ਰਾਹੁਲ ਗਾਂਧੀ ਨੇ ਲੰਡਨ ਦੀ ਕੈਂਬਰਿਜ ਯੂਨੀਵਰਸਿਟੀ ਵਿੱਚ ‘ਆਈਡੀਆ ਫਾਰ ਇੰਡੀਆ’ ਨਾਮੀ ਸੰਮੇਲਨ ਵਿੱਚ ਬੋਲਦਿਆਂ ਭਾਰਤ ਸਰਕਾਰ ਦੀ ਵਿਦੇਸ਼ ਨੀਤੀ, ਘਰੇਲੂ ਨੀਤੀ ਸਮੇਤ ਬਹੁਤ ਸਾਰੇ ਪੱਖਾਂ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਸਨ | ਉਨ੍ਹਾ ਇਹ ਵੀ ਕਿਹਾ ਸੀ ਕਿ ਇਸ ਸਮੇਂ ਦੇਸ਼ ਦੀਆਂ ਪ੍ਰਮੁੱਖ ਸੰਵਿਧਾਨਕ ਸੰਸਥਾਵਾਂ ‘ਤੇ ਆਰ ਐੱਸ ਐੱਸ ਦਾ ਕਬਜ਼ਾ ਹੋ ਚੁੱਕਾ ਹੈ ਤੇ ਉਨ੍ਹਾਂ ਸੰਸਥਾਵਾਂ ‘ਤੇ ਹਮਲੇ ਹੋ ਰਹੇ ਹਨ, ਜਿਨ੍ਹਾਂ ਸੰਵਿਧਾਨਕ ਦਾਇਰੇ ਵਿੱਚ ਰਹਿੰਦਿਆਂ ਦੇਸ਼ ਦਾ ਨਿਰਮਾਣ ਕੀਤਾ ਸੀ | ਇਨ੍ਹਾਂ ਗੱਲਾਂ ਤੋਂ ਇਲਾਵਾ ਸੱਤਾਧਾਰੀ ਭਾਜਪਾਈਆਂ ਨੂੰ ਜਿਹੜੀ ਗੱਲ ਨੇ ਸਭ ਤੋਂ ਵੱਧ ਤੜਫਣੀ ਲਾਈ ਉਹ ਇਹ ਸੀ ਕਿ ‘ਭਾਜਪਾ ਨੇ ਸਾਰੇ ਦੇਸ਼ ਵਿੱਚ ਮਿੱਟੀ ਦਾ ਤੇਲ ਛਿੜਕ ਦਿੱਤਾ ਹੈ, ਬੱਸ ਇੱਕ ਚੰਗਿਆੜੀ ਚਾਹੀਦੀ ਹੈ |’
ਅਸੀਂ ਰਾਹੁਲ ਗਾਂਧੀ ਵੱਲੋਂ ਕਹੀਆਂ ਗਈਆਂ ਕਈ ਗੱਲਾਂ ਨਾਲ ਸਹਿਮਤ ਨਾ ਹੁੰਦੇ ਹੋਏ ਵੀ ਏਨਾ ਜ਼ਰੂਰ ਕਹਾਂਗੇ ਕਿ ਭਾਜਪਾ ਦੇ ਅੱਠ ਸਾਲਾਂ ਦੇ ਰਾਜ ਦੌਰਾਨ ਸੰਘ ਨੇ ਨਫ਼ਰਤ ਦੇ ਟੀਕੇ ਲਾ-ਲਾ ਕੇ ਹਿੰਦੂਤਵੀ ਭਗਤਾਂ ਨੂੰ ਮਨੁੱਖੀ ਬੰਬਾਂ ਵਾਂਗ ਅੱਗ ਦੇ ਗੋਲਿਆਂ ਵਿੱਚ ਤਬਦੀਲ ਕਰ ਦਿੱਤਾ ਹੈ | ਹੁਣ ਉਨ੍ਹਾਂ ਨੂੰ ਨਾ ਗੋਲਾ-ਬਾਰੂਦ ਦੀ ਲੋੜ ਹੈ ਤੇ ਨਾ ਕਿਸੇ ਭੀੜ ਦੀ, ਹਰ ਭਗਤ ਖੁਦ ਹੀ ਬਾਰੂਦ ਬਣ ਚੁੱਕਾ ਹੈ | ਮੱਧ ਪ੍ਰਦੇਸ਼ ਦੇ ਮਨਾਸਾ ਵਿੱਚ ਇੱਕ ਮਾਨਸਕ ਤੌਰ ਉੱਤੇ ਅਪੰਗ ਬਜ਼ੁਰਗ ਦੀ ਹੱਤਿਆ ਇਸ ਹਕੀਕਤ ਦੀ ਠੋਸ ਗਵਾਹੀ ਭਰਦੀ ਹੈ |
ਮਾਰਿਆ ਜਾਣ ਵਾਲਾ ਭੰਵਰ ਲਾਲ ਜੈਨ ਰਤਲਾਮ ਜ਼ਿਲ੍ਹੇ ਦੀ ਸਭ ਤੋਂ ਵੱਡੀ ਉਮਰ ਦੀ ਸਰਪੰਚ ਪਿਸਤਾਬਾਈ ਚੱਤਰ (80) ਦਾ ਵੱਡਾ ਬੇਟਾ ਸੀ | ਉਸ ਦਾ ਇੱਕ ਭਰਾ ਭਾਜਪਾ ਆਗੂ ਹੈ | ਪਿਸਤਾਬਾਈ ਆਪਣੇ ਪਰਵਾਰ ਸਮੇਤ 15 ਮਈ ਨੂੰ ਪੂਜਾ ਨਾਲ ਸੰਬੰਧਤ ਕਾਰਜਕ੍ਰਮ ਲਈ ਚਿਤੌੜਗੜ੍ਹ ਗਈ ਸੀ | ਅਗਲੇ ਦਿਨ 16 ਮਈ ਨੂੰ ਪੂਜਾ-ਪਾਠ ਤੋਂ ਬਾਅਦ 65 ਸਾਲਾ ਭੰਵਰ ਲਾਲ ਜੈਨ ਲਾਪਤਾ ਹੋ ਗਿਆ | ਇਸੇ ਦੌਰਾਨ ਇੱਕ ਵੀਡੀਓ ਵਾਇਰਲ ਹੁੰਦੀ ਹੈ | ਇਸ ਵੀਡੀਓ ਵਿੱਚ ਭਾਜਪਾ ਯੁਵਾ ਮੋਰਚੇ ਦਾ ਆਗੂ ਦਿਨੇਸ਼ ਕੁਸ਼ਵਾਹਾ ਭੰਵਰ ਲਾਲ ਜੈਨ ਨੂੰ ਥੱਪੜ ਮਾਰ ਰਿਹਾ ਹੈ | ਉਹ ਵਾਰ-ਵਾਰ ਭੰਵਰ ਲਾਲ ਜੈਨ ਨੂੰ ਕਹਿ ਰਿਹਾ ਹੈ, ‘ਤੂੰ ਜਾਵਰਾ ਦਾ ਮੁਹੰਮਦ ਹੈਾ, ਜੇਕਰ ਨਹੀਂ ਤਾਂ ਆਪਣਾ ਅਧਾਰ ਕਾਰਡ ਦਿਖਾ |’ ਸਪੱਸ਼ਟ ਹੈ ਕਿ ਜੇ ਉਹ ਜਾਵਰਾ ਦਾ ਮੁਹੰਮਦ ਹੈ ਤਾਂ ਦਿਨੇਸ਼ ਲਈ ਉਸ ਨੂੰ ਮਾਰ ਦੇਣਾ ਕੋਈ ਜੁਰਮ ਨਹੀਂ ਹੋਵੇਗਾ | ਬਦਲ ਚੁੱਕੀ ਸਿਆਸੀ ਫਿਜ਼ਾ ਵਿੱਚ ਇਹ ਉਸ ਦਾ ਹੱਕ ਹੋਵੇਗਾ | ਮਾਨਸਕ ਤੌਰ ਉੱਤੇ ਕਮਜ਼ੋਰ ਭੰਵਰ ਲਾਲ ਜੈਨ ਧੜਾਧੜ ਪੈ ਰਹੇ ਥੱਪੜਾਂ ਦੀ ਮਾਰ ਕਾਰਨ ਦਿਨੇਸ਼ ਦੀਆਂ ਗੱਲਾਂ ਸਮਝ ਨਹੀਂ ਰਿਹਾ ਸੀ ਤੇ ਵਾਰ-ਵਾਰ ਇਹੋ ਤਰਲਾ ਪਾ ਰਿਹਾ ਸੀ, ‘ਆਹ 200 ਰੁਪਏ ਲੈ ਲਓ ਤੇ ਮੈਨੂੰ ਛੱਡ ਦਿਓ |’ ਪਰ ਦਿਨੇਸ਼ ਦੇ ਸਿਰ ਨੂੰ ਖ਼ੂਨ ਚੜ੍ਹ ਚੁੱਕਾ ਸੀ, ਉਹ ਮਾਨਸਕ ਸੰਤੁਲਨ ਗੁਆ ਚੁੱਕਾ ਸੀ | ਇਸ ਲਈ ਉਹ ਇਹ ਸਮਝਣੋਂ ਵੀ ਅਸਮਰੱਥ ਸੀ ਕਿ ਉਸ ਦੇ ਸਾਹਮਣੇ ਬੈਠਾ ਵਿਅਕਤੀ ਬੁੱਧੀਹੀਣ ਹੈ | ਉਹ ਭੰਵਰ ਲਾਲ ਜੈਨ ਦੇ ਓਨਾ ਚਿਰ ਥੱਪੜ ਮਾਰਦਾ ਰਿਹਾ, ਜਦੋਂ ਤੱਕ ਭੰਵਰ ਲਾਲ ਜੈਨ ਮਰ ਨਹੀਂ ਗਿਆ | ਮਿ੍ਤਕ ਦੇ ਭਰਾ ਰਾਜੇਸ਼ ਚੱਤਰ ਦਾ ਕਹਿਣਾ ਹੈ ਕਿ ਜਾਂਦਾ-ਜਾਂਦਾ ਦਿਨੇਸ਼ ਉਸ ਦੀ ਜੇਬ ਵਿੱਚੋਂ 200 ਰੁਪਏ ਵੀ ਕੱਢ ਕੇ ਲੈ ਗਿਆ |
ਮਨਾਸਾ ਉਸੇ ਨੀਮਚ ਵਿੱਚ ਹੈ, ਜਿੱਥੇ ਕੁਝ ਦਿਨ ਪਹਿਲਾਂ ਇੱਕ ਪੁਰਾਣੀ ਦਰਗਾਹ ਅੱਗੇ ਹਨੂੰਮਾਨ ਦੀ ਮੂਰਤੀ ਰੱਖ ਕੇ ਹਿੰਦੂ ਨੌਜਵਾਨਾਂ ਦੇ ਹਿੰਦੂਤਵੀ ‘ਟੀਕੇ’ ਲਾਏ ਗਏ ਸਨ | ਸਿੱਟੇ ਵਜੋਂ ਇਲਾਕੇ ਵਿੱਚ ਕਰਫਿਊ ਲਾਉਣਾ ਪਿਆ ਸੀ | ਪ੍ਰਸ਼ਾਸਨ ਨੇ ਮੂਰਤੀ ਤਾਂ ਹਟਾ ਦਿੱਤੀ, ਪਰ ਕਿਸੇ ਨੂੰ ਗਿ੍ਫ਼ਤਾਰ ਕਰਨ ਦੀ ਜੁਰਅਤ ਨਹੀਂ ਕੀਤੀ ਸੀ | ਇਸ ਦੇ ਉਲਟ ਦਰਗਾਹ ਕਮੇਟੀ ਦੇ ਪ੍ਰਧਾਨ ਨੂੰ ਜ਼ਰੂਰ ਜੇਲ੍ਹ ਭੇਜ ਦਿੱਤਾ ਗਿਆ ਸੀ | ਇਹੋ ਜਿਹੀਆਂ ਨਫ਼ਰਤੀ ਘਟਨਾਵਾਂ ਤੇ ਉਨ੍ਹਾਂ ਪ੍ਰਤੀ ਪ੍ਰਸ਼ਾਸਨ ਦਾ ਪੱਖਪਾਤੀ ਰਵੱਈਆ ਹੀ ਹੈ, ਜਿਸ ਨੇ ਦਿਨੇਸ਼ ਵਰਗੇ ਨੌਜਵਾਨਾਂ ਨੂੰ ਮਨੁੱਖ ਰੂਪੀ ਭੇੜੀਆਂ ਵਿੱਚ ਤਬਦੀਲ ਕਰ ਦਿੱਤਾ ਹੈ, ਜਿਹੜੇ ਕਿਸੇ ਵੀ ਭੰਵਰ ਲਾਲ ਨੂੰ ਮੁਹੰਮਦ ਸਮਝ ਕੇ ਮੌਤ ਦੇ ਘਾਟ ਉਤਾਰ ਸਕਦੇ ਹਨ |
ਵੀਡੀਓ ਦੇ ਵਾਇਰਲ ਹੋ ਜਾਣ ਤੋਂ ਬਾਅਦ ਵੀ ਮਨਾਸਾ ਥਾਣੇ ਦੀ ਪੁਲਸ ਐੱਫ਼ ਆਈ ਆਰ ਦਰਜ ਕਰਨ ਤੋਂ ਟਾਲ-ਮਟੋਲ ਕਰਦੀ ਰਹੀ ਸੀ | ਭੰਵਰ ਲਾਲ ਜੈਨ ਦੇ ਪਿੰਡ ਵਾਲਿਆਂ ਤੇ ਜੈਨ ਸਮਾਜ ਦੇ ਵਿਰੋਧ ਪ੍ਰਗਟ ਕਰਨ ਉੱਤੇ ਹੀ ਦਿਨੇਸ਼ ਕੁਸ਼ਵਾਹਾ ਵਿਰੁੱਧ ਧਾਰਾ 302 ਤੇ 304 ਅਧੀਨ ਕੇਸ ਦਰਜ ਕੀਤਾ ਗਿਆ | ਇਨ੍ਹਾਂ ਦੋ ਧਾਰਾਵਾਂ ਬਾਰੇ ਕਾਨੂੰਨ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਜਾਂਚ ਤੋਂ ਬਾਅਦ ਦੋਸ਼ੀ ਨੂੰ ਇਸ ਦਾ ਲਾਭ ਦਿੱਤਾ ਜਾ ਸਕਦਾ ਹੈ ਤੇ ਕਤਲ ਵਾਲੀ ਧਾਰਾ 302 ਖ਼ਤਮ ਕੀਤੀ ਜਾ ਸਕਦੀ ਹੈ | ਇਸ ਸਮੇਂ ਭਾਜਪਾ 2024 ਦੀਆਂ ਲੋਕ ਸਭਾ ਚੋਣਾਂ ਜਿੱਤਣ ਲਈ ਸਾਰੇ ਦੇਸ਼ ਨੂੰ ਫਿਰਕੂ ਲਪਟਾਂ ਦੇ ਹਵਾਲੇ ਕਰਨ ਲਈ ਜਤਨਸ਼ੀਲ ਹੈ | ਇਸ ਤੋਂ ਪਹਿਲਾਂ ਕਿ ਸਾਰਾ ਦੇਸ਼ ਇਸ ਦੀ ਲਪੇਟ ਵਿੱਚ ਆ ਜਾਵੇ, ਸਭ ਦੇਸ਼ ਭਗਤ ਤੇ ਜਮਹੂਰੀਅਤਪਸੰਦ ਧਿਰਾਂ ਨੂੰ ਮਿਲ ਕੇ ਇਸ ਦੇ ਵਿਰੋਧ ਵਿੱਚ ਖੜ੍ਹਨਾ ਹੋਵੇਗਾ |
-ਚੰਦ ਫਤਿਹਪੁਰੀ