ਕਾਮਰੇਡ ਅਕਲਪੁਰੀ ਦਾ ਸੂਹੀ ਸਲਾਮ ਨਾਲ ਅੰਤਿਮ ਸੰਸਕਾਰ

0
180

ਜਲੰਧਰ/ਫਿਲੌਰ (ਗਿਆਨ ਸੈਦਪੁਰੀ/ਨਿਰਮਲ)-ਭਾਰਤੀ ਕਮਿਊਨਿਸਟ ਪਾਰਟੀ ਦੇ ਸਤਿਕਾਰਤ ਆਗੂ ਅਤੇ ਨਵਾਂ ਜ਼ਮਾਨਾ ਦੀ ਸੰਚਾਲਕ ਅਰਜਨ ਸਿੰਘ ਗੜਗੱਜ ਫਾਊਾਡੇਸ਼ਨ ਦੇ ਸੀਨੀਅਰ ਮੈਂਬਰ ਕਾਮਰੇਡ ਸਵਰਨ ਸਿੰਘ ਅਕਲਪੁਰੀ ਦੇ ਦੇਹਾਂਤ ਹੋਣ ਤੋਂ ਬਾਅਦ ਪਰਵਾਰਕ ਮੈਂਬਰਾਂ ਦੇ ਵਿਦੇਸ਼ ਤੋਂ ਪਰਤਣ ‘ਤੇ ਸ਼ੁੱਕਰਵਾਰ ਨੂੰ ਉਨ੍ਹਾਂ ਦੇ ਪਿੰਡ ਅਕਲਪੁਰ (ਫਿਲੌਰ) ਦੇ ਸ਼ਮਸ਼ਾਨਘਾਟ ਵਿੱਚ ਸੇਜਲ ਅੱਖਾਂ ਨਾਲ ਅੰਤਿਮ ਸਸਕਾਰ ਕਰ ਦਿੱਤਾ ਗਿਆ | ਉਨ੍ਹਾਂ ਦਾ 18 ਜੂਨ ਦੀ ਸ਼ਾਮ ਨੂੰ ਦੇਹਾਂਤ ਹੋ ਗਿਆ ਸੀ | ਉਨ੍ਹਾਂ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਪੁੱਤਰਾਂ ਰਜਿੰਦਰ ਸਿੰਘ ਤੇ ਕੁਲਵਿੰਦਰ ਸਿੰਘ ਨੇ ਦਿਖਾਈ | ਇਸ ਤੋਂ ਪਹਿਲਾਂ ਉਨ੍ਹਾਂ ਦੀ ਮਿ੍ਤਕ ਦੇਹ ‘ਤੇ ਲਾਲ ਝੰਡੇ ਪਾ ਕੇ ਅੰਤਿਮ ਵਿਦਾਇਗੀ ਦਿੱਤੀ ਗਈ | ਇਸ ਮੌਕੇ ਸੀ ਪੀ ਆਈ ਦੇ ਸੂਬਾ ਸਕੱਤਰ ਕਾਮਰੇਡ ਬੰਤ ਸਿੰਘ ਬਰਾੜ ਨੇ ਵਿਛੜੇ ਸਾਥੀ ਦੇ ਸੰਘਰਸ਼ਮਈ ਸਮਿਆਂ ਨੂੰ ਚੇਤੇ ਕਰਦਿਆਂ ਉਨ੍ਹਾਂ ਨੂੰ ਸੂਹੀ ਸਲਾਮ ਆਖੀ | ਉਨ੍ਹਾ ਕਿਹਾ ਕਿ ਸਾਥੀ ਅਕਲਪੁਰੀ ਲਾਲ ਝੰਡਾ ਅੱਜ ਸਾਡੇ ਹਵਾਲੇ ਕਰ ਗਏ ਹਨ | ਇਸ ਨੂੰ ਬੁਲੰਦੀ ‘ਤੇ ਲਿਜਾਣਾ ਸਾਡੇ ਫਰਜ਼ਾਂ ਦੀ ਅਗੇਤ ਵਿੱਚ ਸ਼ਾਮਲ ਹੋਵੇਗਾ | ਉਨ੍ਹਾ ਪਰਵਾਰ ਦੇ ਮੈਂਬਰਾਂ ਨਾਲ ਹਮਦਰਦੀ ਜ਼ਾਹਰ ਕਰਦਿਆ ਆਸ ਪ੍ਰਗਟਾਈ ਕਿ ਪਰਵਾਰ ਕਾਮਰੇਡ ਅਕਲਪੁਰੀ ਦੀ ਫਖਰ ਯੋਗ ਸੂਹੀ ਵਿਰਾਸਤ ਨੂੰ ਸਾਂਭਣ ਅਤੇ ਹੋਰ ਅੱਗੇ ਲੈ ਕੇ ਜਾਵੇਗਾ | ਕਾਮਰੇਡ ਅਕਲਪੁਰੀ ਦੇ ਸੰਘਰਸ਼ੀ ਜੀਵਨ ਦੀ ਗੱਲ ਕਰਦਿਆਂ ਸਾਥੀ ਬਰਾੜ ਨੇ ਕਿਹਾ ਕਿ ਉਹ ਵਿਦਿਆਰਥੀ ਜੀਵਨ ਤੋਂ ਹੀ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਮੰਚ ਤੋਂ ਵਿਦਿਆਰਥੀਆਂ ਦੀਆਂ ਮੰਗਾਂ ਮੰਨਵਾਉਣ ਅਤੇ ਉਨ੍ਹਾਂ ਦੀ ਬਿਹਤਰੀ ਲਈ ਸੰਘਰਸ਼ਾਂ ਦੇ ਪਾਂਧੀ ਬਣ ਗਏ ਸਨ | ਬਾਅਦ ਵਿੱਚ ਉਹ ਨੌਜਵਾਨ ਸਭਾ ਵਿੱਚ ਵਰਨਣਯੋਗ ਕੰਮ ਕਰਦੇ ਰਹੇ | ਕਿਸਾਨ ਸੰਘਰਸ਼ ਦੌਰਾਨ ਉਨ੍ਹਾਂ ਨੇ ਮਿਸਾਲੀ ਯੋਗਦਾਨ ਪਾਇਆ |
