ਨਵੀਂ ਦਿੱਲੀ : ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਸ਼ਨੀਵਾਰ ਨਵੀਂ ਦਿੱਲੀ ’ਚ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਹੋਈ। ਇਸ ਦੀ ਪ੍ਰਧਾਨਗੀ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕੀਤੀ। ਮੀਟਿੰਗ ’ਚ ਰਾਹੁਲ ਗਾਂਧੀ ਨੂੰ ਵਿਰੋਧੀ ਧਿਰ ਦਾ ਨੇਤਾ ਬਣਾਉਣ ਦੀ ਮੰਗ ਕੀਤੀ ਗਈ। ਇਸ ਲਈ ਪ੍ਰਸਤਾਵ ਵੀ ਪਾਸ ਕੀਤਾ ਗਿਆ। ਹਾਲਾਂਕਿ ਰਾਹੁਲ ਗਾਂਧੀ ਨੇ ਇਸ ਪ੍ਰਸਤਾਵ ’ਤੇ ਸੋਚ-ਵਿਚਾਰ ਲਈ ਸਮਾਂ ਮੰਗਿਆ। ਮੀਟਿੰਗ ਵਿੱਚ ਪਾਰਟੀ ਦੀ ਸੰਸਦੀ ਦਲ ਦੀ ਮੁਖੀ ਸੋਨੀਆ ਗਾਂਧੀ, ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ, ਜਨਰਲ ਸਕੱਤਰ ਪਿ੍ਰਯੰਕਾ ਗਾਂਧੀ, ਸੰਗਠਨ ਜਨਰਲ ਸਕੱਤਰ ਕੇ ਸੀ ਵੇਣੂਗੋਪਾਲ ਅਤੇ ਹੋਰ ਸੀਨੀਅਰ ਆਗੂ ਹਾਜ਼ਰ ਸਨ।ਵਰਕਿੰਗ ਕਮੇਟੀ ਨੇ ਮਤਾ ਪਾਸ ਕਰਕੇ ਰਾਹੁਲ ਗਾਂਧੀ ਨੂੰ ਵਿਰੋਧੀ ਧਿਰ ਦੇ ਨੇਤਾ ਦੀ ਜ਼ਿੰਮੇਵਾਰੀ ਸੰਭਾਲਣ ਦੀ ਅਪੀਲ ਕੀਤੀ ਹੈ।ਮੀਟਿੰਗ ਦੇ ਸ਼ੁਰੂਆਤ ’ਚ ਕਾਂਗਰਸ ਪ੍ਰਧਾਨ ਖੜਗੇ ਨੇ ਦੇਸ਼ ਭਰ ਦੇ ਕਾਂਗਰਸ ਵਰਕਰਾਂ ਅਤੇ ਨੇਤਾਵਾਂ ਦਾ ਧੰਨਵਾਦ ਕੀਤਾ। ਖੜਗੇ ਨੇ ਕਿਹਾਜਨਤਾ ਨੇ ਤਾਨਾਸ਼ਾਹੀ ਅਤੇ ਗੈਰ-ਸੰਵਿਧਾਨਿਕ ਤਾਕਤਾਂ ਨੂੰ ਵੱਡਾ ਜਵਾਬ ਦਿੱਤਾ ਹੈ। ਲੋਕਾਂ ਨੂੰ ਕਾਂਗਰਸ ’ਚ ਵਿਸ਼ਵਾਸ਼ ਹੈ। ਦੇਸ਼ ਦੇ ਵੋਟਰਾਂ ਨੇ ਭਾਜਪਾ ਦੇ 10 ਸਾਲ ਦੇ ਸ਼ਾਸਨ ਨੂੰ ਨਕਾਰ ਦਿੱਤਾ ਹੈ। ਭਾਜਪਾ ਨੇ ਇਸ ਦੇਸ਼ ’ਚ ਵੰਡਣ ਦੀ ਅਤੇ ਨਫਰਤ ਦੀ ਰਾਜਨੀਤੀ ਕੀਤੀ। ਅਸੀਂ ਲੜੇ ਵੀ ਅਤੇ ਜਿੱਤੇ ਵੀ। ਸਥਿਤੀਆਂ ਸਾਡੇ ਵਿਰੁੱਧ ਸਨ, ਫਿਰ ਵੀ ਸਾਡੀ ਵੱਡੀ ਜਿੱਤ ਹੋਈ। ਖੜਗੇ ਨੇ ਪਾਰਟੀ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਦਾ ਵੀ ਚੋਣਾਂ ਦੌਰਾਨ ਸਰਗਰਮ ਰਹਿਣ ਲਈ ਧੰਨਵਾਦ ਦਿੱਤਾ। ਉਨ੍ਹਾ ਰਾਹੁਲ ਨੂੰ ਧੰਨਵਾਦ ਦਿੰਦੇ ਹੋਏ ਕਿਹਾ ਕਿ ਉਨ੍ਹਾ ਦੀ ਵਜ੍ਹਾ ਨਾਲ ਹੀ ਦੇਸ਼ ’ਚ ਸੰਵਿਧਾਨ ਬਾਰੇ ਵਿਚਾਰ, ਆਰਥਕ ਅਸਮਾਨਤਾ, ਬੇਰੁਜ਼ਗਾਰੀ ਅਤੇ ਸਮਾਜਿਕ ਨਿਆਏ ਆਦਿ ਮੁੱਦੇ ਉਠਾਏ ਗਏ ਅਤੇ ਜਨਤਾ ਨੂੰ ਇਹ ਗੱਲਾਂ ਸਮਝ ਵੀ ਆਈਆਂ। ‘ਭਾਰਤ ਜੋੜੋ’ ਯਾਤਰਾ ਦੇ ਅਸਰ ਬਾਰੇ ਗੱਲ ਕਰਦੇ ਹੋਏ ਉਨ੍ਹਾ ਕਿਹਾ ਕਿ ਕਾਂਗਰਸ ਪਾਰਟੀ ਦੇ ਵੋਟ ਸ਼ੇਅਰ ਅਤੇ ਸੀਟਾਂ ਦੋਵਾਂ ’ਚ ਵਾਧਾ ਹੋਇਆ ਹੈ। ਜਿੱਥੋਂ ਵੀ ਕਾਂਗਰਸ ਦੀ ‘ਭਾਰਤ ਜੋੜੋ’ ਯਾਤਰਾ ਨਿਕਲੀ, ਉਥੇ ਖਾਸਾ ਅਸਰ ਦੇਖਣ ਨੂੰ ਮਿਲਿਆ, ਮਨੀਪੁਰ ਇਸ ਦੀ ਉਦਾਹਰਣ ਹੈ।
ਉਨ੍ਹਾ ਕਿਹਾ ਕਿ ਮਨੀਪੁਰ ’ਚ ਕਾਂਗਰਸ ਨੂੰ ਦੋਵੇਂ ਸੀਟਾਂ ’ਤੇ ਜਿੱਤ ਮਿਲੀ। ਇਸ ਤੋਂ ਇਲਾਵਾ ਪੂਰਬ-ਉੱਤਰ ਦੇ ਸੂਬਿਆਂ ਨਾਗਾਲੈਂਡ, ਅਸਾਮ, ਮੇਘਾਲਿਆ ’ਚ ਵੀ ਕਾਂਗਰਸ ਨੂੰ ਚੰਗੀ ਸਫ਼ਲਤਾ ਮਿਲੀ। ਮਹਾਰਾਸ਼ਟਰ ’ਚ ਵੀ ਕਾਂਗਰਸ ਦੇ ਗੱਠਜੋੜ ਦਾ ਲੋਕਾਂ ਨੇ ਸਮਰਥਨ ਕੀਤਾ। ਖੜਗੇ ਨੇ ਕਿਹਾ ਕਿ ਐੱਸ ਸੀ, ਐੱਸ ਟੀ ਅਤੇ ਓ ਬੀ ਸੀ ਨੇ ਵੀ ਕਾਂਗਰਸ ’ਤੇ ਭਰੋੋਸਾ ਕੀਤਾ ਹੈ। ਪੇਂਡੂ ਇਲਾਕਿਆਂ ’ਚ ਕਾਂਗਰਸ ਨੂੰ ਚੰਗਾ ਸਮਰਥਨ ਮਿਲਿਆ ਹੈ। ਹਾਲਾਂਕਿ ਸ਼ਹਿਰੀ ਖੇਤਰਾਂ ’ਚ ਹਾਲੇ ਕੰਮ ਕਰਨ ਦੀ ਜ਼ਰੂਰਤ ਹੈ। ਕਈ ਸੂਬਿਆਂ ਦੇ ਇਸ ਤਰ੍ਹਾਂ ਦੇ ਸ਼ਹਿਰੀ ਇਲਾਕੇ ਹਨ, ਜਿੱਥੇ ਕਾਂਗਰਸ ਨੇ ਵਿਧਾਨ ਸਭਾ ਦੌਰਾਨ ਚੰਗਾ ਪ੍ਰਦਰਸ਼ਨ ਕੀਤਾ ਸੀ, ਪਰ ਇਸ ਵਾਰ ਫੇਲ੍ਹ ਰਹੀ। ਇਨ੍ਹਾਂ ਇਲਾਕਿਆਂ ’ਤੇ ਫੋਕਸ ਕਰਨ ਦੀ ਜ਼ਰੂਰਤ ਹੈ। ਖੜਗੇ ਨੇ ਕਿਹਾਅਸੀਂ ਜਨਮਤ ਨੂੰ ਸਵੀਕਾਰ ਕਰਦੇ ਹਾਂ। ਇੱਕ ਵੱਡੇ ਤਬਕੇ ਨੇ ਸਾਡੇ ’ਤੇ ਭਰੋਸਾ ਕੀਤਾ ਹੈ। ਅਸੀਂ ਉਨ੍ਹਾਂ ਦਾ ਭਰੋਸਾ ਬਰਕਰਾਰ ਰੱਖਣ ਲਈ ਹਰ ਸੰਭਵ ਕੋਸ਼ਿਸ਼ ਕਰਾਂਗੇ। ਸਾਡਾ ਕੰਮ ਲਗਾਤਾਰ ਜਾਰੀ ਰਹੇਗਾ, ਚਾਹੇ ਅਸੀਂ ਸੱਤਾ ’ਚ ਹੋਈਏ ਜਾਂ ਨਾ ਹੋਈਏ। ਸਾਨੂੰ ਚੌਵੀ ਘੰਟੇ, 365 ਦਿਨ ਲੋਕਾਂ ਵਿਚਾਲੇ ਰਹਿਣਾ ਹੋਵੇਗਾ, ਜਨਤਾ ਦੇ ਮੁੱਦਿਆਂ ਨੂੰ ਉਠਾਉਣਾ ਹੋਵੇਗਾ। ਕੁਝ ਮਹੀਨਿਆਂ ’ਚ ਕੁਝ ਸੂਬਿਆਂ ਦੀਆਂ ਚੋਣਾਂ ਹੋਣੀਆਂ ਹਨ, ਸਾਨੂੰ ਹਰ ਕੀਮਤ ’ਤੇ ਭਾਜਪਾ ਨੂੰ ਹਰਾ ਕੇ ਆਪਣੀ ਸਰਕਾਰ ਬਣਾਉਣੀ ਹੈ। ਲੋਕ ਬਦਲਾਅ ਚਾਹੁੰਦੇ ਹਨ ਤਾਂ ਸਾਨੂੰ ਉਨ੍ਹਾਂ ਦੀ ਤਾਕਤ ਬਣਨਾ ਹੋਵੇਗਾ। ਕਾਂਗਰਸ ਸੰਗਠਨ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਵਰਕਿੰਗ ਕਮੇਟੀ ਨੇ ਸਰਬਸੰਮਤੀ ਨਾਲ ਇਕ ਮਤਾ ਪਾਸ ਕਰਕੇ ਰਾਹੁਲ ਗਾਂਧੀ ਨੂੰ ਵਿਰੋਧੀ ਧਿਰ ਦੇ ਨੇਤਾ ਦੀ ਜ਼ਿੰਮੇਵਾਰੀ ਸੰਭਾਲਣ ਦੀ ਬੇਨਤੀ ਕੀਤੀ ਹੈ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਨੇ ਵਰਕਿੰਗ ਕਮੇਟੀ ਮੈਂਬਰਾਂ ਦੇ ਵਿਚਾਰ ਸੁਣੇ ਅਤੇ ਕਿਹਾ ਕਿ ਉਹ ਇਸ ਸਬੰਧੀ ਜਲਦੀ ਹੀ ਕੋਈ ਫੈਸਲਾ ਕਰਨਗੇ।