25.8 C
Jalandhar
Monday, September 16, 2024
spot_img

ਇੰਜੀਨੀਅਰਾਂ ਵੱਲੋਂ ਫਰੀ ਬਿਜਲੀ ਨੀਤੀ ‘ਤੇ ਫੌਰੀ ਨਜ਼ਰਸਾਨੀ ਦੀ ਸਲਾਹ

ਇੰਜੀਨੀਅਰਾਂ ਵੱਲੋਂ ਫਰੀ ਬਿਜਲੀ ਨੀਤੀ ‘ਤੇ ਫੌਰੀ ਨਜ਼ਰਸਾਨੀ ਦੀ ਸਲਾਹ
ਪਟਿਆਲਾ : ਅੱਤ ਦੀ ਗਰਮੀ ਤੇ ਝੋਨੇ ਦੀ ਲੁਆਈ ਨੇ ਪਿਛਲੇ ਤਿੰਨ ਦਿਨਾਂ ਵਿਚ ਬਿਜਲੀ ਦੀ ਮੰਗ ਦਾ ਪਿਛਲੇ ਸਾਲ ਦਾ 15325 ਮੈਗਾਵਾਟ ਦਾ ਰਿਕਾਰਡ ਤੋੜ ਦਿੱਤਾ ਹੈ | ਆਲ ਇੰਡੀਆ ਪਾਵਰ ਇੰਜੀਨੀਅਰਜ਼ ਫੈਡਰੇਸ਼ਨ ਨੇ ਪੰਜਾਬ ਸਰਕਾਰ ਨੂੰ ਚਿੱਠੀ ਲਿਖ ਕੇ ਖਬਰਦਾਰ ਕੀਤਾ ਹੈ ਕਿ ਮੰਗ ਵਧਣ ਨਾਲ ਤਕੜੇ ਕੱਟ ਲੱਗ ਸਕਦੇ ਹਨ | ਫੈਡਰੇਸ਼ਨ ਨੇ ਸੁਝਾਅ ਦਿੱਤਾ ਹੈ ਕਿ ਸਰਕਾਰੀ ਦਫਤਰਾਂ ਦਾ ਸਮਾਂ ਸਵੇਰੇ 7 ਵਜੇ ਤੋਂ 2 ਵਜੇ ਤੱਕ ਦਾ ਕਰ ਦਿੱਤਾ ਜਾਵੇ ਅਤੇ ਮਾਲ, ਦੁਕਾਨਾਂ ਸਣੇ ਸਾਰੇ ਕਮਰਸ਼ੀਅਲ ਅਦਾਰੇ ਸ਼ਾਮੀਂ 7 ਵਜੇ ਬੰਦ ਕਰਨ ਦੇ ਹੁਕਮ ਦਿੱਤੇ ਜਾਣ | ਉਸ ਨੇ ਪੀਕ ਲੋਡ ਦੀਆਂ ਰੋਕਾਂ ਲਾਗੂ ਕਰਨ ਲਈ ਵੀ ਕਿਹਾ ਹੈ |
ਸ੍ਰੀ ਮੁਕਤਸਰ ਸਾਹਿਬ, ਫਰੀਦਕੋਟ, ਮਾਨਸਾ, ਬਠਿੰਡਾ, ਫਾਜ਼ਿਲਕਾ, ਫਿਰੋਜ਼ਪੁਰ ਤੇ ਕੌਮਾਂਤਰੀ ਸਰਹੱਦ ‘ਤੇ ਲੱਗੀ ਕੰਡਿਆਲੀ ਤਾਰ ਤੋਂ ਪਾਰਲੇ ਇਲਾਕਿਆਂ ਵਿਚ ਝੋਨੇ ਦੀ ਲੁਆਈ ਲਈ 11 ਜੂਨ ਤੋਂ ਨਹਿਰੀ ਪਾਣੀ ਦੀ ਬਿਨਾਂ ਰੋਕ-ਟੋਕ ਦੇ ਸਪਲਾਈ ਕੀਤੀ ਗਈ | ਮੋਗਾ, ਸੰਗਰੂਰ, ਮਾਲੇਰਕੋਟਲਾ, ਪਟਿਆਲਾ, ਫਤਿਹਗੜ੍ਹ ਸਾਹਿਬ, ਮੁਹਾਲੀ, ਰੂਪਨਗਰ, ਲੁਧਿਆਣਾ, ਕਪੂਰਥਲਾ, ਜਲੰਧਰ, ਹੁਸ਼ਿਆਰਪੁਰ, ਨਵਾਂ ਸ਼ਹਿਰ, ਤਰਨ ਤਾਰਨ, ਅੰਮਿ੍ਤਸਰ, ਗੁਰਦਾਸਪੁਰ ਤੇ ਪਠਾਨਕੋਟ ਵਿਚ ਟਿਊਬਵੈੱਲਾਂ ਲਈ 15 ਜੂਨ ਤੋਂ ਬਿਜਲੀ ਦੀ ਸਪਲਾਈ ਕੀਤੀ ਜਾ ਰਹੀ ਹੈ | ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਇਕ ਅਧਿਕਾਰੀ ਨੇ ਕਿਹਾ ਕਿ ਬਿਜਲੀ ਦੀ ਮੰਗ 15500 ਮੈਗਾਵਾਟ ਨੂੰ ਛੂਹ ਰਹੀ ਹੈ ਤੇ ਜੇ 1200 ਮੈਗਾਵਾਟ ਹੋਰ ਵਧੀ ਤਾਂ ਗਰਿੱਡ ਵੀ ਫੇਲ੍ਹ ਹੋ ਸਕਦਾ ਹੈ | ਫੈਡਰੇਸ਼ਨ ਨੇ ਕਿਹਾ ਹੈ ਕਿ ਪੰਜਾਬ ਵਿਚ ਜਿੱਥੇ ਝੋਨਾ ਨਹੀਂ ਲੱਗਾ, ਉਥੇ ਬਿਜਾਈ ਦਾ ਸਮਾਂ 25 ਜੂਨ ਕੀਤਾ ਜਾਵੇ ਤੇ ਇਸ ਦੀ ਕਿਸੇ ਨੂੰ ਵੀ ਉਲੰਘਣਾ ਨਾ ਕਰਨ ਦਿੱਤੀ ਜਾਵੇ | ਵੱਧ ਪਾਣੀ ਲੈਣ ਵਾਲੀਆਂ ਪੂਸਾ 44 ਵਰਗੀਆਂ ਕਿਸਮਾਂ ਦਾ ਝੋਨਾ ਲਾਉਣ ‘ਤੇ ਰੋਕ ਲਾਈ ਜਾਵੇ ਤੇ ਪੀ ਆਰ 126 ਵਰਗੀਆਂ ਕਿਸਮਾਂ ਤੇ ਬਾਸਮਤੀ ਆਦਿ ਲਾਉਣ ਲਈ ਕਿਸਾਨਾਂ ਨੂੰ ਉਤਸ਼ਾਹਤ ਕੀਤਾ ਜਾਵੇ, ਜਿਹੜੀਆਂ ਤਿੰਨ ਮਹੀਨਿਆਂ ਵਿਚ ਝਾੜ ਦਿੰਦੀਆਂ ਹਨ | ਬਿਜਲੀ ਚੋਰੀ ਕਰਨ ਵਾਲਿਆਂ ‘ਤੇ ਕੌਮੀ ਸੁਰੱਖਿਆ ਕਾਨੂੰਨ (ਐੱਨ ਐੱਸ ਏ) ਲਾਇਆ ਜਾਵੇ ਤੇ ਫਰੀ ਬਿਜਲੀ ਦੀ ਨੀਤੀ ‘ਤੇ ਤੁਰੰਤ ਨਜ਼ਰਸਾਨੀ ਕੀਤੀ ਜਾਵੇ |
ਪਾਵਰ ਕਾਰਪੋਰੇਸ਼ਨ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਪਿਛਲੇ ਤਿੰਨ ਦਿਨਾਂ ਵਿਚ ਮੰਗ 15500 ਮੈਗਾਵਾਟ ਨੂੰ ਛੂਹਣ ਕਾਰਨ ਵੱਡਾ ਖਤਰਾ ਮੰਡਰਾ ਰਿਹਾ ਹੈ | ਪਿਛਲੇ ਸਾਲ 23 ਜੂਨ ਨੂੰ 15325 ਮੈਗਾਵਾਟ ਤੱਕ ਮੰਗ ਵਧੀ ਸੀ | ਜੂਨ ਦੇ ਆਖਰੀ ਹਫਤੇ ਝੋਨਾ ਲਾਉਣ ਦਾ ਕੰਮ ਸਿਖਰ ‘ਤੇ ਹੋਵੇਗਾ ਤੇ ਬਿਜਲੀ ਦੀ ਮੰਗ 16500 ਮੈਗਾਵਾਟ ਤਕ ਅੱਪੜ ਸਕਦੀ ਹੈ | ਫੈਡਰੇਸ਼ਨ ਨੇ ਸੂਬਾ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਕੇਂਦਰੀ ਊਰਜਾ ਮੰਤਰੀ ਤੋਂ ਤਰਜੀਹੀ ਆਧਾਰ ‘ਤੇ ਕੇਂਦਰੀ ਪੂਲ ਵਿੱਚੋਂ ਘੱਟੋ-ਘੱਟ ਇਕ ਹਜ਼ਾਰ ਮੈਗਾਵਾਟ ਹੋਰ ਬਿਜਲੀ ਮੰਗੇ |

Related Articles

LEAVE A REPLY

Please enter your comment!
Please enter your name here

Latest Articles