ਨਵੀਂ ਦਿੱਲੀ : ਭਾਜਪਾ ਦੀ ਅਗਵਾਈ ਵਾਲਾ ਐੱਨ ਡੀ ਏ ਬਹੁਮਤ ਲਈ ਲੋੜੀਂਦੀਆਂ 272 ਸੀਟਾਂ ਤੋਂ 21 ਸੀਟਾਂ ਵੱਧ 291 ਸੀਟਾਂ ਜਿੱਤ ਕੇ ਤੀਜੀ ਵਾਰ ਸਰਕਾਰ ਬਣਾਉਣ ਦੀ ਫੁੱਲ ਤਿਆਰੀ ਖਿੱਚੀ ਬੈਠਾ ਹੈ, ਪਰ ਜ਼ਬਰਦਸਤ ਪ੍ਰਦਰਸ਼ਨ ਕਰਨ ਵਾਲਾ ਆਪੋਜ਼ੀਸ਼ਨ ਪਾਰਟੀਆਂ ਦਾ ਗੱਠਜੋੜ ‘ਇੰਡੀਆ’ ਵੀ 234 ਸੀਟਾਂ ਜਿੱਤ ਕੇ ਉਸ ਨੂੰ ਰੋਕਣ ਲਈ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ। ਉਹ ਐੱਨ ਡੀ ਏ ਵਿਚ ਸ਼ਾਮਲ ਨਿਤੀਸ਼ ਕੁਮਾਰ ਦੇ ਜਨਤਾ ਦਲ (ਯੂ) ਤੇ ਚੰਦਰਬਾਬੂ ਨਾਇਡੂ ਦੇ ਤੇਲਗੂ ਦੇਸਮ ਨੂੰ ਆਪਣੇ ਨਾਲ ਰਲਾਉਣ ਦੀ ਕੋਸ਼ਿਸ਼ ਵਿਚ ਹੈ, ਜਿਨ੍ਹਾਂ ਕ੍ਰਮਵਾਰ 12 ਤੇ 16 ਸੀਟਾਂ ਜਿੱਤੀਆਂ ਹਨ। ਇਹ 28 ਸੀਟਾਂ ਘਟਣ ਦੀ ਸੂਰਤ ਵਿਚ ਐੱਨ ਡੀ ਏ ਦੀ ਤਾਕਤ 263 ਰਹਿ ਜਾਵੇਗੀ, ਯਾਨੀ ਕਿ ਬਹੁਮਤ ਤੋਂ 9 ਸੀਟਾਂ ਘੱਟ।
ਹਾਲਾਂਕਿ ਐੱਨ ਡੀ ਏ ਨੂੰ 291 ਸੀਟਾਂ ਮਿਲੀਆਂ ਹਨ, ਪਰ ਸੀਟਾਂ ਦੀ ਗਿਣਤੀ-ਮਿਣਤੀ ਦੱਸਦੀ ਹੈ ਕਿ ਵੋਟਰਾਂ ਨੇ ਅਸਲ ਵਿਚ ਭਾਜਪਾ ਤੇ ਕਾਂਗਰਸ ਦੇ ਮੁਕਾਬਲੇ ਇਲਾਕਾਈ ਪਾਰਟੀਆਂ ਨੂੰ ਮਜ਼ਬੂਤ ਕਰਨ ਦੇ ਹੱਕ ਵਿਚ ਫਤਵਾ ਦਿੱਤਾ ਹੈ। ਭਾਜਪਾ ਦੀਆਂ 240 ਤੇ ਕਾਂਗਰਸ ਦੀਆਂ 99 ਸੀਟਾਂ ਜੋੜ ਲਈਆਂ ਜਾਣ ਤਾਂ 339 ਬਣਦੀਆਂ ਹਨ। ਕੁਲ 543 ਵਿੱਚੋਂ 339 ਘਟਾਉਣ ਨਾਲ 204 ਸੀਟਾਂ ਇਲਾਕਾਈ ਪਾਰਟੀਆਂ ਤੇ ਆਜ਼ਾਦਾਂ ਦੇ ਹੱਕ ਵਿਚ ਗਈਆਂ ਹਨ। ਇਲਾਕਾਈ ਪਾਰਟੀਆਂ ਨੂੰ ਏਨੀਆਂ ਸੀਟਾਂ ਮਿਲਣੀਆਂ ਮੋਦੀ ਦੇ 10 ਸਾਲਾ ਰਾਜ ਵਿਚ ਫੈਡਰਲਿਜ਼ਮ ਨੂੰ ਲਾਏ ਗਏ ਖੋਰੇ ਖਿਲਾਫ ਲੋਕਾਂ ਦੇ ਗੁੱਸੇ ਨੂੰ ਦਰਸਾਉਦਾ ਹੈ। ਬਹੁਲਤਾਵਾਦ ਨੂੰ ਪ੍ਰਣਾਏ ਦੇਸ਼ ਵਾਸੀਆਂ ਨੇ ਡਿਕਟੇਟਰਸ਼ਿਪ ਨੂੰ ਕਦੇ ਬਰਦਾਸ਼ਤ ਨਹੀਂ ਕੀਤਾ। ਜਦੋਂ ਵੀ ਕਾਂਗਰਸ ਤਾਨਾਸ਼ਾਹੀ ’ਤੇ ਉਤਾਰੂ ਹੋਈ, ਉਨ੍ਹਾਂ ਕੁਲੀਸ਼ਨ ਸਰਕਾਰਾਂ ਦੇ ਹੱਥ ਸੱਤਾ ਸੌਂਪਣ ਨੂੰ ਤਰਜੀਹ ਦਿੱਤੀ। ਇਸ ਵਾਰ ਦੇ ਨਤੀਜੇ ਵੀ ਇਸੇ ਦਾ ਸੰਕੇਤ ਹਨ। ਜਦੋਂ-ਜਦੋਂ ਕੁਲੀਸ਼ਨ ਸਰਕਾਰਾਂ ਬਣੀਆਂ, ਸੂਬਿਆਂ ਦੇ ਹਿੱਤਾਂ ਦੀ ਰਾਖੀ ਹੋਈ, ਜਦਕਿ ਇਕ ਪਾਰਟੀ ਰਾਜ ਵਿਚ ਉਨ੍ਹਾਂ ਦੇ ਹਿੱਤਾਂ ’ਤੇ ਡਾਕੇ ਵੱਜੇ।
