ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਰਾਸ਼ਟਰਪਤੀ ਦਰੋਪਦੀ ਮੁਰਮੂ ਨੂੰ ਐੱਨ ਡੀ ਏ ਦੀਆਂ ਭਾਈਵਾਲ ਪਾਰਟੀਆਂ ਦੇ ਹਮਾਇਤੀ ਪੱਤਰ ਸੌਂਪ ਕੇ ਤੀਜੀ ਵਾਰ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ | ਰਾਸ਼ਟਰਪਤੀ ਨੇ ਉਨ੍ਹਾ ਨੂੰ ਸਰਕਾਰ ਬਣਾਉਣ ਦਾ ਸੱਦਾ ਦੇ ਦਿੱਤਾ | ਸੂਤਰਾਂ ਮੁਤਾਬਕ ਮੋਦੀ 9 ਜੂਨ ਨੂੰ ਤੀਜੀ ਵਾਰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣਗੇ |
ਰਾਸ਼ਟਰਪਤੀ ਭਵਨ ਜਾਣ ਤੋਂ ਪਹਿਲਾਂ ਉਨ੍ਹਾ ਬਜ਼ੁਰਗ ਭਾਜਪਾ ਆਗੂਆਂ ਐੱਲ ਕੇ ਅਡਵਾਨੀ ਤੇ ਮੁਰਲੀ ਮਨੋਹਰ ਜੋਸ਼ੀ ਨੂੰ ਉਨ੍ਹਾਂ ਦੀ ਰਿਹਾਇਸ਼ਗਾਹ ‘ਤੇ ਮਿਲ ਕੇ ਆਸ਼ੀਰਵਾਦ ਲਿਆ | ਇਸਤੋਂ ਪਹਿਲਾਂ ਸੰਸਦ ਭਵਨ ਦੇ ਕੇਂਦਰੀ ਹਾਲ ਵਿਚ ਭਾਜਪਾ ਤੇ ਉਸਦੀਆਂ ਹਮਾਇਤੀ ਪਾਰਟੀਆਂ ਦੀ ਹੋਈ ਮੀਟਿੰਗ ਵਿਚ ਮੋਦੀ ਨੂੰ ਐੱਨ ਡੀ ਏ ਦਾ ਆਗੂ ਚੁਣਿਆ ਗਿਆ |
ਆਗੂ ਚੁਣੇ ਜਾਣ ਤੋਂ ਬਾਅਦ ਮੋਦੀ ਨੇ ਕਿਹਾ ਕਿ ਲਗਾਤਾਰ ਤੀਜੀ ਵਾਰ ਸਰਕਾਰ ਬਣਾ ਰਿਹਾ ਇਹ ਗੱਠਜੋੜ ਸੱਚਮੁੱਚ ਭਾਰਤ ਦੀ ਭਾਵਨਾ, ਆਤਮਾ ਤੇ ਜੜ੍ਹਾਂ ਦਾ ਪ੍ਰਤੀਬਿੰਬ ਹੈ | ਐੱਨ ਡੀ ਏ ਨੂੰ ਕੁਦਰਤੀ ਗੱਠਜੋੜ ਕਰਾਰ ਦਿੰਦਿਆਂ ਮੋਦੀ ਨੇ ਕਿਹਾ ਕਿ ਉਹ ਆਪਣੀ ਅਗਲੀ ਸਰਕਾਰ ਦੇ ਸਾਰੇ ਫੈਸਲਿਆਂ ‘ਚ ਸਰਬਸੰਮਤੀ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰਨਗੇ |
ਪੂਰਨ ਬਹੁਮਤ ਹਾਸਲ ਕਰਨ ਵਿਚ ਨਾਕਾਮ ਰਹੀ ਭਾਜਪਾ, ਜਿਸਨੂੰ ਜਨਤਾ ਦਲ (ਯੂ) ਤੇ ਤੇਲਗੂ ਦੇਸਮ ਦੀ ਹਮਾਇਤ ਨਾਲ ਸਰਕਾਰ ਚਲਾਉਣੀ ਪੈਣੀ ਹੈ, ਦੇ ਆਗੂ ਮੋਦੀ ਨੇ ਕਿਹਾ ਉਨ੍ਹਾ ਦੀ ਸਰਕਾਰ ਕੌਮੀ ਹਿੱਤਾਂ ਤੇ ਇਲਾਕਾਈ ਉਮੰਗਾਂ ਵਿਚਾਲੇ ਅਟੁੱਟ ਨਾਤਾ ਕਾਇਮ ਕਰੇਗੀ | ਏਨਾ ਅਟੁੱਟ ਕਿ ਇਸ ਵਿੱਚੋਂ ਹਵਾ ਤਕ ਨਾ ਲੰਘ ਸਕੇ | ਮੋਦੀ ਨੂੰ ਆਗੂ ਬਣਾਉਣ ਦੀ ਹਮਾਇਤ ਕਰਦਿਆਂ ਜਨਤਾ ਦਲ (ਯੂ) ਦੇ ਆਗੂ ਨਿਤੀਸ਼ ਕੁਮਾਰ ਨੇ ਕਿਹਾ ਸੀ ਕਿ ਕੌਮੀ ਹਿੱਤਾਂ ਦੇ ਨਾਲ-ਨਾਲ ਇਲਾਕਾਈ ਉਮੰਗਾਂ ਦਾ ਵੀ ਖਿਆਲ ਰੱਖਣਾ ਪਵੇਗਾ |
ਮੋਦੀ ਨੇ ਅਟੱਲ ਬਿਹਾਰੀ ਵਾਜਪਾਈ ਤੋਂ ਪ੍ਰਕਾਸ਼ ਸਿੰਘ ਬਾਦਲ ਤਕ ਦੇ ਐੱਨ ਡੀ ਏ ਦੇ ਬਾਨੀਆਂ ਨੂੰ ਸਲਾਮ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਜਿਹੜਾ ਬੀਜ ਬੀਜਿਆ ਸੀ, ਉਹ ਦਰੱਖਤ ਬਣ ਗਿਆ ਹੈ |



