ਜਲੰਧਰ-ਭਾਰਤੀ ਕਮਿਊੁਨਿਸਟ ਪਾਰਟੀ ਦੇ ਆਗੂੁ ਤੇ ‘ਨਵਾਂ ਜ਼ਮਾਨਾ’ ਟਰੱਸਟ ਦੇ ਮੈਂਬਰ ਕਾਮਰੇਡ ਸਵਰਨ ਸਿੰਘ ਅਕਲਪੁਰ ਦਾ 18 ਜੂਨ ਦੀ ਸ਼ਾਮ ਨੂੰ ਦਿਹਾਂਤ ਹੋ ਗਿਆ ਸੀ। ਉਹਨਾਂ ਆਪਣਾ ਸਿਆਸੀ ਸਫਰ ਫਗਵਾੜਾ ਟੈਕਸਟਾਈਲ ਮਿੱਲ ਵਿਚਲੀ ਮਜ਼ਦੂਰ ਯੂਨੀਅਨ ਤੋਂ ਸ਼ੁਰੂ ਕਰਕੇ ਪਾਰਟੀ ਦੇ ਕੁਲਵਕਤੀ ਵਜੋਂ ਵੱਖ-ਵੱਖ ਫਰੰਟਾਂ ’ਤੇ ਜ਼ਿੰਮੇਵਾਰੀ ਨਿਭਾਈ । ਟਰੇਡ ਯੂਨੀਅਨ ਤੋਂ ਬਾਅਦ ਉਹ ਜ਼ਿਲ੍ਹੇ ਦੀ ਨੌਜਵਾਨ ਸਭਾ ਦੇ ਜਨਰਲ ਸਕੱਤਰ ਰਹੇ। ਜ਼ਿਲ੍ਹਾ ਪਾਰਟੀ ਦੇ ਸਹਾਇਕ ਸਕੱਤਰ ਦੇ ਨਾਲ-ਨਾਲ ਉਹ ਲੰਮਾ ਸਮਾਂ ਪਾਰਟੀ ਦੀ ਸਟੇਟ ਕੌਂਸਲ ਦੇ ਮੈਂਬਰ ਰਹੇ। ਉਸ ਉਪਰੰਤ ਉਹ ਪਾਰਟੀ ਦੇ ਉੱਚ ਅਦਾਰੇ ਕੰਟਰੋਲ ਕਮਿਸ਼ਨ ਦੇ ਸਕੱਤਰ ਵੀ ਰਹੇ।
ਉਹ ਅਰਜਨ ਸਿੰਘ ਗੜਗੱਜ ਫਾਊਂਡੇਸ਼ਨ ਦੀ ਮਈ ਵਿੱਚ ਹੋਈ ਮੀਟਿੰਗ ਵਿੱਚ ਵੀ ਹਾਜ਼ਰ ਸਨ। ਪਿਛਲੇ ਕੁੱਝ ਦਿਨਾਂ ਤੋਂ ਉਹ ਕਾਫੀ ਕਮਜ਼ੋਰ ਹੋ ਗਏ ਸਨ। ਉਨ੍ਹਾਂ ਦੀ ਉਮਰ 80 ਸਾਲ ਦੇ ਏੜ-ਗੇੜ ਸੀ। ਉਹਨਾਂ ਦੇ ਵਿਛੋੜੇ ਦਾ ਸੁਣ ਕੇ ਪਾਰਟੀ ਸਫਾਂ ਵਿੱਚ ਦੁੱਖ ਦੀ ਲਹਿਰ ਛਾ ਗਈ ਹੈ।
ਉਹਨਾ ਦਾ ਅੰਤਮ ਸੰਸਕਾਰ 21 ਜੂਨ ਨੂੰ ਸਵੇਰੇ 10 ਵਜੇ ਪਿੰਡ ਅਕਲਪੁਰ ਤਹਿਸੀਲ ਫਿਲੌਰ ਵਿਖੇ ਹੋਵੇਗਾ।
‘ਨਵਾਂ ਜ਼ਮਾਨਾ’ ਦੇ ਟਰੱਸਟੀਆਂ ਜਤਿੰਦਰ ਪਨੂੰ, ਗੁਰਮੀਤ ਸਿੰਘ, ਚੰਦ ਫਤਿਹਪੁਰੀ ਤੇ ਐਡਵੋਕੇਟ ਰਜਿੰਦਰ ਮੰਡ ਨੇ ਉਹਨਾ ਦੇ ਵਿਛੋੜੇ ਉੱਤੇ ਗਹਿਰਾ ਦੁੱਖ ਪ੍ਰਗਟ ਕੀਤਾ ਹੈ।





