ਨਵੀਂ ਦਿੱਲੀ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜੰਮੂ-ਕਸ਼ਮੀਰ ’ਚ ਹਾਲ ਹੀ ’ਚ ਹੋਏ ਅੱਤਵਾਦੀ ਹਮਲਿਆਂ ਦੇ ਮੱਦੇਨਜ਼ਰ ਖੇਤਰ ਦੀ ਸੁਰੱਖਿਆ ਸਥਿਤੀ ਦਾ ਐਤਵਾਰ ਜਾਇਜ਼ਾ ਲਿਆ। ਸੂਤਰਾਂ ਨੇ ਕਿਹਾ ਕਿ ਸ਼ਾਹ ਨੇ 29 ਜੂਨ ਤੋਂ ਸ਼ੁਰੂ ਹੋ ਰਹੀ ਸਾਲਾਨਾ ਅਮਰਨਾਥ ਯਾਤਰਾ ਦੀਆਂ ਤਿਆਰੀਆਂ ਦਾ ਵੀ ਜਾਇਜ਼ਾ ਲਿਆ। ਉੱਚ ਪੱਧਰੀ ਮੀਟਿੰਗ ’ਚ ਗ੍ਰਹਿ ਮੰਤਰੀ ਨੂੰ ਜੰਮੂ-ਕਸ਼ਮੀਰ ਦੀ ਮੌਜੂਦਾ ਸਥਿਤੀ ਬਾਰੇ ਵਿਸਤਿ੍ਰਤ ਜਾਣਕਾਰੀ ਦਿੱਤੀ ਗਈ ਅਤੇ ਦੱਸਿਆ ਗਿਆ ਕਿ ਸੁਰੱਖਿਆ ਬਲ ਅਗਲੇ ਦਿਨਾਂ ’ਚ ਉੱਥੇ ਅੱਤਵਾਦ ਵਿਰੋਧੀ ਮੁਹਿੰਮ ਤੇਜ਼ ਕਰ ਸਕਦੇ ਹਨ। ਮੀਟਿੰਗ ’ਚ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ, ਫੌਜ ਮੁਖੀ ਜਨਰਲ ਮਨੋਜ ਪਾਂਡੇ, ਨਵੇਂ ਥਲ ਸੈਨਾ ਮੁਖੀ ਵਜੋਂ ਨਾਮਜ਼ਦ ਲੈਫਟੀਨੈਂਟ ਜਨਰਲ ਉਪੇਂਦਰ ਦਿਵੇਦੀ, ਕੇਂਦਰੀ ਗ੍ਰਹਿ ਸਕੱਤਰ ਅਜੈ ਭੱਲਾ, ਇੰਟੈਲੀਜੈਂਸ ਬਿਊਰੋ ਦੇ ਡਾਇਰੈਕਟਰ ਤਪਨ ਡੇਕਾ, ਸੀ ਆਰ ਪੀ ਐੱਫ ਦੇ ਡਾਇਰੈਕਟਰ ਜਨਰਲ ਅਨੀਸ ਦਿਆਲ ਸਿੰਘ, ਬੀ ਐੱਸ ਐੱਫ ਦੇ ਡਾਇਰੈਕਟਰ ਜਨਰਲ ਨਿਤਿਨ ਅਗਰਵਾਲ, ਜੰਮੂ ਤੇ ਕਸ਼ਮੀਰ ਪੁਲਸ ਦੇ ਡਾਇਰੈਕਟਰ ਜਨਰਲ ਆਰ ਆਰ ਸਵਾਨ ਅਤੇ ਹੋਰ ਉੱਚ ਸੁਰੱਖਿਆ ਅਧਿਕਾਰੀ ਸ਼ਾਮਲ ਹੋਏ।



