38.9 C
Jalandhar
Thursday, June 13, 2024
spot_img

ਬੇਟੀ-ਬਾਪ ਦਾ ਸੰਦੇਸ਼

ਵੱਡੇ ਇਮਤਿਹਾਨਾਂ ਵਿਚ ਸਫਲਤਾ ਹਾਸਲ ਨਾ ਕਰ ਸਕਣ ਕਾਰਨ ਸਮਝਦਾਰ ਹੋਣ ਦੇ ਬਾਵਜੂਦ ਕਈ ਪ੍ਰੀਖਿਆਰਥੀ ਖੁਦਕੁਸ਼ੀਆਂ ਕਰ ਲੈਂਦੇ ਹਨ | ਉਹ ਸੋਚਦੇ ਹਨ ਕਿ ਆਪਣੇ ਮਾਂ-ਬਾਪ ਦੀ ਇੱਛਾ ਪੂਰੀ ਨਹੀਂ ਕਰ ਸਕੇ, ਜਿਨ੍ਹਾਂ ਨੇ ਕਰਜ਼ੇ ਚੱੁਕ ਕੇ ਤੇ ਆਪਣਾ ਸਾਰਾ ਕੁਝ ਦਾਅ ‘ਤੇ ਲਾ ਕੇ ਉਨ੍ਹਾਂ ਦੀਆਂ ਫੀਸਾਂ ਭਰੀਆਂ | ਮਨੋਵਿਗਿਆਨੀ ਲਗਾਤਾਰ ਕਹਿੰਦੇ ਆ ਰਹੇ ਹਨ ਕਿ ਮਾਂ-ਬਾਪ ਬੱਚਿਆਂ ਤੋਂ ਉਹ ਆਸ ਨਾ ਰੱਖਣ, ਜੋ ਉਹ ਪੂਰੀ ਨਹੀਂ ਕਰ ਸਕਦੇ | ਉਨ੍ਹਾਂ ਨੂੰ ਧੱਕੇ ਨਾਲ ਡਾਕਟਰ, ਇੰਜੀਨੀਅਰ, ਆਈ ਏ ਐੱਸ ਤੇ ਆਈ ਪੀ ਐੱਸ ਬਣਨ ਲਈ ਮਜਬੂਰ ਨਾ ਕਰਨ | ਫਿਰ ਵੀ ਖੁਦਕੁਸ਼ੀਆਂ ਦਾ ਵਰਤਾਰਾ ਜਾਰੀ ਹੈ | ਇਸ ਦਰਮਿਆਨ ਮੱਧ ਪ੍ਰਦੇਸ਼ ਦੇ ਗ੍ਰਹਿ ਸਕੱਤਰ ਓਮ ਪ੍ਰਕਾਸ਼ ਸ੍ਰੀਵਾਸਤਵ ਅਤੇ ਉਨ੍ਹਾ ਦੀ ਬੇਟੀ ਸ਼ਰੂਤੀ, ਜੋ ਆਈ ਏ ਐੱਸ ਦੀ ਪ੍ਰੀਖਿਆ ਪਾਸ ਨਹੀਂ ਕਰ ਸਕੀ, ਵਿਚਾਲੇ ਪੋਸਟ-ਵਿਹਾਰ ਨੇ ਇਸ ਵਰਤਾਰੇ ਨੂੰ ਰੋਕਣ ਦਾ ਇਕ ਅਹਿਮ ਸੰਦੇਸ਼ ਦਿੱਤਾ ਹੈ | ਸ਼ਰੂਤੀ ਨੇ ਆਪਣੀ ਇੰਟਰਵਿਊ ਦੌਰਾਨ ਯੂ ਪੀ ਐੱਸ ਸੀ ਧੌਲਪੁਰ ਹਾਊਸ ਅੱਗੇ ਖੜ੍ਹੇ ਹੋ ਕੇ ਕੁਝ ਤਸਵੀਰਾਂ ਖਿੱਚੀਆਂ ਤੇ ਚੋਣ ਨਾ ਹੋਣ ‘ਤੇ ਉਨ੍ਹਾਂ ਨੂੰ ਆਪਣੇ ਵਰਗੇ ਪ੍ਰੀਖਿਆਰਥੀਆਂ ਨਾਲ ਸ਼ੇਅਰ ਕਰਕੇ ਲਿਖਿਆ ਕਿ ਮੇਰੀ ਚੋਣ ਨਹੀਂ ਹੋਈ | ਫਿਰ ਵੀ ਤਸਵੀਰਾਂ ਪੋਸਟ ਕਰ ਰਹੀ ਹਾਂ | ਮੈਂ ਆਪਣੀ ਅਸਫਲਤਾ ਲੁਕੋਣੀ ਨਹੀਂ ਚਾਹੁੰਦੀ | ਪਰ ਅੱਗੇ ਵਧਣ ਦੀ ਇੱਛਾ ਅਜੇ ਵੀ ਹੈ ਤੇ ਤੁਸੀਂ ਵੀ ਅੱਗੇ ਵਧੋ |
ਇਸ ਦਾ ਆਈ ਏ ਐੱਸ ਪਿਤਾ ਓਮ ਪ੍ਰਕਾਸ਼ ਸ੍ਰੀਵਾਸਤਵ ਨੇ ਸੋਸ਼ਲ ਮੀਡੀਆ ‘ਤੇ ਜਵਾਬ ਇਹ ਦਿੱਤਾ—ਤੂੰ ਫੇਲ੍ਹ ਨਹੀਂ ਹੋਈ | ਤੂੰ ਇਕ ਉੱਚਾ ਟੀਚਾ ਮਿੱਥਿਆ ਸੀ ਤੇ ਦੇਸ਼ ਭਰ ਦੇ ਸਭ ਤੋਂ ਪ੍ਰਤਿਭਾਸ਼ਾਲੀ ਤੇ ਮਿਹਨਤੀ ਵਰਗ ਦੇ ਉਨ੍ਹਾਂ ਇਕ ਹਜ਼ਾਰ ਨੌਜਵਾਨਾਂ ਵਿਚ ਆਪਣੀ ਥਾਂ ਬਣਾਈ, ਜਿਹੜੇ ਕਠਿਨ ਪ੍ਰੀਖਿਆ ਦੇ ਆਖਰੀ ਦੌਰ ਵਿਚ ਪੁੁੱਜੇ ਸਨ | ਆਖਰੀ ਸਫਲਤਾ ਕਈ ਕਾਰਨਾਂ ‘ਤੇ ਨਿਰਭਰ ਕਰਦੀ ਹੈ, ਜੋ ਸਾਡੇ ਕੰਟਰੋਲ ਤੋਂ ਬਾਹਰ ਹੁੰਦੇ ਹਨ | ਇਸ ਨੂੰ ਹੀ ਕਿਸਮਤ ਕਹਿੰਦੇ ਹਨ | ਤੇਰੀ ਮਿਹਨਤ ਤੇ ਸ਼ਖਸੀਅਤ ਦਾ ਮੁਲੰਕਣ ਤਾਂ ਇੰਟਰਵਿਊ ਬੋਰਡ ਨੇ ਕੀਤਾ ਹੈ, ਜਿਸ ਨੇ ਤੈਨੂੰ 64 ਫੀਸਦੀ ਅੰਕ ਦਿੱਤੇ ਹਨ ਜਦਕਿ ਆਈ ਏ ਐੱਸ ਵਿਚ 49-50 ਫੀਸਦੀ ‘ਤੇ ਵੀ ਆਖਰੀ ਚੋਣ ਹੋ ਜਾਂਦੀ ਹੈ | ਤੂੰ 6 ਸਾਲ ਤੱਕ ਦਿਨ-ਰਾਤ ਮਿਹਨਤ ਕਰਕੇ ਜੋ ਚਾਹਿਆ ਸੀ ਤੇ ਜਿਸ ਦੇ ਮਿਲਣ ਦੀ ਪੂਰੀ ਸੰਭਾਵਨਾ ਸੀ, ਉਹ ਇਕ ਝਟਕੇ ਵਿਚ ਸਮਾਪਤ ਹੋ ਗਿਆ ਪਰ ਨਤੀਜਾ ਆਉਣ ਦੇ ਦੋ ਦਿਨ ਬਾਅਦ ਜਿਸ ਜਜ਼ਬੇ ਨਾਲ ਤੂੰ ਪਰਵਾਰਕ ਵਿਆਹ ਸਮਾਹੋਰ ਵਿਚ ਹਿੱਸਾ ਲਿਆ, ਡਾਂਸ ਕੀਤਾ ਤੇ ਕਿਸੇ ਨੂੰ ਮਹਿਸੂਸ ਨਹੀਂ ਹੋਣ ਦਿੱਤਾ ਕਿ ਦੋ ਦਿਨ ਪਹਿਲਾਂ ਤੈਨੂੰ ਕਿੰਨਾ ਵੱਡਾ ਧੱਕਾ ਲੱਗਾ, ਉਹ ਅਦਭੁਤ ਹੈ | ਹੁਣ ਵੀ, ਤੂੰ ਆਪਣਾ ਕੈਰੀਅਰ ਚੁਣ ਲਿਆ ਹੈ, ਮਹਿਲਾਵਾਂ ਤੇ ਬੱਚਿਆਂ ਦੇ ਸਸ਼ਕਤੀਕਰਨ ਨੂੰ ਲੈ ਕੇ ਸਮਾਜ ਵਿਚ ਕੰਮ ਕਰਨ ਦਾ | ਇਹ ਜਜ਼ਬਾ ਤੈਨੂੰ ਸਮਾਜ ਵਿਚ ਥਾਂ ਦਿਵਾਏਗਾ ਤੇ ਇਹ ਕੰਮ ਤੈਨੂੰ ਸੰਤੁਸ਼ਟੀ ਦੇਵੇਗਾ | ਇਹ ਠੀਕ ਹੈ ਕਿ ਸਿਵਲ ਸੇਵਾ ਆਰਥਕ ਹਾਲਤ ਠੀਕ ਕਰ ਦਿੰਦੀ ਹੈ ਅਤੇ ਸਮਾਜ ਵਿਚ ਪਛਾਣ ਤੇ ਸਨਮਾਨ ਦਿਵਾਉਂਦੀ ਹੈ, ਪਰ ਇਹੀ ਸਭ ਕੁਝ ਨਹੀਂ | ਭਾਰਤ ਦੇ ਕੈਬਨਿਟ ਸੈਕਟਰੀ ਨੂੰ ਕਿੰਨੇ ਕੁ ਲੋਕ ਜਾਣਦੇ ਹਨ? ਪਰ ਬਾਬਾ ਆਮਟੇ ਤੇ ਵਿਨੋਬਾ ਭਾਵੇ ਜੀ ਵਰਗੇ ਲੋਕ ਅਮਰ ਹੋ ਜਾਂਦੇ ਹਨ | ਤੂੰ ਇਮਤਿਹਾਨਾਂ ਦੀ ਤਿਆਰੀ ਦੌਰਾਨ ਜੋ ਗਿਆਨ ਹਾਸਲ ਕੀਤਾ, ਮਿਹਨਤ ਤੇ ਸੰਸਕਾਰ ਪੈਦਾ ਕੀਤੇ ਅਤੇ ਇਨ੍ਹਾਂ ਦੇ ਨਤੀਜੇ ਵਜੋਂ ਜੋ ਸ਼ਖਸੀਅਤ ਵਿਕਸਤ ਕੀਤੀ, ਉਸ ਵਿਚ ਸਮਾਜ ਦੇ ਹੇਠਲੇ ਤਬਕੇ ਦੀਆਂ ਮਹਿਲਾਵਾਂ ਤੇ ਬੱਚਿਆਂ ਪ੍ਰਤੀ ਕਰੁਣਾ ਦਾ ਮੇਲ ਹੋ ਜਾਣ ਨਾਲ ਤੇਰੀ ਸ਼ਖਸੀਅਤ ਹੋਰ ਵੱਡੀ ਹੋਣ ਵਾਲੀ ਹੈ | ਅਸੀਂ ਸਭ ਇਸ ਦੀ ਉਡੀਕ ਕਰ ਰਹੇ ਹਾਂ | ਸ਼ੁੱਭਕਾਮਨਾਵਾਂ ਤੇ ਆਸ਼ੀਰਵਾਦ!

Related Articles

LEAVE A REPLY

Please enter your comment!
Please enter your name here

Latest Articles