ਹਾਲਾਂਕਿ ਇਸ ਵਾਰ ਲੜਾਈ ਮੁੱਖ ਤੌਰ ’ਤੇ ਦੋ ਧੜਿਆਂ ਐੱਨ ਡੀ ਏ ਤੇ ਇੰਡੀਆ ਵਿਚਾਲੇ ਹੋਈ, ਪਰ ਹੈਰਾਨੀ ਨਹੀਂ ਹੋਵੇਗੀ ਜੇ ਨਤੀਜਿਆਂ ਤੋਂ ਬਾਅਦ ਤੀਜਾ ਮੋਰਚਾ ਉਭਰ ਕੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰ ਦੇਵੇ। ਇਸ ਨਾਲ ਵਧੀਆ ਪ੍ਰਦਰਸ਼ਨ ਕਰਨ ਵਾਲੀਆਂ ਇਲਾਕਾਈ ਪਾਰਟੀਆਂ ਆਪਣੇ ਸੂਬਿਆਂ ਦੀ ਵਧੀਆ ਸੇਵਾ ਕਰ ਸਕਣਗੀਆਂ। ਮਮਤਾ ਬੈਨਰਜੀ ਦੀ ਤਿ੍ਰਣਮੂਲ ਕਾਂਗਰਸ, ਸ਼ਰਦ ਪਵਾਰ ਦੀ ਐੱਨ ਸੀ ਪੀ, ਊਧਵ ਠਾਕਰੇ ਦੀ ਸ਼ਿਵ ਸੈਨਾ, ਨਵੀਨ ਪਟਨਾਇਕ ਦਾ ਬੀਜੂ ਜਨਤਾ ਦਲ, ਉੱਤਰ-ਪੂਰਬ ਦੀਆਂ ਇਲਾਕਾਈ ਪਾਰਟੀਆਂ, ਅਕਾਲੀ ਦਲ ਤੇ ਆਜ਼ਾਦ ਉਮੀਦਵਾਰਾਂ ਲਈ ਤੀਜਾ ਮੋਰਚਾ ਕਾਫੀ ਮੁਫੀਦ ਸਾਬਤ ਹੋ ਸਕਦਾ ਹੈ। ਕਾਂਗਰਸ ਬਾਹਰੋਂ ਹਮਾਇਤ ਕਰ ਦੇਵੇ ਤਾਂ ਮੋਰਚੇ ਦੀ ਸਰਕਾਰ ਆਸਾਨੀ ਨਾਲ ਬਣ ਸਕਦੀ ਹੈ। ਇਸ ਮੋਰਚੇ ਵਿਚ ਸ਼ਾਮਲ ਹੋਣ ਤੋਂ ਉਹ ਪਾਰਟੀਆਂ ਵੀ ਇਨਕਾਰੀ ਨਹੀਂ ਹੋਣਗੀਆਂ, ਜਿਹੜੀਆਂ ਕਾਂਗਰਸ ਵਿਰੋਧ ਨਾਲ ਪੈਦਾ ਹੋਈਆਂ ਹਨ। ਤੀਜਾ ਮੋਰਚਾ ਬਣਨ ਨਾਲ ਨਿਤੀਸ਼ ਕੁਮਾਰ ਵਰਗੇ ਨੂੰ ਪ੍ਰਧਾਨ ਮੰਤਰੀ ਬਣਨ ਤੇ ਚੰਦਰਬਾਬੂ ਨਾਇਡੂ ਨੂੰ ਅਹਿਮ ਅਹੁਦੇ ਹਾਸਲ ਕਰਨ ਵਿਚ ਕੋਈ ਮੁਸ਼ਕਲ ਨਹੀਂ ਹੋਵੇਗੀ ਤੇ ਉਹ ਆਪਣੇ ਸੂਬਿਆਂ ਲਈ ਵਿਸ਼ੇਸ਼ ਆਰਥਕ ਪੈਕੇਜ ਵੀ ਮਨਜ਼ੂਰ ਕਰਵਾ ਸਕਣਗੇ, ਜਿਹੜੇ ਮੋਦੀ ਨੇ ਵਾਅਦੇ ਕਰਕੇ ਵੀ ਨਹੀਂ ਦਿੱਤੇ।
ਹਾਲਾਂਕਿ ਇਹ ਕਿਆਸਅਰਾਈਆਂ ਹਨ, ਪਰ ਅੱਜਕੱਲ੍ਹ ਭਾਰਤੀ ਸਿਆਸਤ ਵਿਚ ਖੇਲਾ ਹੋ ਰਿਹਾ ਹੈ ਤੇ ਹੈਰਾਨੀ ਨਹੀਂ ਹੋਵੇਗੀ ਜੇ ਤੀਜੇ ਮੋਰਚੇ ਵਾਲਾ ਖੇਲਾ ਹੋ ਜਾਵੇ।


