ਜਲੰਧਰ (ਸ਼ੈਲੀ ਐਲਬਰਟ)-ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭਿ੍ਰਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਕਰੀਬ ਪੰਜਾਬ ਪੁਲਸ ਵਿੱਚ ਫਰਜ਼ੀ ਭਰਤੀ ਘੁਟਾਲੇ ਦਾ ਪਰਦਾ ਫਾਸ਼ ਕਰਦਿਆਂ 102 ਨੌਜਵਾਨਾਂ ਨੂੰ ਸੂਬਾ ਪੁਲਸ ਵਿੱਚ ਦਰਜਾ-4 ਕਰਮਚਾਰੀਆਂ ਵਜੋਂ ਭਰਤੀ ਕਰਾਉਣ ਦਾ ਝਾਂਸਾ ਦੇ ਕੇ ਕੁੱਲ 26,02,926 ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਪੰਜਾਬ ਪੁਲਸ ਦੇ ਦੋ ਹੇਠਲੇ ਮੁਲਾਜ਼ਮਾਂ ਨੂੰ ਗਿ੍ਰਫ਼ਤਾਰ ਕੀਤਾ ਹੈ। ਗਿ੍ਰਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਤੀਜੀ ਆਈ ਆਰ ਬੀ ਵਿੱਚ ਬਤੌਰ ਕਲੀਨਰ (ਗਰੇਡ-4 ਕਰਮਚਾਰੀ) ਵਜੋਂ ਤਾਇਨਾਤ ਤਰਲੋਚਨ ਪਾਲ ਨਿਵਾਸੀ ਮੁਹੱਲਾ ਬੇਗਮਪੁਰ, ਆਦਮਪੁਰ, ਜ਼ਿਲ੍ਹਾ ਜਲੰਧਰ ਅਤੇ ਪੰਜਾਬ ਪੁਲਸ ਅਕੈਡਮੀ ਫਿਲੌਰ ਵਿੱਚ ਨਾਈ (ਗ੍ਰੇਡ-4 ਵਰਕਰ) ਸੁਰਿੰਦਰਪਾਲ ਨਿਵਾਸੀ ਪਿੰਡ ਸੀਕਰੀ, ਨੀਲੋਖੇੜੀ, ਜ਼ਿਲ੍ਹਾ ਕਰਨਾਲ, ਹਰਿਆਣਾ ਵਜੋਂ ਹੋਈ ਹੈ।
ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਦੋਵਾਂ ਮੁਲਜ਼ਮਾਂ ਨੂੰ ਪਿੰਡ ਨੰਗਲਾਂ, ਤਹਿਸੀਲ ਗੜ੍ਹਸ਼ੰਕਰ, ਜ਼ਿਲ੍ਹਾ ਹੁਸ਼ਿਆਰਪੁਰ ਦੇ ਵਸਨੀਕ ਸੁਰਿੰਦਰ ਸਿੰਘ ਵੱਲੋਂ ਮੁੱਖ ਮੰਤਰੀ ਦੀ ਭਿ੍ਰਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਪੋਰਟਲ ’ਤੇ ਦਰਜ ਕਰਵਾਈ ਗਈ ਸ਼ਿਕਾਇਤ ਦੀ ਜਾਂਚ ਉਪਰੰਤ ਗਿ੍ਰਫ਼ਤਾਰ ਕੀਤਾ ਗਿਆ ਹੈ। ਬੁਲਾਰੇ ਨੇ ਦੱਸਿਆ ਕਿ ਵਿਜੀਲੈਂਸ ਬਿਊਰੋ ਜਲੰਧਰ ਰੇਂਜ ਵੱਲੋਂ ਕੀਤੀ ਗਈ ਤਫ਼ਤੀਸ਼ ਦੌਰਾਨ ਸ਼ਿਕਾਇਤਕਰਤਾ ਵੱਲੋਂ ਲਗਾਏ ਗਏ ਦੋਸ਼ ਸਹੀ ਪਾਏ ਗਏ, ਜਿਸ ਕਾਰਨ ਉਕਤ ਦੋਵਾਂ ਮੁਲਜ਼ਮਾਂ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ।
