ਚੰਡੀਗੜ੍ਹ : ਐਤਵਾਰ ਇੱਥੇ ਅਜੈ ਭਵਨ ਵਿਖੇ ਸੀ ਪੀ ਆਈ, ਆਰ ਐੱਮ ਪੀ ਆਈ, ਸੀ ਪੀ ਆਈ (ਐੱਮ ਐੱਲ) ਲਿਬਰੇਸ਼ਨ, ਇਨਕਲਾਬੀ ਕੇਂਦਰ ਅਤੇ ਨਿਊ ਡੈਮੋਕਰੇਸੀ ਦੇ ਸਾਂਝੇ ਉਦਮ ਨਾਲ ‘ਫਾਸ਼ੀ ਹਮਲਿਆਂ ਵਿਰੋਧੀ ਫਰੰਟ’ ਵੱਲੋਂ ਖਿੱਤੇ ਦੇ ਜੁਝਾਰੂ ਕਿਰਤੀਆਂ, ਵਿਦਿਆਰਥੀਆਂ ਅਤੇ ਅਵਾਮੀ ਜਥੇਬੰਦੀਆਂ ਦੇ ਕਾਰਕੁਨਾਂ ਨੂੰ ਲੋਕ ਸੰਘਰਸ਼ ਤਿੱਖੇ ਕਰਨ ਦਾ ਹੋਕਾ ਦਿੰਦੀ ‘ਜ਼ੋਨਲ ਕਾਨਫਰੰਸ’ ਕੀਤੀ ਗਈ | ਕਾਨਫਰੰਸ ਦੇ ਪ੍ਰਧਾਨਗੀ ਮੰਡਲ ਵਿਚ ਬੰਤ ਬਰਾੜ, ਦਰਸ਼ਨ ਖਟਕੜ, ਕੰਵਲਜੀਤ ਖੰਨਾ, ਪੀ ਡੀ ਐੱਸ ਉਪਲ, ਕਮਲਜੀਤ ਸਿੰਘ, ਰਾਜ ਕੁਮਾਰ ਅਤੇ ਲਾਲ ਬਹਾਦਰ ਸ਼ਾਮਲ ਸਨ | ਉਪਰੋਕਤ ਤੋਂ ਇਲਾਵਾ ਦੇਵੀ ਦਿਆਲ ਸ਼ਰਮਾ, ਸੱਜਣ ਸਿੰਘ, ਸਤੀਸ਼ ਖੋਸਲਾ, ਦਿਲਦਾਰ ਸਿੰਘ, ਸੁਦਾਮਾ ਪਰਸਾਦ ਅਤੇ ਜਸਪਾਲ ਦੱਪੜ ਨੇ ਵੀ ਸੰਬੋਧਨ ਕੀਤਾ
ਕਿਰਤੀਆਂ, ਵਿਦਿਆਰਥੀਆਂ ਅਤੇ ਅਵਾਮੀ ਜਥੇਬੰਦੀਆਂ ਦੇ ਡੈਲੀਗੇਟਾਂ ਨੂੰ ਸੰਬੋਧਨ ਕਰਦੇ ਬੁਲਾਰਿਆਂ ਨੇ ਕਿਹਾ ਕਿ ਅਜੋਕੇ ਸਮੇਂ ਵਿਚ ਦੇਸ਼ ਦੇ ਫੈਡਰਲ ਢਾਂਚੇ ਨੂੰ ਬਹੁਤ ਖਤਰਾ ਹੈ | ਅੱਜ ਕੇਂਦਰ ਸਰਕਾਰ ਸੂਬਿਆਂ ਦੇ ਹੱਕ ਖੋਹ ਕੇ ਲੋਕਾਂ ਨੂੰ ਸਿਰਫ ਆਪਣੇ ਵੱਲ ਆਕਰਸ਼ਿਤ ਕਰਕੇ ਜਤਾਉਣਾ ਚਾਹੁੰਦੀ ਹੈ ਕਿ ਸਭ ਕੁਝ ਉਹ ਹੀ ਕਰ ਸਕਦੀ ਹੈ, ਸੂਬਾ ਸਰਕਾਰਾਂ ਸਿਰਫ ਉਸ ਦੀਆਂ ਮੁਥਾਜ਼ ਹਨ | ਉਨ੍ਹਾਂ ਕਿਹਾ ਕਿ ਅਜੋਕੇ ਸਮਾਜ ਨੂੰ ਦੋ ਜਮਾਤਾਂ ਕਿਸਾਨ ਅਤੇ ਮਜ਼ਦੂਰ ਚਲਾਉਂਦੀਆਂ ਹਨ, ਪਰ ਕੇਂਦਰ ਸਰਕਾਰ ਦੋਵਾਂ ਖਿਲਾਫ ਲੋਕ-ਵਿਰੋਧੀ ਕਾਲੇ ਕਾਨੂੰਨ ਬਣਾ ਕੇ ਉਨ੍ਹਾਂ ਦੇ ਹੱਕ ਖਤਮ ਕਰ ਰਹੀ ਹੈ | ਜ਼ਮੀਨਾਂ ਕਾਰਪੋਰੇਟਾਂ ਹਵਾਲੇ ਕਰਕੇ ਕਿਸਾਨ ਮਾਰੂ ਨੀਤੀਆਂ ਲਿਆ ਰਹੀ ਹੈ ਅਤੇ ਕਿਰਤੀਆਂ ਦੇ ਹੱਕਾਂ ਉਤੇ ਡਾਕੇ ਮਾਰ ਕੇ ਉਨ੍ਹਾਂ ਨੂੰ ਫੈਕਟਰੀ ਮਾਲਕ ਕਾਰਪੋਰੇਟਾਂ ਦੇ ਗੁਲਾਮ ਬਣਾ ਰਹੀ ਹੈ | ਦੇਸ਼ ਦੀਆਂ ਕਿਸਾਨ ਜਥੇਬੰਦੀਆਂ ਦੇ ਏਕੇ ਨੇ ਕਿਰਤੀ ਅਤੇ ਭਰਾਤਰੀ ਜਥੇਬੰਦੀਆਂ ਦੇ ਸਮਰਥਨ ਨਾਲ ਕੇਂਦਰ ਸਰਕਾਰ ਦੇ ਅੜੀਅਲ ਰਵੱਈਏ ਨੂੰ ਮਧੋਲ ਕੇ ਮਿਸਾਲੀ ਜਿੱਤ ਹਾਸਲ ਕੀਤੀ ਹੈ |
ਉਨ੍ਹਾਂ ਕਿਹਾ ਕਿ ਅੱਜ ਕੇਂਦਰ ਸਰਕਾਰ ਭਾਰਤ ਵਿੱਚ ਇੱਕੋ ਰੰਗ ਦੇ ਫੁੱਲ ਉਗਾਉਣਾ ਚਾਹੁੰਦੀ ਹੈ ਜੋ ਦੇਸ਼ ਦੇ ਸਰਬ ਸਾਂਝੇ ਸਭਿਆਚਾਰ ਦੇ ਖ਼ਿਲਾਫ਼ ਹੈ | ਦੇਸ਼ ਦੀ ਸਰਵ ਉੱਚ ਅਦਾਲਤ ਨੇ ਦੇਸ਼-ਧਰੋਹ ਕਾਨੂੰਨ ਦੇ ਅਮਨ ਉੱਤੇ ਰੋਕ ਲਾ ਕੇ ਸ਼ਲਾਘਾਯੋਗ ਉਦਮ ਕੀਤਾ ਹੈ, ਪਰ ਕੇਂਦਰ ਸਰਕਾਰ ਵੱਲੋਂ ਇਸੇ ਕਨੂੰਨ ਦੀ ਆੜ ਵਿਚ ਅਨੇਕਾਂ ਨਿਰਦੋਸ਼ ਬੁੱਧੀਜੀਵੀਆਂ ਨੂੰ ਜੇਲ੍ਹੀਂ ਡੱਕਿਆ ਗਿਆ ਹੈ | ਅੱਜ ਆਦਿਵਾਸੀਆਂ, ਦਲਿਤਾਂ ਅਤੇ ਘੱਟ ਗਿਣਤੀ ਭਾਈਚਾਰੇ ਦੇ ਹੱਕਾਂ ਨੂੰ ਸੁਰੱਖਿਅਤ ਕਰਨ ਦੀ ਸਖਤ ਲੋੜ ਹੈ | ਉਨ੍ਹਾ ਕਿਹਾ ਮਹਿੰਗਾਈ, ਬੇਰੁਜ਼ਗਾਰੀ, ਅਰਾਜਕਤਾ ਅਤੇ ਨਸਲੀ ਹਮਲੇ ਸਿਖਰ ਛੂਹ ਰਹੇ ਹਨ | ਅਜੋਕਾ ਸਮਾਂ ਸੰਘਰਸ਼ਾਂ ਦਾ ਸਮਾਂ ਹੈ | ਸਮੇਂ ਦੀ ਸਰਕਾਰ ਦਾ ਪੀਲਾ ਖੂਨੀ ਪੰਜਾ/ ਬੁਲਡੋਜ਼ਰ ਸਾਡੇ ਹੱਕਾਂ ਉਤੇ ਬੇਰੋਕ ਫਿਰ ਰਿਹਾ ਹੈ, ਜਿਸ ਨੂੰ ਰੋਕਣ ਲਈ ਅਜੋਕੇ ਸਮੇਂ ਵਿਚ ਦੂਜੀਆਂ ਤਾਕਤਾਂ ਅਤੇ ਆਮ ਲੋਕਾਂ ਨੂੰ ਜਾਗਰੂਕ ਅਤੇ ਲਾਮਬੰਦ ਕਰਕੇ ਲੋਕ ਹੱਕਾਂ ਦੀ ਰਾਖੀ ਕਰਨਾ ਸਾਡਾ ਫਰਜ ਬਣ ਗਿਆ ਹੈ | ਉਪਰੋਕਤ ਤੋਂ ਇਲਾਵਾ ਗੁਰਨਾਮ ਕੰਵਰ, ਕਰਮ ਸਿੰਘ ਵਕੀਲ, ਮਹਿੰਦਰਪਾਲ ਸਿੰਘ, ਸੇਵੀ ਰਾਇਤ, ਊਸ਼ਾ ਕੰਵਰ, ਵਿਨੋਦ ਚੁੱਗ, ਏ ਐੱਸ ਪਾਲ, ਮੋਹਨ ਸਿੰਘ ਰਾਹੀ, ਸੁਰਿੰਦਰ ਸਿੰਘ, ਗੁਰਚਰਨ ਸਿੰਘ, ਕੰਵਰ ਪਾਲ, ਲਾਲ ਜੀ ਲਾਲੀ, ਅੰਮਿ੍ਤ ਲਾਲ ਅਤੇ ਗੁਰਦਿਆਲ ਸਿੰਘ ਵਿਰਕ ਸਮੇਤ ਇਕ ਸੌ ਤੋਂ ਵੱਧ ਸਾਥੀ ਹਾਜ਼ਰ ਸਨ | ਕਾਨਫਰੰਸ ਦੌਰਾਨ ਪੰਜਾਬ ਬੁੱਕ ਸੈਂਟਰ ਚੰਡੀਗੜ੍ਹ ਵੱਲੋਂ ਪ੍ਰਗਤੀਸ਼ੀਲ ਸਾਹਿਤ ਦੀ ਪੁਸਤਕ ਸਟਾਲ ਵੀ ਲਾਈ ਗਈ | ਕਾਨਫਰੰਸ ਵਿਚ ਆਏ ਸਾਥੀਆਂ ਦਾ ਧੰਨਵਾਦ ਰਾਜ ਕੁਮਾਰ ਜ਼ਿਲ੍ਹਾ ਸਕੱਤਰ ਸੀ ਪੀ ਆਈ ਨੇ ਕੀਤਾ |