ਨਵੀਂ ਦਿੱਲੀ : ਦਿੱਲੀ ਆਬਕਾਰੀ ਵਿਭਾਗ ਦੇ ਮੰਤਰੀ ਅਤੇ ਡਿਪਟੀ ਮੁੱਖ ਮੰਤਰੀ ਮਨੀਸ਼ ਸਿਸੋਦੀਆਂ ਨੇ ਪ੍ਰੈੱਸ ਕਾਨਫਰੰਸ ਕਰਕੇ ਕਿਹਾ ਕਿ ਅਸੀਂ ਦਿੱਲੀ ‘ਚ ਗੁਜਰਾਤ ਵਰਗੀ ਜ਼ਹਿਰੀਲੀ ਸ਼ਰਾਬ ਨਾਲ ਤਰਾਸਦੀ ਨਹੀਂ ਚਾਹੁੰਦੇ, ਇਸ ਲਈ ਦਿੱਲੀ ‘ਚ ਪੁਰਾਣੀ ਆਬਾਕਾਰੀ ਨੀਤੀ ਹੀ ਲਾਗੂ ਰਹੇਗੀ | ਸਿਸੋਦੀਆ ਨੇ ਭਾਜਪਾ ‘ਤੇ ਦੋਸ਼ ਲਾਉਂਦੇ ਹੋਏ ਕਿਹਾ ਕਿ ਇਹ ਲੋਕ ਚਾਹੁੰਦੇ ਹਨ ਕਿ ਦਿੱਲੀ ‘ਚ ਸ਼ਰਾਬ ਦੀ ਕਿੱਲਤ ਹੋਵੇ, ਕਿਉਂਕਿ ਜੇਕਰ ਕਿੱਲਤ ਹੁੰਦੀ ਹੈ ਤਾਂ ਇਨ੍ਹਾਂ ਨੂੰ ਲਾਭ ਮਿਲਦਾ | ਇਹ ਲੋਕ ਨਕਲੀ ਸ਼ਰਾਬ ਬਣਾ ਕੇ ਵੇਚਦੇ ਹਨ | ਡਿਪਟੀ ਮੁੱਖ ਮੰਤਰੀ ਨੇ ਕਿਹਾ ਕਿ ਸਾਡੀ ਸਰਕਾਰ ਪਿਛਲੇ ਸਾਲ ਨਵੀਂ ਐਕਸਾਈਜ਼ ਪਾਲਸੀ ਲੈ ਕੇ ਆਈ ਸੀ | 2021-22 ਦੀ ਪਾਲਸੀ ਲਾਗੂ ਹੋਣ ਨਾਲ ਪਹਿਲਾਂ ਦਿੱਲੀ ‘ਚ ਜ਼ਿਆਦਾ ਸਰਕਾਰੀ ਦੁਕਾਨਾਂ ਸਨ | ਦਿੱਲੀ ‘ਚ ਜੋ ਪ੍ਰਾਈਵੇਟ ਦੁਕਾਨਾਂ ਸਨ, ਉਨ੍ਹਾਂ ਦੇ ਲਾਇਸੰਸ ਉਨ੍ਹਾਂ ਆਪਣੇ ਲੋਕਾਂ ਨੂੰ ਦੇ ਰੱਖੇ ਸਨ ਅਤੇ ਬਹੁਤ ਘੱਟ ਲਾਇਸੰਸ ਫੀਸ ਸੀ | ਪਹਿਲਾਂ ਦਿੱਲੀ ‘ਚ 850 ਦੁਕਾਨਾਂ ਹੁੰਦੀਆਂ ਸਨ ਅਤੇ ਅਸੀਂ ਨਵੀਂ ਪਾਲਸੀ ‘ਚ ਤੈਅ ਕੀਤਾ ਕਿ ਓਨੀਆਂ ਹੀ ਦੁਕਾਨਾਂ ਖੋਲ੍ਹੀਆਂ ਜਾਣਗੀਆਂ, ਕੋਈ ਨਵੀਂ ਦੁਕਾਨ ਨਹੀਂ ਖੋਲ੍ਹੀ ਜਾਵੇਗੀ | ਸਿਸੋਦੀਆ ਨੇ ਕਿਹਾ ਕਿ ਦਿੱਲੀ ਸਰਕਾਰ ਨੂੰ 6000 ਕਰੋੜ ਰੁਪਏ ਦਾ ਰੈਵੇਨਿਊ ਮਿਲਦਾ ਸੀ, ਹੁਣ 9500 ਕਰੋੜ ਰੁਪਏ ਰੈਵੇਨਿਊ ਆਉਣ ਲੱਗਾ ਹੈ | ਅੱਜ ਦਿੱਲੀ ‘ਚ ਕੁੱਲ 468 ਦੁਕਾਨਾਂ ਹੀ ਚੱਲ ਰਹੀਆਂ ਹਨ ਅਤੇ ਇੱਕ ਅਗਸਤ ਤੋਂ ਕਈ ਹੋਰ ਦੁਕਾਨਾਂ ਘੱਟ ਹੋ ਜਾਣਗੀਆਂ, ਕਿਉਂਕਿ ਸੀ ਬੀ ਆਈ, ਈ ਡੀ ਦੇ ਡਰ ਨਾਲ ਕਈ ਹੋਰ ਲੋਕ ਵੀ ਦੁਕਾਨਾਂ ਛੱਡ ਜਾਣ ਵਾਲੇ ਹਨ | ਕਾਰੋਬਾਰੀਆਂ ਨੂੰ ਸੀ ਬੀ ਆਈ ਅਤੇ ਈ ਡੀ ਦੇ ਨਾਂਅ ‘ਤੇ ਏਨਾ ਡਰਾ ਦਿੱਤਾ ਗਿਆ ਹੈ ਕਿ ਹੁਣ ਕੋਈ ਸ਼ਰਾਬ ਦਾ ਟੈਂਡਰ ਲੈਣ ਨੂੰ ਤਿਆਰ ਨਹੀਂ | ਅਧਿਕਾਰੀ ਵੀ ਡਰੇ ਹੋਏ ਹਨ | ਕੁੱਲ ਮਿਲਾ ਕੇ ਇਨ੍ਹਾਂ ਨੇ ਇਸ ਤਰ੍ਹਾਂ ਦੇ ਹਾਲਾਤ ਪੈਦਾ ਕਰ ਦਿੱਤੇ ਹਨ ਕਿ ਦਿੱਲੀ ‘ਚ ਐਕਸਾਈਜ਼ ਡਿਊਟੀ ਦੇਣ ਵਾਲੀਆਂ ਦੁਕਾਨਾਂ ਘਟ ਹੁੰਦੀਆਂ ਗਈਆਂ ਅਤੇ ਇਨ੍ਹਾਂ ਦਾ ਗੈਰ-ਕਾਨੂੰਨੀ ਸ਼ਰਾਬ ਦਾ ਧੰਦਾ ਚੱਲਣ ਲੱਗਾ |