ਉਨ੍ਹਾਂ ਦੱਸਿਆ ਕਿ ਗਿ੍ਰਫਤਾਰ ਕੀਤੇ ਗਏ ਮੁਲਜ਼ਮ ਤਰਲੋਚਨ ਪਾਲ ਅਤੇ ਮੁਲਜ਼ਮ ਸੁਰਿੰਦਰਪਾਲ ਨੂੰ ਬੁੱਧਵਾਰ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨਾਂ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ, ਜਿਸ ਦੌਰਾਨ ਇਨ੍ਹਾਂ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਕਿ ਹੋਰ ਕਿੰਨੇ ਭੋਲੇ-ਭਾਲੇ ਵਿਅਕਤੀਆਂ ਨੂੰ ਦਰਜਾ-4 ਕਰਮਚਾਰੀ ਭਰਤੀ ਕਰਾਉਣ ਦਾ ਝਾਂਸਾ ਦੇ ਕੇ ਠੱਗੀ ਮਾਰੀ ਗਈ ਅਤੇ ਇਸ ਫਰਜ਼ੀ ਘਪਲੇ ਵਿੱਚ ਕੁੱਲ ਕਿੰਨੀ ਰਕਮ ਇਕੱਤਰ ਕੀਤੀ ਗਈ।
ਬੁਲਾਰੇ ਨੇ ਦੱਸਿਆ ਕਿ ਜਾਂਚ ਤੋਂ ਪਤਾ ਲੱਗਾ ਹੈ ਕਿ ਤਰਲੋਚਨ ਪਾਲ ਅਤੇ ਇਸ ਕੰਮ ਵਿੱਚ ਉਸ ਦੇ ਸਾਥੀ ਸੁਰਿੰਦਰਪਾਲ ਨੇ ਭੋਲੇ-ਭਾਲੇ ਨੌਜਵਾਨਾਂ ਨੂੰ ਝੂਠਾ ਯਕੀਨ ਦਿਵਾਇਆ ਕਿ ਆਉਣ ਵਾਲੇ ਮਹੀਨਿਆਂ ਦੌਰਾਨ ਪੰਜਾਬ ਪੁਲਸ ਵਿੱਚ ਦਰਜਾ-4 ਦੀਆਂ ਲਗਭਗ 560 ਅਸਾਮੀਆਂ ਭਰੀਆਂ ਜਾਣੀਆਂ ਹਨ। ਉਕਤ ਦੋਵਾਂ ਮੁਲਜ਼ਮਾਂ ਨੇ ਆਪਸੀ ਮਿਲੀਭੁਗਤ ਨਾਲ ਪੰਜਾਬ ਪੁਲਸ ਵਿੱਚ ਦਰਜਾ-4 ਕਰਮਚਾਰੀਆਂ ਵਜੋਂ ਭਰਤੀ ਕਰਵਾਉਣ ਦਾ ਝੂਠਾ ਲਾਰਾ ਲਾ ਕੇ ਪ੍ਰਤੀ ਵਿਅਕਤੀ 25000 ਰੁਪਏ ਰਿਸ਼ਵਤ ਦੀ ਮੰਗ ਕੀਤੀ ਅਤੇ ਸੂਬੇ ਭਰ ਵਿੱਚੋਂ ਕਰੀਬ 102 ਵਿਅਕਤੀਆਂ ਤੋਂ ਇਸ ਤਰ੍ਹਾਂ ਪੈਸੇ ਇਕੱਠੇ ਕੀਤੇ। ਨਤੀਜੇ ਵਜੋਂ ਤਰਲੋਚਨ ਪਾਲ ਨੂੰ ਕੁੱਲ 18,09,100 ਰੁਪਏ ਰਿਸ਼ਵਤ ਵਜੋਂ ਪ੍ਰਾਪਤ ਹੋਏ, ਜੋ ਕਿ ਉਸ ਨੇ ਵੱਖ-ਵੱਖ ਬੈਂਕ ਖਾਤਿਆਂ ਵਿੱਚ ਜਮ੍ਹਾਂ ਕਰਵਾਏ ਗਏ ਅਤੇ ਇਸ ਵਿੱਚੋਂ ਉਸ ਨੇ 5,45,000 ਰੁਪਏ ਸੁਰਿੰਦਰਪਾਲ ਦੇ ਐੱਚ ਡੀ ਐੱਫ ਸੀ ਬੈਂਕ ਖਾਤੇ ਵਿੱਚ ਤਬਦੀਲ ਕਰ ਦਿੱਤੇ। ਇਸ ਤੋਂ ਇਲਾਵਾ ਸੁਰਿੰਦਰਪਾਲ ਦੇ ਬੈਂਕ ਖਾਤੇ ਵਿੱਚ 7,93,826 ਰੁਪਏ ਰਿਸ਼ਵਤ ਵਜੋਂ ਵੱਖਰੇ ਪ੍ਰਾਪਤ ਹੋਏ ਸਨ। ਤਫਤੀਸ਼ ਦੌਰਾਨ ਪਤਾ ਲੱਗਾ ਹੈ ਕਿ ਮੁਲਜ਼ਮਾਂ ਵੱਲੋਂ ਕੁੱਲ 26,02,926 ਰੁਪਏ ਰਿਸ਼ਵਤ ਵਜੋਂ ਲਏ ਗਏ। ਮੁਲਜ਼ਮਾਂ ਵਿਰੁੱਧ ਆਈ.ਪੀ.ਸੀ. ਦੀ ਧਾਰਾ 420 ਅਤੇ 120-ਬੀ ਅਤੇ ਭਿ੍ਰਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7 ਅਧੀਨ ਮਿਤੀ 07/06/2024 ਨੂੰ ਮੁਕੱਦਮਾ ਨੰਬਰ 10 ਦਰਜ ਕੀਤਾ ਗਿਆ ਹੈ।
ਉਨ੍ਹਾ ਦੱਸਿਆ ਕਿ ਮੁਲਜ਼ਮ ਸੁਰਿੰਦਰਪਾਲ ਨੇ ਪੁੱਛਗਿੱਛ ਦੌਰਾਨ ਵਿਜੀਲੈਂਸ ਬਿਊਰੋ ਕੋਲ ਮੰਨਿਆਂ ਹੈ ਕਿ ਉਸ ਨੇ ਅਤੇ ਤਰਲੋਚਨ ਪਾਲ ਨੇ ਭਰਤੀ ਹੋਣ ਵਾਲੇ ਚਾਹਵਾਨ ਵਿਅਕਤੀਆਂ ਤੋਂ ਪੈਸੇ ਲੈ ਕੇ ਕਰੀਬ 9.00 ਲੱਖ ਰੁਪਏ ਪੰਜਾਬ ਪੁਲਸ ਹੈੱਡਕੁਆਟਰ ਚੰਡੀਗੜ੍ਹ ਵਿਖੇ ਤਾਇਨਾਤ ਦੋ ਕਰਮਚਾਰੀਆਂ ਨੂੰ ਦੇ ਦਿੱਤੇ ਸਨ। ਉਸ ਨੇ ਇਹ ਵੀ ਦੱਸਿਆ ਕਿ ਇਹ ਭਰਤੀ ਨਾ ਹੋਣ ਪਿੱਛੋਂ ਹੈੱਡਕੁਆਟਰ ਵਿਖੇ ਲੱਗੇ ਦੋਵਾਂ ਮੁਲਾਜ਼ਮਾਂ ਵੱਲੋਂ 9.00 ਲੱਖ ਰੁਪਏ ਵਿੱਚੋਂ ਕੁੱਝ ਪੈਸੇ ਉਨ੍ਹਾਂ ਨੂੰ ਵਾਪਸ ਕਰ ਦਿੱਤੇ ਗਏ, ਪਰ ਬਾਕੀ ਦੇ ਪੈਸੇ ਉਨ੍ਹਾਂ ਹੜੱਪ ਲਏ। ਤਫਤੀਸ਼ ਦੌਰਾਨ ਸਾਹਮਣੇ ਆਏ ਵੱਖ-ਵੱਖ ਪੀੜਤ ਵਿਅਕਤੀਆਂ ਨੂੰ ਬੁਲਾ ਕੇ ਉਨ੍ਹਾਂ ਦੇ ਬਿਆਨ ਕਲਮਬੰਦ ਕੀਤੇ ਜਾ ਰਹੇ ਹਨ, ਜਿਨਾਂ ਪਾਸੋਂ ਪੈਸੇ ਉਕਤ ਮੁਲਜ਼ਮਾਂ ਨੇ ਰਿਸ਼ਵਤਾਂ ਲਈਆਂ ਸਨ। ਇਸ ਤੋਂ ਇਲਾਵਾ ਹੋਰ ਪੀੜਤ ਵੀ ਅਗਲੇ ਦਿਨਾਂ ਵਿੱਚ ਇਨ੍ਹਾਂ ਵੱਲੋਂ ਧੋਖੇ ਨਾਲ ਰਿਸ਼ਵਤ ਲੈਣ ਬਾਰੇ ਸ਼ਿਕਾਇਤਾਂ ਲੈ ਕੇ ਬਿਊਰੋ ਕੋਲ ਪਹੁੰਚ ਸਕਦੇ ਹਨ।





