ਵਾਸ਼ਿੰਗਟਨ : ਅਮਰੀਕੀ ਨਾਗਰਿਕ ਅਤੇ ਵੱਖਵਾਦੀ ਗੁਰਪਤਵੰਤ ਸਿੰਘ ਪਨੂੰ ਨੂੰ ਕਤਲ ਕਰਾਉਣ ਦੀ ਕਥਿਤ ਸਾਜ਼ਿਸ਼ ‘ਚ ਸ਼ਾਮਲ ਮੁਲਜ਼ਮ ਭਾਰਤੀ ਨਾਗਰਿਕ ਨਿਖਿਲ ਗੁਪਤਾ ਨੂੰ ਚੈੱਕ ਗਣਰਾਜ ਨੇ ਅਮਰੀਕਾ ਹਵਾਲੇ ਕਰ ਦਿੱਤਾ ਹੈ | ਗੁਪਤਾ (52) ਨੂੰ ਅਮਰੀਕੀ ਸਰਕਾਰ ਦੀ ਅਪੀਲ ‘ਤੇ ਪਿਛਲੇ ਸਾਲ ਚੈੱਕ ਗਣਰਾਜ ਵਿਚ ਗਿ੍ਫਤਾਰ ਕੀਤਾ ਗਿਆ ਸੀ | ਚੈੱਕ ਸੰਵਿਧਾਨਕ ਅਦਾਲਤ ਨੇ ਪਿਛਲੇ ਮਹੀਨੇ ਹਵਾਲਗੀ ਵਿਰੁੱਧ ਗੁਪਤਾ ਦੀ ਪਟੀਸ਼ਨ ਨੂੰ ਰੱਦ ਕਰ ਦਿੱਤਾ ਸੀ | ਅਮਰੀਕਾ ਦੇ ਸੰਘੀ ਵਕੀਲਾਂ ਨੇ ਦੋਸ਼ ਲਗਾਇਆ ਹੈ ਕਿ ਗੁਪਤਾ ਅਣਪਛਾਤੇ ਭਾਰਤੀ ਸਰਕਾਰੀ ਅਧਿਕਾਰੀ ਦੇ ਨਿਰਦੇਸ਼ਾਂ ‘ਤੇ ਕੰਮ ਕਰ ਰਿਹਾ ਸੀ | ਗੁਪਤਾ ਨੇ ਪਨੂੰ ਨੂੰ ਮਰਵਾਉਣ ਲਈ 15 ਹਜ਼ਾਰ ਡਾਲਰ ਦੀ ਪੇਸ਼ਗੀ ਰਕਮ ਦੇ ਕੇ ਇਕ ਹਿੱਟਮੈਨ ਗੰਢਿਆ ਸੀ | ਭਾਰਤ ਨੇ ਇਸ ਮਾਮਲੇ ‘ਚ ਕਿਸੇ ਵੀ ਤਰ੍ਹਾਂ ਦੀ ਸ਼ਮੂਲੀਅਤ ਤੋਂ ਇਨਕਾਰ ਕੀਤਾ ਹੈ ਅਤੇ ਦੋਸ਼ਾਂ ਦੀ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਹਨ | ਗੁਪਤਾ ਇਸ ਸਮੇਂ ਬਰੁਕਲਿਨ ਦੇ ਮੈਟਰੋਪੋਲੀਟਨ ਡਿਟੈਂਸ਼ਨ ਸੈਂਟਰ ‘ਚ ਬੰਦ ਹੈ |



