ਨਵੀਂ ਦਿੱਲੀ : ਸਾਂਝੀ ਦਾਖਲਾ ਪ੍ਰੀਖਿਆ (ਜੇ ਈ ਈ) ਐਡਵਾਂਸਡ ਦੇ ਐਤਵਾਰ ਸਵੇਰੇ ਐਲਾਨੇ ਨਤੀਜੇ ਵਿਚ ਆਈ ਆਈ ਟੀ ਦਿੱਲੀ ਜ਼ੋਨ ਦਾ ਵੇਦ ਲਾਹੌਟੀ 360 ਵਿੱਚੋਂ 355 ਅੰਕ ਲੈ ਕੇ ਅੱਵਲ ਰਿਹਾ। ਕੁੱਲ 48,248 ਉਮੀਦਵਾਰਾਂ ਨੇ ਆਈ ਆਈ ਆਟੀਜ਼ ਵਿਚ ਦਾਖਲਿਆਂ ਲਈ ਇਹ ਪ੍ਰੀਖਿਆ ਪਾਸ ਕੀਤੀ, ਜਿਨ੍ਹਾਂ ਵਿੱਚੋਂ 7964 ਕੁੜੀਆਂ ਹਨ। ਆਈ ਆਈ ਟੀ ਮਦਰਾਸ, ਜਿਸ ਨੇ ਐਤਕੀਂ ਇਹ ਪ੍ਰੀਖਿਆ ਲਈ ਸੀ, ਮੁਤਾਬਕ ਆਈ ਆਈ ਟੀ ਬੰਬੇ ਜ਼ੋਨ ਦੀ ਦਵਿਜਾ ਧਰਮੇਸ਼ ਕੁਮਾਰ 360 ਵਿੱਚੋਂ 322 ਅੰਕ ਲੈ ਕੇ ਕੁੜੀਆਂ ਵਿੱਚੋਂ ਪਹਿਲੇ ਨੰਬਰ ’ਤੇ ਰਹੀ। ਉਂਜ ਉਸ ਦਾ ਆਲ ਇੰਡੀਆ ਰੈਂਕ 7 ਹੈ। ਸਿਖਰਲੇ ਦਸ ਵਿਚ ਸ਼ਾਮਲ ਹੋਰਨਾਂ ਉਮੀਦਵਾਰਾਂ ਵਿਚ ਆਦਿੱਤਿਆ (ਆਈ ਆਈ ਟੀ ਦਿੱਲੀ ਜ਼ੋਨ), ਭੋਗਲਪੱਲੀ ਸੰਦੇਸ਼, ਪੁੱਟੀ ਕੁਸ਼ਲ ਕੁਮਾਰ, ਕੋਦੁਰੀ ਤੇਜੇਸ਼ਵਰ ਤੇ ਅਲਾਦਾਬੋਨਾ ਸਿਦਵਿਕ ਸੁਹਾਸ (ਆਈ ਆਈ ਟੀ ਮਦਰਾਸ ਜ਼ੋਨ), ਰਿਦਮ ਕੇਡੀਆ (ਆਈ ਆਈ ਟੀ ਰੁੜਕੀ ਜ਼ੋਨ), ਰਾਜਦੀਪ ਮਿਸ਼ਰਾ ਤੇ ਰਵੀ ਹੇਮੰਤ ਦੋਸ਼ੀ (ਆਈ ਆਈ ਟੀ ਬੰਬੇ ਜ਼ੋਨ) ਸ਼ਾਮਲ ਹਨ।