ਨਵੀਂ ਦਿੱਲੀ : ਦਿੱਲੀ ਪੁਲਸ ਦੀ ਆਰਥਕ ਸ਼ਾਖਾ (ਈ ਓ ਡਬਲਯੂ) ਵੱਲੋਂ ਚੱਲ ਰਹੀ ਜਾਂਚ ਅਤੇ ਦਿੱਲੀ ਦੇ ਉਪ ਰਾਜਪਾਲ ਵੀ ਕੇ ਸਕਸੈਨਾ ਅਤੇ ਦਿੱਲੀ ਸਰਕਾਰ ਦੇ ਆਹਮੋ-ਸਾਹਮਣੇ ਦੌਰਾਨ ਸ਼ਰਾਬ ਨੀਤੀ ਵਿਵਾਦ ਨੇ ਇੱਕ ਨਵਾਂ ਮੋੜ ਲੈ ਲਿਆ ਹੈ | ਦਿੱਲੀ ਸਰਕਾਰ ਨੇ ਛੇ ਮਹੀਨੇ ਲਈ ਪਰਚੂਨ ਸ਼ਰਾਬ ਦੀ ਵਿਕਰੀ ਦੀ ਪੁਰਾਣੀ ਵਿਵਸਥਾ ‘ਤੇ ਵਾਪਸ ਜਾਣ ਦਾ ਫੈਸਲਾ ਕੀਤਾ ਹੈ | ਮੌਜੂਦਾ ਆਬਕਾਰੀ ਨੀਤੀ 31 ਜੁਲਾਈ ਨੂੰ ਖ਼ਤਮ ਹੋ ਰਹੀ ਹੈ, ਜਿਸ ਨੂੰ 31 ਮਾਰਚ ਤੋਂ ਬਾਅਦ ਦੋ ਵਾਰ ਦੋ-ਦੋ ਮਹੀਨੇ ਲਈ ਵਧਾਇਆ ਗਿਆ ਸੀ | ਹਾਲਾਂਕਿ ਮਸੌਦਾ ਹਾਲੇ ਤੱਕ ਉਪ ਰਾਜਪਾਲ ਵੀ ਕੇ ਸਕਸੈਨਾ ਨੂੰ ਮਨਜ਼ੂਰੀ ਲਈ ਭੇਜਿਆ ਜਾਣਾ ਬਾਕੀ ਹੈ | ਅਧਿਕਾਰੀਆਂ ਨੇ ਦੱਸਿਆ ਕਿ ਆਬਕਾਰੀ ਵਿਭਾਗ ਦਾ ਕੰਮਕਾਜ ਸੰਭਾਲ ਰਹੇ ਉਪ ਮੁੱਖ ਮਤਰੀ ਮਨੀਸ਼ ਸਿਸੋਦੀਆ ਨੇ ਵੀਰਵਾਰ ਨੂੰ ਵਿਭਾਗ ਨੂੰ ਨਵੀਂ ਨੀਤੀ ਦੇ ਆਉਣ ਤੱਕ ਛੇ ਮਹੀਨੇ ਲਈ ਆਬਕਾਰੀ ਦੀ ਪੁਰਾਣੀ ਵਿਵਸਥਾ ‘ਤੇ ਵਾਪਸ ਆਉਣ ਦਾ ਨਿਰਦੇਸ਼ ਦਿੱਤਾ | ਪੁਰਾਣੀ ਆਬਕਾਰੀ ਨੀਤੀ 1 ਅਗਸਤ ਤੋਂ ਲਾਗੂ ਹੋਣ ਜਾ ਰਹੀ ਹੈ | ਦਿੱਲੀ ਸਰਕਾਰ ਨੇ ਨਵੀਂ ਆਬਕਾਰੀ ਨੀਤੀ ਪਿਛਲੇ ਸਾਲ ਲਾਗੂ ਕੀਤੀ ਸੀ |