ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਬੈਂਕ ਧੋਖਾਧੜੀ ਦੇ ਮਾਮਲੇ ਵਿਚ ਈ ਡੀ ਵੱਲੋਂ ਆਪ ਵਿਧਾਇਕ ਜਸਵੰਤ ਸਿੰਘ ਗੱਜਣ ਮਾਜਰਾ ਦੀ ਗਿ੍ਰਫਤਾਰੀ ਅਤੇ ਰਿਮਾਂਡ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਦੀ ਸੁਣਵਾਈ ਸੋਮਵਾਰ 18 ਜੂਨ ਤੱਕ ਮੁਲਤਵੀ ਕਰ ਦਿੱਤੀ। ਜਸਟਿਸ ਸੰਜੈ ਕਰੋਲ ਅਤੇ ਜਸਟਿਸ ਆਗਸਟੀਨ ਜਾਰਜ ਮਸੀਹ ਦੀ ਛੁੱਟੀ ਵਾਲੀ ਬੈਂਚ ਨੇ ਇਹ ਦੇਖਣ ਬਾਅਦ ਮਾਮਲੇ ਦੀ ਸੁਣਵਾਈ ਮੁਲਤਵੀ ਕਰ ਦਿੱਤੀ ਕਿ ਆਪ ਵਿਧਾਇਕ ਨੇ ਇਸ ਮਾਮਲੇ ’ਚ ਕੋਈ ਜਵਾਬ ਨਹੀਂ ਦਿੱਤਾ ਹੈ।
ਮਨੀਪੁਰ ’ਚ ਜਵਾਨਾਂ ’ਤੇ ਹਮਲਾ
ਇੰਫਾਲ : ਮਨੀਪੁਰ ਦੇ ਮੁੱਖ ਮੰਤਰੀ ਐੱਨ ਬੀਰੇਨ ਸਿੰਘ ਦੇ ਸੁਰੱਖਿਆ ਕਾਫਲੇ ’ਤੇ ਮਸ਼ਕੂਕ ਅੱਤਵਾਦੀਆਂ ਨੇ ਹਮਲਾ ਕਰ ਦਿੱਤਾ, ਜਿਸ ’ਚ ਇਕ ਵਿਅਕਤੀ ਜ਼ਖਮੀ ਹੋ ਗਿਆ। ਕਾਫਲਾ ਹਿੰਸਾ ਪ੍ਰਭਾਵਤ ਜਿਰੀਬਾਮ ਜ਼ਿਲ੍ਹੇ ਵੱਲ ਜਾ ਰਿਹਾ ਸੀ। ਸੁਰੱਖਿਆ ਬਲਾਂ ਦੇ ਵਾਹਨਾਂ ’ਤੇ ਕਈ ਗੋਲੀਆਂ ਚਲਾਈਆਂ ਗਈਆਂ। ਜਵਾਨਾਂ ਨੇ ਵੀ ਢੁੱਕਵਾਂ ਜੁਆਬ ਦਿੱਤਾ। ਮੁੱਖ ਮੰਤਰੀ, ਜੋ ਹਾਲੇ ਦਿੱਲੀ ਤੋਂ ਇੰਫਾਲ ਨਹੀਂ ਪਹੁੰਚੇ, ਜ਼ਿਲ੍ਹੇ ’ਚ ਸਥਿਤੀ ਦਾ ਜਾਇਜ਼ਾ ਲੈਣ ਲਈ ਜਿਰੀਬਾਮ ਜਾਣ ਦੀ ਯੋਜਨਾ ਬਣਾ ਰਹੇ ਸਨ।
ਸੋਨਾਕਸ਼ੀ ਦਾ ਜ਼ਹੀਰ ਇਕਬਾਲ ਨਾਲ ਵਿਆਹ 23 ਨੂੰ
ਮੁੰਬਈ : ਅਭਿਨੇਤਰੀ ਸੋਨਾਕਸ਼ੀ ਸਿਨਹਾ 23 ਜੂਨ ਨੂੰ ਮੁੰਬਈ ’ਚ ਆਪਣੇ ਪੁਰਾਣੇ ਮਿੱਤਰ ਜ਼ਹੀਰ ਇਕਬਾਲ ਨਾਲ ਵਿਆਹ ਕਰਵਾ ਰਹੀ ਹੈ। ਦੋਵਾਂ ਨੇ ਸਲਮਾਨ ਖਾਨ ਦੀਆਂ ਫਿਲਮਾਂ ਨਾਲ ਬਾਲੀਵੁੱਡ ’ਚ ਪੈਰ ਧਰਿਆ ਸੀ। ਸੋਨਾਕਸ਼ੀ ਨੇ 2010 ’ਚ ਦਬੰਗ ਤੇ ਜ਼ਹੀਰ ਨੇ 2019 ’ਚ ‘ਨੋਟਬੁੱਕ’ ਫਿਲਮ ਕੀਤੀ ਸੀ। ਇਸ ਜੋੜੇ ਨੇ 2022 ’ਚ ਕਾਮੇਡੀ-ਡਰਾਮਾ ਫਿਲਮ ‘ਡਬਲ ਐਕਸਐਲ’ ’ਚ ਵੀ ਇਕੱਠੇ ਕੰਮ ਕੀਤਾ ਸੀ। ਸੋਨਾਕਸ਼ੀ ਸ਼ਤਰੂਘਨ ਸਿਨਹਾ ਦੀ ਧੀ ਹੈ।