20.2 C
Jalandhar
Saturday, December 21, 2024
spot_img

ਛੇ ਕੈਡਿਟ ਬਣੇ ਭਾਰਤੀ ਫੌਜ ਦੇ ਕਮਿਸ਼ਨਡ ਅਫਸਰ

ਚੰਡੀਗੜ੍ਹ (ਗੁਰਜੀਤ ਬਿੱਲਾ)-ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ (ਐੱਮ ਆਰ ਐੱਸ ਏ ਐੱਫ ਪੀ ਆਈ) ਐੱਸ ਏ ਐੱਸ ਨਗਰ ਦੇ ਛੇ ਹੋਰ ਕੈਡਿਟਾਂ ਨੂੰ ਦੇਹਰਾਦੂਨ ਸਥਿਤ ਇੰਡੀਅਨ ਮਿਲਟਰੀ ਅਕੈਡਮੀ (ਆਈ ਐੱਮ ਏ) ਤੋਂ ਸਫਲਤਾਪੂਰਵਕ ਪਾਸ ਹੋਣ ਉਪਰੰਤ ਭਾਰਤੀ ਫੌਜ ਵਿੱਚ ਕਮਿਸ਼ਨ ਮਿਲ ਗਿਆ ਹੈ। ਪਾਸਿੰਗ ਆਊਟ ਪਰੇਡ ਦਾ ਨਿਰੀਖਣ ਲੈਫਟੀਨੈਂਟ ਜਨਰਲ ਐੱਮ ਵੀ ਸੁਚਿੰਦਰ ਕੁਮਾਰ, ਪੀ ਵੀ ਐੱਸ.ਐੱਮ, ਏ ਵੀ ਐੱਸ ਐੱਮ., ਵਾਈ ਐੱਸ ਐੱਮ, ਵੀ ਐੱਸ ਐੱਮ, ਜੀ ਓ ਸੀ-ਇਨ-ਸੀ, ਨਾਰਦਰਨ ਕਮਾਂਡ ਵੱਲੋਂ ਕੀਤਾ ਗਿਆ।
ਇਨ੍ਹਾਂ ਛੇ ਕੈਡਿਟਾਂ ਅਮਰਿੰਦਰ ਸਿੰਘ (ਜ਼ਿਲ੍ਹਾ ਮੋਹਾਲੀ), ਸ਼ੋਭਿਤਦੀਪ ਸਿੰਘ (ਗੁਰਦਾਸਪੁਰ), ਅਭੈ ਪ੍ਰਤਾਪ ਸਿੰਘ (ਮੋਹਾਲੀ), ਅਦਿੱਤਿਆ ਬਰਮੀ (ਹੁਸ਼ਿਆਰਪੁਰ), ਅਦਿੱਤਿਆ ਸ਼ਰਮਾ (ਮੋਹਾਲੀ) ਅਤੇ ਤੁਸ਼ਾਂਤ (ਪਠਾਨਕੋਟ) ਦੇ ਕਮਿਸ਼ਨਡ ਅਫ਼ਸਰ ਬਣਨ ਨਾਲ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਦੀ ਸਥਾਪਨਾ ਤੋਂ ਲੈ ਕੇ ਹੁਣ ਤੱਕ ਕੁੱਲ 158 ਕੈਡਿਟਾਂ ਨੇ ਭਾਰਤੀ ਹਥਿਆਰਬੰਦ ਸੈਨਾਵਾਂ ਵਿੱਚ ਕਮਿਸ਼ਨ ਹਾਸਲ ਕੀਤਾ ਹੈ।ਪੰਜਾਬ ਦੇ ਰੁਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਅਮਨ ਅਰੋੜਾ ਨੇ ਇਹਨਾਂ ਕੈਡਿਟਾਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਨੂੰ ਹਥਿਆਰਬੰਦ ਸੈਨਾਵਾਂ ਵਿੱਚ ਸਫ਼ਲ ਭਵਿੱਖ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ।ਉਹਨਾ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ ਪੰਜਾਬ ਵਿੱਚ ਸੱਤਾ ਸੰਭਾਲਣ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਦੇ 50 ਕੈਡਿਟ ਕਮਿਸ਼ਨਡ ਅਫ਼ਸਰ ਬਣੇ ਹਨ। ਇਸ ਇੰਸਟੀਚਿਊਟ ਨੇ 56.64 ਫੀਸਦੀ ਦੀ ਸਫਲਤਾ ਦਰ ਹਾਸਲ ਕਰਕੇ ਇੱਕ ਹੋਰ ਮੀਲ ਪੱਥਰ ਸਥਾਪਤ ਕੀਤਾ ਹੈ।
ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਦੇ ਡਾਇਰੈਕਟਰ ਮੇਜਰ ਜਨਰਲ ਅਜੈ ਐੱਚ ਚੌਹਾਨ (ਸੇਵਾਮੁਕਤ) ਨੇ ਦੱਸਿਆ ਕਿ ਸੰਸਥਾ ਦੇ ਦੋ ਹੋਰ ਕੈਡਿਟਾਂ ਜਸਕੀਰਤ ਸਿੰਘ (ਜ਼ਿਲ੍ਹਾ ਮੋਹਾਲੀ) ਅਤੇ ਜਲੰਧਰ ਜ਼ਿਲ੍ਹੇ ਦੇ ਸਕਸ਼ਮ ਗੁਪਤਾ ਨੂੰ ਇਸ ਸਾਲ ਮਈ ਵਿੱਚ ਭਾਰਤੀ ਜਲ ਸੈਨਾ ਵਿੱਚ ਸਬ-ਲੈਫ਼ਟੀਨੈਂਟ ਵਜੋਂ ਕਮਿਸ਼ਨ ਮਿਲਿਆ ਹੈ। ਉਨ੍ਹਾ ਕੈਡਿਟਾਂ ਨੂੰ ਇੰਸਟੀਚਿਊਟ ਦੇ ‘ਨਿਸ਼ਚੈ ਕਰ ਅਪਨੀ ਜੀਤ ਕਰੋ’ ਵਾਲੇ ਮੋਟੋ ਉਤੇ ਖਰਾ ਉਤਰਨ ਅਤੇ ਦੇਸ਼ ਦੀ ਸੇਵਾ ਪ੍ਰਤੀ ਸੱਚੇ ਸਿਪਾਹੀ ਬਣਨ ਲਈ ਪ੍ਰੇਰਿਆ।
ਉਹਨਾ ਦੱਸਿਆ ਕਿ ਇਸ ਇੰਸਟੀਚਿਊਟ ਦੇ 22 ਹੋਰ ਕੈਡਿਟਾਂ ਨੇ ਸਰਵਿਸ ਸਿਲੈਕਸ਼ਨ ਬੋਰਡ (ਐੱਸ ਐੱਸ ਬੀ) ਦੀ ਇੰਟਰਵਿਊ ਵੀ ਪਾਸ ਕੀਤੀ ਹੈ।ਇਸ ਸਾਲ ਅਪ੍ਰੈਲ ਵਿੱਚ ਐੱਨ ਡੀ ਏ-152 ਕੋਰਸ ਦੀ ਮੈਰਿਟ ਸੂਚੀ ਦਾ ਐਲਾਨ ਕੀਤਾ ਗਿਆ ਸੀ, ਜਿਸ ਵਿੱਚ ਕੈਡਿਟ ਨਵਜੋਤ ਸਿੰਘ ਨੇ ਆਲ-ਇੰਡੀਆ ਆਰਡਰ ਆਫ਼ ਮੈਰਿਟ ਵਿੱਚ 11ਵਾਂ ਰੈਂਕ ਹਾਸਲ ਕੀਤਾ ਹੈ। ਹੁਣ ਇਹ 22 ਕੈਡਿਟ ਨੈਸ਼ਨਲ ਡਿਫੈਂਸ ਅਕੈਡਮੀ (ਐੱਨ ਡੀ ਏ) ਜਾਂ ਇਸ ਦੇ ਬਰਾਬਰ ਦੀਆਂ ਸਿਖਲਾਈ ਅਕੈਡਮੀਆਂ ਵਿੱਚ ਜਾਣ ਲਈ ਜੁਆਇੰਨ ਲੈਟਰਾਂ ਦੀ ਉਡੀਕ ਕਰ ਰਹੇ ਹਨ।

Related Articles

LEAVE A REPLY

Please enter your comment!
Please enter your name here

Latest Articles