ਖਜਿਆਰ : ਪੰਜਾਬ ਇਸਤਰੀ ਸਭਾ ਨੇ ਆਪਣੇ ਨਵੇਂ ਵਰਕਰਾਂ ਨੂੰ ਸਿੱਖਿਅਤ ਕਰਨ ਲਈ ਖਜਿਆਰ, ਡਲਹੌਜ਼ੀ ਵਿਖੇ ਇੱਕ ਸਕੂਲ ਜਥੇਬੰਦ ਕੀਤਾ, ਜਿਸ ਵਿੱਚ ਲਗਭਗ 11 ਜ਼ਿਲ੍ਹਿਆਂ ਵਿੱਚੋਂ 50 ਔਰਤਾਂ ਨੇ ਭਾਗ ਲਿਆ।ਇਸ ਪ੍ਰੋਗਰਾਮ ਦੀ ਪ੍ਰਧਾਨਗੀ ਸੂਬਾ ਪ੍ਰਧਾਨ ਰਜਿੰਦਰ ਪਾਲ ਕੌਰ ਅਤੇ ਚੇਅਰਪਰਸਨ ਕੁਸ਼ਲ ਭੌਰਾ ਨੇ ਕੀਤੀ।ਸਟੇਜ ਸਕੱਤਰ ਦੇ ਫਰਜ਼ ਸੂਬਾ ਸਕੱਤਰ ਨਰਿੰਦਰ ਸੋਹਲ ਨੇ ਨਿਭਾਏ।7 ਜੂਨ ਸ਼ਾਮ ਨੂੰ ਨੈਸ਼ਨਲ ਫੈਡਰੇਸ਼ਨ ਆਫ ਇੰਡੀਅਨ ਵੋਮੈਨ ਦੀ ਸਕੱਤਰ ਨਿਸ਼ਾ ਸਿੱਧੂ, ਜੋ ਕਿ ਜੈਪੁਰ ਤੋਂ ਆਏ ਸਨ, ਨੇ ਸਕੂਲ ਦਾ ਉਦਘਾਟਨ ਕੀਤਾ ਅਤੇ ਔਰਤਾਂ ਨੂੰ ਉਤਪੀੜਨ ਤੋਂ ਬਚਾਉਣ ਲਈ ਬਣਾਏ ਗਏ ਕਨੂੰਨਾਂ ਦੀ ਸਿੱਖਿਆ ਦਿੱਤੀ।ਉਹਨਾ ਕੁਝ ਪ੍ਰੈਕਟੀਕਲ ਉਦਾਹਰਨਾਂ ਦੇ ਕੇ ਸਮਝਾਇਆ ਕਿ ਕਿਵੇਂ ਪੰਜਾਬ ਇਸਤਰੀ ਸਭਾ ਇਹਨਾਂ ਕਾਨੂੰਨਾਂ ਦੀ ਮਦਦ ਲੈ ਕੇ ਪੀੜਤਾਂ ਦੀ ਮਦਦ ਕਰ ਸਕਦੀ ਹੈ।ਵੱਖ-ਵੱਖ ਜ਼ਿਲ੍ਹਿਆਂ ਵਿੱਚ ਕੰਮ ਕਰਨ ਵਾਲੀਆਂ ਭੈਣਾਂ ਨੂੰ ਇਸ ਕਲਾਸ ਨਾਲ ਬਹੁਤ ਤਸੱਲੀ ਹੋਈ।8 ਜੂਨ ਸਵੇਰੇ ਸੀ ਪੀ ਆਈ ਪੰਜਾਬ ਦੇ ਸਕੱਤਰ ਬੰਤ ਸਿੰਘ ਬਰਾੜ ਨੇ ਮਾਰਕਸਵਾਦੀ ਫਲਸਫੇ ਅਤੇ ਵਿਰੋਧ-ਵਿਕਾਸ ਦੇ ਵਿਸ਼ੇ ’ਤੇ ਕਲਾਸ ਲਾਈ।
ਉਹਨਾ ਬਹੁਤ ਹੀ ਸੌਖੇ ਸ਼ਬਦਾਂ ਅਤੇ ਦਿਲਚਸਪ ਢੰਗ ਨਾਲ ਆਪਣੀ ਗੱਲ ਕਹੀ।ਉਹਨਾ ਨੇ ਦੱਸਿਆ ਕਿ ਕਿਸ ਤਰ੍ਹਾਂ ਇਸ ਬ੍ਰਹਿਮੰਡ ਦਾ ਵਿਕਾਸ ਹੋਇਆ। ਬ੍ਰਹਿਮੰਡ ਦੇ ਵਿਕਾਸ ਬਾਰੇ ਵੱਖ-ਵੱਖ ਵਿਚਾਰਧਾਰਾਵਾਂ ਬਾਰੇ ਵੀ ਉਹਨਾ ਜਾਣਕਾਰੀ ਦਿੱਤੀ ਉਹਨਾ ਗੱਲਾਂ-ਗੱਲਾਂ ਵਿੱਚ ਅੰਧ-ਵਿਸ਼ਵਾਸਾਂ ਦਾ ਵੀ ਖੰਡਨ ਕੀਤਾ।ਇਸ ਸਕੂਲ ਵਿੱਚ ਸੂਬੇ ਦੀ ਸਾਰੀ ਟੀਮ, 11 ਜ਼ਿਲ੍ਹਿਆਂ ਦੇ ਪ੍ਰਧਾਨ/ ਸਕੱਤਰ ਅਤੇ ਕੁਝ ਹੋਰ ਨਵੀਂਆਂ ਔਰਤਾਂ ਵੀ ਸ਼ਾਮਲ ਹੋਈਆਂ, ਜਿਨ੍ਹਾਂ ਨੂੰ ਇਹ ਬਹੁਤ ਜਾਣਕਾਰੀ ਭਰਪੂਰ ਲੱਗੀ ਅਤੇ ਉਹਨਾਂ ਇਹੋ ਜਿਹੇ ਹੋਰ ਸਕੂਲ ਲਾਉਣ ਦੀ ਮੰਗ ਕੀਤੀ।ਲੀਡਰਸ਼ਿਪ ਨੇ ਵਾਅਦਾ ਕੀਤਾ ਕਿ ਉਹ ਇਹੋ ਜਿਹੇ ਸਕੂਲ ਹੋਰ ਵੀ ਜਥੇਬੰਦ ਕਰਦੀ ਰਹੇਗੀ।ਸੁਰਜੀਤ ਕਾਲੜਾ ਦੀ ਇਕ ਕਵਿਤਾ ‘ਕਾਮਾ ਪੁੱਛਦਾ ਹੈ ਕਿ ਮੇਰੇ ਹਿੱਸੇ ਦੀ ਜ਼ਮੀਨ ਕਿੱਥੇ ਹੈ’ਨਾਲ ਕੈਂਪ ਦੀ ਸ਼ੁਰੂਆਤ ਕੀਤੀ ਗਈ।