ਨਵੀਂ ਦਿੱਲੀ : ਕਿਸਾਨ ਨੇਤਾ ਅਤੇ ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਨੇ ਹਾਥਰਸ ਜ਼ਿਲ੍ਹੇ ਦੇ ਮੁਰਸਾਨ ਬਲਾਕ ‘ਚ ਕਿਸਾਨ ਮਹਾਂ ਪੰਚਾਇਤ ਨੂੰ ਸੰਬੋਧਨ ਕੀਤਾ | ਇਸ ਦੌਰਾਨ ਰਾਕੇਸ਼ ਟਿਕੈਤ ਨੇ ਇੱਕ ਫਿਰ ਭਾਜਪਾ ਸਰਕਾਰ ਦੀਆਂ ਨੀਤੀਆਂ ਨੂੰ ਲੈ ਕੇ ਸਰਕਾਰ ‘ਤੇ ਹਮਲਾ ਕੀਤਾ | ਉਨ੍ਹਾ ਭਾਜਪਾ ਸਰਕਾਰ ਨੂੰ ਧੋਖੇਬਾਜ਼ ਕਿਹਾ ਅਤੇ ਅਗਨੀਪਥ ਯੋਜਨਾ ਨੂੰ ਲੈ ਕੇ ਵੀ ਕੇਂਦਰ ਸਰਕਾਰ ‘ਤੇ ਹਮਲਾ ਬੋਲਿਆ | ਟਿਕੈਤ ਕਿਸਾਨ ਅੰਦੋਲਨ ਦੌਰਾਨ ਤੋਂ ਹੀ ਭਾਜਪਾ ਸਰਕਾਰ ‘ਤੇ ਹਮਲਾਵਰ ਰਹੇ ਹਨ | ਉਨ੍ਹਾ ਕਿਹਾ ਕਿ ਨੌਜਵਾਨਾਂ ਨੂੰ ਚਾਰ ਸਾਲ ਬਾਅਦ ਨੌਕਰੀ ਛੱਡ ਕੇ ਕੀ ਕੰਮ ਕਰਨ ਨੂੰ ਕਿਹਾ ਜਾਵੇਗਾ? ਕੀ ਕਦੀ ਕੋਈ 24 ਸਾਲ ਦੀ ਉਮਰ ‘ਚ ਰਿਟਾਇਰ ਹੁੰਦਾ? ਰਾਕੇਸ਼ ਨੇ ਅਗਨੀਪਥ ਯੋਜਨਾ ਨੂੰ ਗਲਤ ਸਕੀਮ ਦੱਸਦੇ ਹੋਏ ਵਿਰੋਧ ਪ੍ਰਦਰਸ਼ਨ ਦੌਰਾਨ ਜੇਲ੍ਹ ‘ਚ ਬੰਦ ਨੌਜਵਾਨਾਂ ਨੂੰ ਤੁਰੰਤ ਛੱਡਣ ਦੀ ਮੰਗ ਵੀ ਕੀਤੀ | ਕਿਸਾਨ ਮਹਾਂ ਪੰਚਾਇਤ ਨੂੰ ਸੰਬੋਧਨ ਕਰਦੇ ਹੋਏ ਰਾਕੇਸ਼ ਟਿਕੈਤ ਨੇ ਕਿਹਾ—ਭਾਜਪਾ ਸਰਕਾਰ ਧੋਖਾ ਦੇਣ ਵਾਲੀ ਸਰਕਾਰ ਹੈ | ਕਿਸਾਨ ਅੰਦੋਲਨ ਖ਼ਤਮ ਹੋਣ ਤੋਂ ਬਾਅਦ ਸਰਕਾਰ ਨੇ ਕਿਸਾਨ ਕਮੇਟੀ ਬਣਾਉਣ ਦਾ ਵਾਅਦਾ ਕੀਤਾ ਸੀ, ਪਰ ਹਾਲੇ ਤੱਕ ਸਰਕਾਰ ਨੇ ਕੋਈ ਕਮੇਟੀ ਨਹੀਂ ਬਣਾਈ | ਸਰਕਾਰ ਸਾਫ਼ ਝੂਠ ਬੋਲ ਰਹੀ ਹੈ | ਜੇਕਰ ਕਿਸਾਨ ਇਕਜੁੱਟ ਨਾ ਹੋਏ ਤਾਂ ਸਾਰੇ ਮਾਮਲਿਆਂ ‘ਚ ਕਿਸਾਨਾਂ ਨੂੰ ਭਾਰੀ ਨੁਕਸਾਨ ਹੋਵੇਗਾ | ਉਨ੍ਹਾ ਕਿਹਾ ਕਿ ਸਾਰਿਆਂ ਨੂੰ ਇਕਜੁੱਠ ਹੋਣਾ ਹੋਵੇਗਾ, ਫਿਰ ਹੀ ਅਸੀਂ ਆਪਣੀ ਲੜਾਈ ਜਿੱਤ ਸਕਾਂਗੇ | ਰਾਕੇਸ਼ ਟਿਕੈਤ ਨੇ ਅਧੀਰ ਰੰਜਨ ਚੌਧਰੀ ਦੇ ਮਾਮਲੇ ‘ਤੇ ਕਿਹਾ ਕਿ ਭਾਜਪਾ ਸਦਨ ਨਹੀਂ ਚੱਲਣ ਦੇਣਾ ਚਾਹੁੰਦੀ | ਅਧੀਰ ਰੰਜਨ ਚੌਧਰੀ ਦੀ ਹਿੰਦੀ ਸੱਚਮੁੱਚ ਖ਼ਰਾਬ ਹੈ | ਜੇਕਰ ਕਿਸੇ ਦੇ ਮੂੰਹ ‘ਚੋਂ ਕੋਈ ਸ਼ਬਦ ਨਿਕਲ ਗਿਆ ਅਤੇ ਉਸ ਨੇ ਗਲਤੀ ਮੰਨ ਲਈ ਤਾਂ ਗੱਲ ਨੂੰ ਅੱਗੇ ਕਿਉਂ ਵਧਾਇਆ ਜਾ ਰਿਹਾ? ਭਾਜਪਾ ਨੂੰ ਕੰਮਾਂ ਵੱਲ ਧਿਆਨ ਦੇਣਾ ਚਾਹੀਦਾ |