਿੱਚ ਮਹਾਂ ਸੰਮੇਲਨ ਮੌਕੇ ਤੈਅ ਕਰੇਗੀ | ਇਸ ਸਮੇਂ ਜ਼ਿਲ੍ਹਾ ਸਕੱਤਰ ਕਾ: ਕਿ੍ਸ਼ਨ ਚੌਹਾਨ ਨੇ ਕਿਹਾ ਕਿ ਪਾਰਟੀ ਦੀਆਂ ਜੱਥੇਬੰਦਕ ਚੋਣਾਂ ਸੰਬੰਧੀ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ ਅਤੇ ਪਾਰਟੀ ਪ੍ਰੋਗਰਾਮ ਨੂੰ ਘਰ-ਘਰ ਲੈ ਕੇ ਜਾਣ ਲਈ ਹਰ ਸੰਭਵ ਯਤਨ ਕੀਤੇ ਜਾਣਗੇ | ਤਹਿਸੀਲ ਸਕੱਤਰ ਕਾ: ਵੇਦ ਪ੍ਰਕਾਸ਼ ਵੱਲੋਂ ਪਿਛਲੇ ਸਮੇਂ ਦੇ ਲੇਖੇ-ਜੋਖੇ ਦੀ ਰਿਪੋਰਟ ਪੇਸ਼ ਕੀਤੀ | ਹਾਜ਼ਰ ਮੈਂਬਰਾਂ ਵੱਲੋਂ ਬਹਿਸ ਦੌਰਾਨ ਵਾਧੇ ਦਰਜ ਕਰਵਾ ਕੇ ਪ੍ਰਵਾਨਤ ਰਿਪੋਰਟ ਪਾਸ ਕੀਤੀ ਗਈ | 31 ਅਗਸਤ ਦੇ ਰੇਲ ਰੋਕੋ ਪ੍ਰੋਗਰਾਮ ਅਤੇ 1 ਅਗਸਤ ਦੇ ਮਜ਼ਦੂੂਰ ਵਿਰੋਧੀ ਦਿਵਸ ਮੌਕੇ ਸਾਥੀ ਸ਼ਾਮਲ ਕਰਨ ਸੰਬੰਧੀ ਡਿਊਟੀਆਂ ਲਗਾਈਆਂ ਗਈਆਂ ਅਤੇ 6 ਅਗਸਤ ਨੂੰ ਹੋਣ ਵਾਲੀ ਤਹਿਸੀਲ ਕਾਨਫਰੰਸ ਦੀ ਸਫਲ਼ਤਾ ਲਈ ਅੰਤਿਮ ਛੋਹਾਂ ਦਿੱਤੀਆਂ ਗਈਆਂ | ਮੀਟਿੰਗ ਦੀ ਪ੍ਰਧਾਨਗੀ ਮੱਖਣ ਰੰਘੜਿਆਲ ਨੇ ਕੀਤੀ |
ਇਸ ਮੌਕੇ ਹੋਰਨਾਂ ਤੋਂ ਇਲਾਵਾ ਸੀਤਾ ਰਾਮ ਗੋਬਿੰਦਪੁਰਾ, ਮਲਕੀਤ ਮੰਦਰਾਂ, ਮਨਜੀਤ ਕੌਰ ਗਾਮੀਵਾਲਾ, ਚਿਮਨ ਲਾਲ ਕਾਕਾ, ਬੰਬੂ ਸਿੰਘ, ਜੱਗਾ ਸ਼ੇਰਖਾਂਵਾਲਾ, ਰਾਜਵਿੰਦਰ ਸਿੰਘ ਚੱਕ ਭਾਈਕੇ, ਹਰੀ ਸਿੰਘ ਅੱਕਾਂਵਾਲੀ, ਗੋਰਾ ਸਿੰਘ ਟਾਹਲੀਆਂ, ਪਵਨ ਕੁਮਾਰ ਤੇ ਸੰਤੋਸ਼ ਰਾਣੀ ਬੁਢਲਾਡਾ ਹਾਜ਼ਰ ਸਨ |