ਬਰਮਿੰਘਮ : ਇੰਗਲੈਂਡ ਦੇ ਬਰਮਿੰਘਮ ‘ਚ ਖੇਡੀਆਂ ਜਾ ਰਹੀਆਂ 22ਵੀਂਆਂ ਕਾਮਨਵੈਲਥ ਖੇਡਾਂ ‘ਚ ਸ਼ਨੀਵਾਰ ਦੂਜੇ ਦਿਨ ਭਾਰਤ ਨੇ ਦੋ ਤਮਗੇ ਜਿੱਤੇ | ਵੇਟ ਲਿਫਟਰ ਸੰਕੇਤ ਮਹਾਂਦੇਵ ਨੇ ਪਹਿਲਾ ਤਮਗਾ ਦਿਵਾਇਆ | ਉਥੇ ਹੀ 61 ਕਿਲੋਗ੍ਰਾਮ ਕੈਟਾਗਰੀ ‘ਚ ਗੁਰੂਰਾਜਾ ਪੁਜਾਰੀ ਨੇ ਦੂਜਾ ਕਾਂਸੀ ਦਾ ਤਮਗਾ ਜਿੱਤਿਆ | ਸੋਨਾ ਮਲੇਸ਼ੀਆ ਦੇ ਅਜਨੀਲ ਮੁਹੰਮਦ ਨੇ ਅਤੇ ਚਾਂਦੀ ਪਾਪੂਆ ਨਿਊ ਗਿਨੀ ਦੇ ਮੌਰੀਆ ਬਾਰੂ ਨੇ ਜਿੱਤਿਆ |
ਸੰਕੇਤ ਨੇ ਕਿਹਾ ਕਿ ਉਹ ਆਪਣਾ ਪਹਿਲਾ ਤਮਗਾ ਆਜ਼ਾਦੀ ਘੁਲਾਟੀਆ ਨੂੰ ਸਮਰਪਤ ਕਰਨਾ ਚਾਹੁੰਦਾ ਹੈ | ਮਹਾਰਾਸ਼ਟਰ ਦੇ ਸਾਂਗਲੀ ਦੇ ਰਹਿਣ ਵਾਲੇ ਇਸ 21 ਸਾਲਾ ਵੇਟ ਲਿਫਟਰ ਨੇ ਇਤਿਹਾਸ ਬਣਾ ਦਿੱਤਾ | ਉਨ੍ਹਾ ਮਰਦਾਂ ਦੇ 55 ਕਿਲੋਗ੍ਰਾਮ ਮੁਕਾਬਲੇ ਦੇ ਫਾਈਨਲ ‘ਚ ਇਹ ਮੁਕਾਮ ਹਾਸਲ ਕੀਤਾ | ਮਲੇਸ਼ੀਆ ਦੇ ਮੁਹੰਮਦ ਅਨੀਦ ਨੇ ਸੋਨੇ ਦਾ ਤਮਗਾ ਜਿੱਤਿਆ | ਸੰਕੇਤ ਨੇ ਸਨੈਚ ਦੀ ਪਹਿਲੀ ਹੀ ਕੋਸ਼ਿਸ਼ ‘ਚ 107 ਕਿਲੋਗ੍ਰਾਮ ਭਾਰ ਚੁੱਕਿਆ | ਉਨ੍ਹਾ ਦੂਜੀ ਕੋਸ਼ਿਸ਼ ‘ਚ 111 ਕਿਲੋਗ੍ਰਾਮ ਅਤੇ ਤੀਜੀ ਕੋਸ਼ਿਸ਼ ‘ਚ 113 ਕਿਲੋਗ੍ਰਾਮ ਭਾਰ ਚੁੱਕਿਆ | ਕਲੀਨ ਐਂਡ ਜਰਕ ਦੀ ਪਹਿਲੀ ਕੋਸ਼ਿਸ਼ ‘ਚ ਸੰਕੇਤ ਨੇ 135 ਕਿਲੋਗ੍ਰਾਮ ਭਾਰ ਚੁੱਕਿਆ, ਪਰ ਉਸ ਦੀ ਦੂਜੀ ਤੇ ਤੀਜੀ ਕੋਸ਼ਿਸ਼ ਫੇਲ੍ਹ ਹੋ ਗਈ | ਉਹ 248 ਕਿਲੋਗ੍ਰਾਮ ਦੇ ਨਾਲ ਦੂਜੇ ਸਥਾਨ ‘ਤੇ ਰਹੇ | ਮਲੇਸ਼ੀਆ ਦੇ ਵੇਟ ਲਿਫਟਰ ਨੇ ਕੁੱਲ 249 ਕਿਲੋਗ੍ਰਾਮ ਭਾਰ ਚੁੱਕਿਆ ਅਤੇ ਸਿਰਫ਼ 1 ਕਿਲੋਗ੍ਰਾਮ ਦੇ ਫਰਕ ਨਾਲ ਸੰਕੇਤ ਦੂਜੇ ਨੰਬਰ ‘ਤੇ ਰਹੇ | ਉਨ੍ਹਾ ਕਿਹਾ ਤਮਗਾ ਜਿੱਤ ਕੇ ਬਹੁਤ ਚੰਗਾ ਲੱਗ ਰਿਹਾ ਹੈ, ਪਰ ਥੋੜ੍ਹਾ ਨਾਰਾਜ਼ ਵੀ ਹਾਂ, ਕਿਉਂਕਿ ਮੈਂ ਸੋਨੇ ਦਾ ਤਮਗਾ ਜਿੱਤਣਾ ਚਾਹੁੰਦਾ ਸੀ | ਮੈਂ ਦੂਜੀ ਕੋਸ਼ਿਸ਼ ‘ਚ ਜਖ਼ਮੀ ਹੋ ਗਿਆ, ਮੇਰੇ ਹੱਥ ‘ਚ ਸੱਟ ਲੱਗ ਗਈ ਅਤੇ ਮੁਕਾਬਲੇ ਦੌਰਾਨ ਮੈਨੂੰ ਬਹੁਤ ਦਰਦ ਵੀ ਹੋ ਰਿਹਾ ਸੀ | ਹੁਣ ਮੇਰਾ ਟੀਚਾ ਹੱਥ ਦੀ ਸੱਟ ਤੋਂ ਉਭਰਨ ਦਾ ਹੈ | ਇਸ ਤੋਂ ਬਾਅਦ ਅਗਲਾ ਟੀਚਾ ਬਣਾਉਂਗਾ | ਮਹਾਰਾਸ਼ਟਰ ਦੇ ਸਾਂਗਲੀ ‘ਚ ਸੰਕੇਤ ਦੇ ਪਿਤਾ ਦੀ ਚਾਹ- ਪਕੌੜਿਆਂ ਦੀ ਦੁਕਾਨ ਹੈ ਅਤੇ ਉਹ ਆਪਣੇ ਪਿਤਾ ਨਾਲ ਦੁਕਾਨ ‘ਚ ਮਦਦ ਕਰਦੇ ਹਨ | ਉਹ ਆਪਣੇ ਪਿਤਾ ਨੂੰ ਹੁਣ ਆਰਾਮ ਕਰਨਾ ਦੇਖਣਾ ਚਾਹੁੰਦਾ ਹੈ | ਸੰਕੇਤ ਨੇ ਇਸ ਸਾਲ ਫਰਵਰੀ ‘ਚ ਸਿੰਗਾਪੁਰ ਵੇਟ ਲਿਫਟਿੰਗ ਇੰਟਰਨੈਸ਼ਨਲ ‘ਚ 256 ਕਿਲੋਗ੍ਰਾਮ (ਸਨੈਚ ‘ਚ 113 ਕਿਲੋਗ੍ਰਾਮ ਅਤੇ ਕਲੀਨ ਐਂਡ ਜਰਕ ‘ਚ 143 ਕਿਲੋਗ੍ਰਾਮ) ਭਾਰ ਚੁੱਕ ਕੇ ਕਾਮਨਵੈਲਥ ਅਤੇ ਰਾਸ਼ਟਰੀ ਰਿਕਾਰਡ ਤੋੜ ਦਿੱਤਾ ਸੀ | ਉਥੇ ਹੀ ਗੁਰੂਰਾਜਾ ਨੇ ਸਨੈਚ ‘ਚ ਵੱਧ ਤੋਂ ਵੱਧ 118 ਕਿਲੋਗ੍ਰਾਮ ਅਤੇ ਕਲੀਨ ਐਂਡ ਜਰਕ ‘ਚ 151 ਕਿਲੋਗ੍ਰਾਮ ਭਾਰ ਚੁੱਕਿਆ | ਇਸ ਤਰ੍ਹਾਂ ਉਨ੍ਹਾ ਨੇ ਕੁੱਲ 269 ਕਿਲੋਗ੍ਰਾਮ ਭਾਰ ਚੁੱਕਿਆ ਅਤੇ ਕਾਂਸੀ ਦਾ ਤਮਗਾ ਆਪਣੇ ਨਾਂਅ ਕੀਤਾ | ਭਾਰਤ 1990, 2002 ਅਤੇ 2018 ਰਾਸਟਰਮੰਡਲ ਖੇਡਾਂ ‘ਚ ਵੇਟਲਿਫਟਿੰਗ ਵਿਚ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲਾ ਰਿਹਾ ਹੈ | ਭਾਰਤ ਰਾਸ਼ਟਰਮੰਡਲ ਖੇਡਾਂ ਦੇ ਇਤਿਹਾਸ ‘ਚ ਵੇਟਲਿਫਟਿੰਗ ‘ਚ 126 ਤਗਮਿਆਂ ਨਾਲ ਦੂਜਾ ਸਭ ਤੋਂ ਸਫਲ ਦੇਸ਼ ਹੈ | ਇਨ੍ਹਾਂ ਖੇਡਾਂ ਦੇ ਵੇਟਲਿਫਟਿੰਗ ਮੁਕਾਬਲਿਆਂ ‘ਚ ਸਿਰਫ ਆਸਟਰੇਲੀਆ (159) ਨੇ ਉਸ ਤੋਂ ਵੱਧ ਤਗਮੇ ਜਿੱਤੇ ਹਨ | ਭਾਰਤ ਦੇ ਵੇਟਲਿਫਟਰਾਂ ਨੇ 2018 ਰਾਸ਼ਟਰਮੰਡਲ ਖੇਡਾਂ ‘ਚ ਦਬਦਬਾ ਬਣਾਇਆ, 5 ਸੋਨੇ ਸਮੇਤ 9 ਤਗਮੇ ਜਿੱਤੇ ਸਨ |