ਦਿੱਲੀ ਦੇ 10-15 ਅਜਾਇਬ ਘਰਾਂ ਨੂੰ ਉਡਾਉਣ ਦੀ ਧਮਕੀ

0
194

ਨਵੀਂ ਦਿੱਲੀ : ਲਗਭਗ 10-15 ਅਜਾਇਬ ਘਰਾਂ ’ਚ ਬੰਬ ਹੋਣ ਦੀ ਈਮੇਲ ਰਾਹੀਂ ਧਮਕੀ ਮਿਲੀ। ਪੁਲਸ ਤੁਰੰਤ ਸੰਬੰਧਤ ਥਾਵਾਂ ’ਤੇ ਪਹੁੰਚੀ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਮੰਗਲਵਾਰ ਨੂੰ ਵੱਖ-ਵੱਖ ਅਜਾਇਬ ਘਰਾਂ ਸਮੇਤ ਸ਼ਹਿਰ ’ਚ ਰੇਲ ਅਜਾਇਬ ਘਰ ਵਿਚ ਵੀ ਬੰਬ ਹੋਣ ਦੀ ਧਮਕੀ ਭਰੀ ਈਮੇਲ ਭੇਜੀ ਗਈ ਸੀ, ਜੋ ਕਿ ਝੂਠੀ ਸੀ ਅਤੇ ਜਾਂਚ ਦੌਰਾਨ ਉਥੇ ਕੋਈ ਬੰਬ ਨਹੀਂ ਮਿਲਿਆ। ਪੁਲਸ ਨੇ ਇਸ ਸੰਬੰਧੀ ਕੇਸ ਦਰਜ ਕਰਦਿਆਂ ਝੂਠੀਆਂ ਈਮੇਲਜ਼ ਭੇਜਣ ਵਾਲਿਆਂ ਨੂੰ ਲੱਭਣ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਦੱਸਣਯੋਗ ਹੈ ਕਿ ਪਿਛਲੇ ਸਮੇਂ ਦੌਰਾਨ ਰਾਜਧਾਨੀ ’ਚ ਸਕੂਲ, ਕਾਲਜ, ਹਸਪਤਾਲ ਅਤੇ ਹਵਾਈ ਅੱਡੇ ਵਿਚ ਵੀ ਬੰਬ ਹੋਣ ਸੰਬੰਧੀ ਝੂਠੀਆਂ ਧਮਕੀਆਂ ਦਿੱਤੀਆਂ ਗਈਆਂ ਹਨ। ਮਈ ਮਹੀਨੇ ’ਚ ਦਿੱਲੀ ਦੀਆਂ ਦੋ ਯੂਨੀਵਰਸਿਟੀਆਂ ਨੂੰ ਬੰਬ ਹੋਣ ਸੰਬੰਧੀ ਝੂਠੀ ਧਮਕੀ ਆਈ, ਇਸੇ ਮਹੀਨੇ ਦਿੱਲੀ ਐੱਨ ਸੀ ਆਰ ਦੇ 100 ਤੋਂ ਜ਼ਿਆਦਾ ਸਕੂਲਾਂ ਨੂੰ ਵੀ ਇਸੇ ਤਰ੍ਹਾਂ ਦੀਆਂ ਈਮੇਲਜ਼ ਆਈਆਂ।
ਅਪਰੈਲ ਮਹੀਨੇ ’ਚ ਹਾਈ ਕੋਰਟ ਨੇ ਦਿੱਲੀ ਸਰਕਾਰ ਤੋਂ ਪ੍ਰਾਈਵੇਟ ਸਕੂਲਾਂ ’ਚ ਆ ਰਹੀਆਂ ਬੰਬ ਦੀਆਂ ਧਮਕੀਆਂ ਭਰੀਆਂ ਈਮੇਲਜ਼ ਸੰਬੰਧੀ ਰਿਪੋਰਟ ਮੰਗੀ ਸੀ। ਇਸ ਸੰਬੰਧੀ 17 ਮਈ ਨੂੰ ਦਿੱਲੀ ਪੁਲਸ ਨੇ ਹਾਈ ਕੋਰਟ ’ਚ ਸਟੇਟਸ ਰਿਪੋਰਟ ਦਾਇਰ ਕੀਤੀ, ਜਿਸ ’ਚ ਕਿਹਾ ਕਿ 5 ਬੰਬ ਨਿਰੋਧਕ ਦਸਤੇ ਤਾਇਨਾਤ ਕੀਤੇ ਗਏ ਹਨ ਅਤੇ 18 ਬੰਬ ਖੋਜੀ ਟੀਮਾਂ ਹਰ ਜ਼ਿਲ੍ਹੇ, ਆਈ ਜੀ ਆਈ ਹਵਾਈ ਅੱਡਾ, ਰੇਲਵੇ ਅਤੇ ਮੈਟਰੋ ਸਟੇਸ਼ਨਾਂ ’ਤੇ ਮੌਜੂਦ ਹਨ।
ਇਸੇ ਦੌਰਾਨ ਚੰਡੀਗੜ੍ਹ ਵਿਚ ਬੁੱਧਵਾਰ ਮਾਨਸਿਕ ਸਿਹਤ ਸੰਸਥਾ ਨੂੰ ਈਮੇਲ ਰਾਹੀਂ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ, ਜਿਸ ਤੋਂ ਬਾਅਦ ਮਰੀਜ਼ਾਂ ਅਤੇ ਕਰਮਚਾਰੀਆਂ ਨੂੰ ਸੁਰੱਖਿਅਤ ਸਥਾਨਾਂ ’ਤੇ ਲਿਜਾਇਆ ਗਿਆ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ। ਉਸ ਸਮੇਂ ਹਸਪਤਾਲ ’ਚ ਮਰੀਜ਼, ਡਾਕਟਰ ਅਤੇ ਹੋਰ ਕਰਮਚਾਰੀਆਂ ਸਮੇਤ ਲਗਭਗ 100 ਵਿਅਕਤੀ ਸਨ। ਸੰਸਥਾ ਦੇ ਅਧਿਕਾਰੀ ਨੇ ਦਾਅਵਾ ਕੀਤਾ ਕਿ ਇਹੀ ਈਮੇਲ ਦਿੱਲੀ ਅਤੇ ਦੱਖਣੀ ਭਾਰਤ ਦੇ ਕਈ ਹਸਪਤਾਲਾਂ ਨੂੰ ਭੇਜੀ ਗਈ ਹੈ। ਜਾਂਚ ਦੌਰਾਨ ਕੁਝ ਨਹੀਂ ਲੱਭਾ।

LEAVE A REPLY

Please enter your comment!
Please enter your name here