ਮੋਹਾਲੀ (ਗੁਰਜੀਤ ਬਿੱਲਾ)
ਮੁਹਾਲੀ ਦੇ ਫੇਜ਼-5 ’ਚ ਸ਼ਨੀਵਾਰ ਸਵੇਰੇ ਪੌਣੇ 9 ਵਜੇ ਦੇ ਕਰੀਬ ਆਪਣੇ ਕੰਮ ’ਤੇ ਜਾ ਰਹੀ ਇੱਕ ਨੌਜਵਾਨ ਲੜਕੀ ’ਤੇ ਇੱਕ ਵਿਅਕਤੀ ਵੱਲੋਂ ਰਾਹ ’ਚ ਅਚਾਨਕ ਕਿਰਪਾਨ ਨਾਲ ਹਮਲਾ ਕਰ ਦਿੱਤਾ ਗਿਆ। ਇਹ ਵਿਅਕਤੀ ਲੜਕੀ ’ਤੇ ਕਾਫੀ ਦੇਰ ਤੱਕ ਵਾਰ ਕਰਦਾ ਰਿਹਾ। ਘਟਨਾ ਫੇਜ਼ 5 ਦੇ ਗੁਰਦੁਆਰਾ ਸਾਹਿਬ ਦੇ ਮੁੱਖ ਗੇਟ ਤੋਂ ਥੋੜ੍ਹਾ ਅੱਗੇ ਵਾਪਰੀ। ਇਸ ਦੌਰਾਨ ਉੱਥੋਂ ਲੰਘ ਰਹੇ ਕਿਸੇ ਵੀ ਵਿਅਕਤੀ ਨੇ ਲੜਕੀ ਨੂੰ ਬਚਾਉਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਅਤੇ ਮੁੱਖ ਸੜਕ ’ਤੇ ਚਲਦੇ ਟ੍ਰੈਫਿਕ ਵਿਚਕਾਰ ਹਮਾਲਾਵਰ ਵੱਲੋਂ ਲੜਕੀ ਨੂੰ ਬੁਰੀ ਤਰ੍ਹਾਂ ਵੱਢ ਦਿੱਤਾ ਗਿਆ।ਮਿ੍ਰਤਕਾ ਦੀ ਪਛਾਣ ਬਲਜਿੰਦਰ ਕੌਰ ਵਜੋਂ ਹੋਈ, ਜੋ ਫਤਹਿਗੜ੍ਹ ਸਾਹਿਬ ਦੇ ਪਿੰਡ ਫਤਹਿਪੁਰ ਜੱਟਾਂ ਦੀ ਰਹਿਣ ਵਾਲੀ ਸੀ ਅਤੇ ਇੱਕ ਕਾਲ ਸੈਂਟਰ ਵਿੱਚ ਕੰਮ ਕਰਦੀ ਸੀ। ਜਿਸ ਵੇਲੇ ਇਹ ਵਾਰਦਾਤ ਹੋਈ, ਉਸ ਵੇਲੇ ਬਲਜਿੰਦਰ ਕੌਰ ਆਪਣੀਆਂ ਸਹੇਲੀਆਂ ਨਾਲ ਦਫ਼ਤਰ ਜਾ ਰਹੀ ਸੀ ਅਤੇ ਸੜਕ ਕਿਨਾਰੇ ਖੜ੍ਹ ਕੇ ਉਸ ਦੀ ਉਡੀਕ ਕਰ ਰਹੇ ਹਮਲਾਵਰ ਨੇ ਅਚਾਨਕ ਉਸ ’ਤੇ ਹਮਲਾ ਕਰ ਦਿੱਤਾ।ਬਲਜਿੰਦਰ ਕੌਰ ਨੇ ਮੌਕੇ ਤੋਂ ਭੱਜ ਕੇ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਉਹ ਕਾਫੀ ਦੂਰ ਤੱਕ ਭੱਜੀ, ਪਰ ਹਮਲਾਵਰ ਉਸ ਦੇ ਪਿੱਛੇ ਭੱਜ ਕੇ ਉਸ ’ਤੇ ਲਗਾਤਾਰ ਵਾਰ ਕਰਦਾ ਰਿਹਾ ਅਤੇ ਉਹ ਸੜਕ ’ਤੇ ਡਿੱਗ ਗਈ। ਬਲਜਿੰਦਰ ਕੌਰ ਦੇ ਸੜਕ ’ਤੇ ਡਿੱਗਣ ਤੋਂ ਬਾਅਦ ਵੀ ਹਮਲਾਵਰ ਉਸ ’ਤੇ ਲਗਾਤਾਰ ਵਾਰ ਕਰਦਾ ਰਿਹਾ ਤੇ ਮੌਕੇ ਤੋਂ ਫਰਾਰ ਹੋ ਗਿਆ। ਇਹ ਸਾਰੀ ਘਟਨਾ ਸੀ ਸੀ ਟੀ ਵੀ ਕੈਮਰੇ ’ਚ ਕੈਦ ਹੋ ਗਈ ਅਤੇ ਘਟਨਾ ਤੋਂ ਥੋੜ੍ਹੀ ਦੇਰ ਬਾਅਦ ਹੀ ਇਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ।ਡੀ ਐੱਸ ਪੀ ਸਿਟੀ-1 ਮੋਹਿਤ ਅਗਰਵਾਲ ਨੇ ਦੱਸਿਆ ਕਿ ਪੁਲਸ ਨੂੰ ਇਸ ਘਟਨਾ ਦੀ ਜਦੋਂ ਜਾਣਕਾਰੀ ਮਿਲੀ ਤਾਂ ਪੁਲਸ ਤੁਰੰਤ ਮੌਕੇ ’ਤੇ ਪਹੁੰਚੀ। ਖੂਨ ਨਾਲ ਲਥਪਥ ਬਲਜਿੰਦਰ ਕੌਰ ਨੂੰ ਪੁਲਸ ਵੱਲੋਂ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਪਰੰਤੂ ਡਾਕਟਰਾਂ ਵੱਲੋਂ ਉਸ ਨੂੰ ਮਿ੍ਰਤਕ ਐਲਾਨ ਦਿੱਤਾ ਗਿਆ। ਪੁਲਸ ਵੱਲੋਂ ਹਮਲਾਵਰ ਨੂੰ ਗਿ੍ਰਫਤਾਰ ਕਰ ਲਿਆ ਗਿਆ ਹੈ। ਉਸ ਦੀ ਪਛਾਣ ਸੁਖਚੈਨ ਸਿੰਘ ਵਾਸੀ ਸਮਰਾਲਾ ਵਜੋਂ ਹੋਈ ਹੈ, ਜੋ ਸਮਰਾਲਾ ਦੇ ਹੀ ਇੱਕ ਪੈਟਰੋਲ ਪੰਪ ’ਤੇ ਕੰਮ ਕਰਦਾ ਸੀ ਅਤੇ ਮਿ੍ਰਤਕ ਲੜਕੀ ਦਾ ਜਾਣਕਾਰ ਸੀ। ਪੁਲਸ ਨੇ ਦੱਸਿਆ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਹਮਲਾਵਰ ਪਿਛਲੇ ਦੋ-ਤਿੰਨ ਸਾਲਾਂ ਤੋਂ ਲੜਕੀ ਦੇ ਸੰਪਰਕ ’ਚ ਸੀ ਅਤੇ ਉਸ ’ਤੇ ਦਬਾਅ ਪਾ ਰਿਹਾ ਸੀ ਕਿ ਉਹ ਉਸ ਨਾਲ ਵਿਆਹ ਕਰ ਲਵੇ। ਲੜਕੀ ਵੱਲੋਂ ਹਾਮੀ ਨਾ ਭਰਨ ’ਤੇ ਗੁੱਸੇ ’ਚ ਆ ਕੇ ਉਸ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ।ਇਸ ਦੌਰਾਨ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਹਸਪਤਾਲ ਪਹੁੰਚ ਕੇ ਪੁਲਸ ਅਧਿਕਾਰੀਆਂ ਤੋਂ ਪੂਰੇ ਮਾਮਲੇ ਦੀ ਜਾਣਕਾਰੀ ਹਾਸਲ ਕੀਤੀ।ਉਹਨਾ ਕਿਹਾ ਕਿ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਉਸ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।
ਜਾਣਕਾਰੀ ਅਨੁਸਾਰ ਫਤਿਹਗੜ੍ਹ ਸਾਹਿਬ ਦੇ ਪਿੰਡ ਫਤਿਹਪੁਰ ਜੱਟਾਂ ਦੀ ਬਲਜਿੰਦਰ ਕੌਰ 9 ਸਾਲਾਂ ਤੋਂ ਮੁਹਾਲੀ ’ਚ ਕੰਮ ਕਰ ਰਹੀ ਸੀ।ਉਹ ਰੋਜ਼ਾਨਾ ਆਪਣੇ ਘਰ ਤੋਂ ਹੀ ਦਫਤਰ ਆਉਂਦੀ ਸੀ।ਮਿ੍ਰਤਕ ਦੇ ਭਰਾ ਧਰਮਪ੍ਰੀਤ ਸਿੰਘ ਅਨੁਸਾਰ ਕੰਪਨੀ ਦੇ ਮੈਨੇਜਰ ਨੇ ਸਵੇਰੇ ਕਰੀਬ ਸਾਢੇ 9 ਵਜੇ ਉਸ ਨੂੰ ਫੋਨ ਕਰਕੇ ਘਟਨਾ ਬਾਰੇ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਉਹ ਹਸਪਤਾਲ ਪਹੁੰਚੇ, ਪਰੰਤੂ ਉਸ ਦੀ ਭੈਣ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ।