ਰਾਜਗੀਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਬਿਹਾਰ ਦੇ ਰਾਜਗੀਰ ’ਚ ਨਾਲੰਦਾ ਯੂਨੀਵਰਸਿਟੀ ਦੇ ਨਵੇਂ ਕੈਂਪਸ ਦਾ ਉਦਘਾਟਨ ਕੀਤਾ। ਨਵਾਂ ਕੈਂਪਸ ਵਿਸ਼ਵ ਵਿਰਾਸਤ ਸਥਾਨ ਪ੍ਰਾਚੀਨ ਨਾਲੰਦਾ ਮਹਾਵਿਹਾਰ ਦੇ ਨੇੜੇ ਹੈ। ਨਾਲੰਦਾ ਯੂਨੀਵਰਸਿਟੀ ਦੀ ਸਥਾਪਨਾ ਪੰਜਵੀਂ ਸਦੀ ’ਚ ਕੀਤੀ ਗਈ ਸੀ ਅਤੇ ਦੁਨੀਆ-ਭਰ ਦੇ ਵਿਦਿਆਰਥੀ ਇੱਥੇ ਆਉਂਦੇ ਸਨ। ਮਾਹਰਾਂ ਅਨੁਸਾਰ ਇਹ ਪ੍ਰਾਚੀਨ ਯੂਨੀਵਰਸਿਟੀ 12ਵੀਂ ਸਦੀ ’ਚ ਹਮਲਾਵਰਾਂ ਵੱਲੋਂ ਤਬਾਹ ਹੋਣ ਤੋਂ ਪਹਿਲਾਂ 800 ਸਾਲ ਤੱਕ ਵਧਦੀ-ਫੁੱਲਦੀ ਰਹੀ ਸੀ।
ਜਲੰਧਰ ਪੱਛਮੀ ’ਚ ਤਿੰਨ ਨਾਮਜ਼ਦਗੀਆਂ
ਜਲੰਧਰ, (ਸ਼ੈਲੀ ਐਲਬਰਟ/ ਸੁਰਿੰਦਰ ਕੁਮਾਰ)
ਵਿਧਾਨ ਸਭਾ ਹਲਕਾ ਜਲੰਧਰ ਪੱਛਮੀ ਦੀ ਜ਼ਿਮਨੀ ਚੋਣ ਲਈ ਬੁੱਧਵਾਰ 3 ਨਾਮਜ਼ਦਗੀਆਂ ਦਾਖ਼ਲ ਹੋਈਆਂ। ਜ਼ਿਲ੍ਹਾ ਚੋਣ ਅਫ਼ਸਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਲੋਕਤੰਤਰਿਕ ਲੋਕ ਰਾਜਿਅਮ ਪਾਰਟੀ ਵੱਲੋਂ ਇੰਦਰਜੀਤ ਸਿੰਘ ਅਤੇ 2 ਆਜ਼ਾਦ ਉਮੀਦਵਾਰਾਂ ਰਾਜ ਕੁਮਾਰ ਅਤੇ ਵਿਸ਼ਾਲ ਵੱਲੋਂ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ। ਹੁਣ ਤੱਕ ਕੁੱਲ 3 ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਹਨ। ਉਮੀਦਵਾਰ 21 ਜੂਨ ਤੱਕ ਆਪਣੇ ਨਾਮਜ਼ਦਗੀ ਪੱਤਰ ਸਵੇਰੇ 11 ਵਜੇ ਤੋਂ 3 ਵਜੇ ਤੱਕ ਦਾਖਲ ਕਰਵਾ ਸਕਦੇ ਹਨ।