ਅੰਤਿਮ ਵਿਦਾਇਗੀ ਮੌਕੇ ਨਵਾਂ ਜ਼ਮਾਨਾ ਦੇ ਸੰਪਾਦਕ ਚੰਦ ਫਤਿਹਪੁਰੀ, ਵੈਟਰਨ ਆਗੂ ਕਾਮਰੇਡ ਰਛਪਾਲ ਸਿੰਘ ਬੜਾ ਪਿੰਡ, ਸੀ ਪੀ ਆਈ ਦੇ ਸੂਬਾ ਕੰਟਰੋਲ ਕਮਿਸ਼ਨ ਦੇ ਚੇਅਰਮੈਨ ਰਮੇਸ਼ ਰਤਨ, ਪੰਜਾਬ ਖੇਤ ਮਜ਼ਦੂਰ ਸਭਾ ਦੇ ਜਨਰਲ ਸਕੱਤਰ ਕਾਮਰੇਡ ਦੇਵੀ ਕੁਮਾਰੀ ਸਰਹਾਲੀ ਕਲਾਂ, ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਰਸ਼ਪਾਲ ਕੈਲੇ, ਇਸਤਰੀ ਸਭਾ ਜ਼ਿਲ੍ਹਾ ਜਲੰਧਰ ਦੇ ਜਨਰਲ ਸਕੱਤਰ ਕਾਮਰੇਡ ਸੰਤੋਸ਼ ਬਰਾੜ, ਸੀ ਪੀ ਆਈ ਜ਼ਿਲ੍ਹਾ ਨਵਾਂ ਸ਼ਹਿਰ ਦੇ ਕਾਰਜਕਾਰੀ ਸਕੱਤਰ ਕਾਮਰੇਡ ਨਿਰੰਜਣ ਦਾਸ ਮੇਹਲੀ, ਖੇਤ ਮਜ਼ਦੂਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਵੀਰ ਕੁਮਾਰ, ਪਰਵਿੰਦਰ ਫਲਪੋਤਾ, ਅਮਰਜੀਤ ਮੇਹਲੀ, ਮਹਿੰਦਰ ਪਾਲ ਮੋਹਾਲੀ ਆਦਿ ਹਾਜ਼ਰ ਸਨ |
ਪੰਜਾਬ ਖੇਤ ਮਜ਼ਦੂਰ ਸਭਾ ਅਤੇ ਆਰ ਐਮ ਪੀ ਆਈ ਵੱਲੋਂ ਵੀ ਝੰਡਾ ਪਾ ਕੇ ਵਿਛੜੇ ਆਗੂ ਨੂੰ ਇਨਕਲਾਬੀ ਸ਼ਰਧਾਂਜਲੀ ਦਿੱਤੀ ਗਈ | ਇਸ ਮੌਕੇ ਆਰ ਐਮ ਪੀ ਆਈ ਦੇ ਤਹਿਸੀਲ ਸਕੱਤਰ ਡਾ. ਸਰਬਜੀਤ ਸਿੰਘ ਮੁਠੱਡਾ, ਬੀ ਕੇ ਯੂ (ਕਾਦੀਆਂ) ਦੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਭਾਰ ਸਿੰਘ ਪੁਰੀ, ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਸਕੱਤਰ ਪਰਮਜੀਤ ਰੰਧਾਵਾ, ਕਮਲਜੀਤ ਸਿੰਘ ਗੰਨਾ ਪਿੰਡ, ਮਨਰੇਗਾ ਵਰਕਰਜ਼ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਜਰਨੈਲ ਫਿਲੌਰ, ਕਾਮਰੇਡ ਰਮੇਸ਼ ਕੌਸ਼ਲ ਲੁਧਿਆਣਾ (ਸੀ ਪੀ ਐਮ), ਆਂਗਨਵਾੜੀ ਵਰਕਰਜ਼ ਯੂਨੀਅਨ ਦੀ ਆਗੂ ਨਿਰਪੇਲ ਕੌਰ, ਜਮਹੂਰੀ ਕਿਸਾਨ ਸਭਾ ਦੇ ਆਗੂ ਕੁਲਦੀਪ ਫਿਲੌਰ, ਕੁਲਜੀਤ ਫਿਲੌਰ, ਨਗਰ ਕੌਂਸਲ ਦੇ ਪ੍ਰਧਾਨ ਮਹਿੰਦਰ ਪਾਲ ਚੁੰਬਰ, ਸੁਦੇਸ਼ ਕੁਮਾਰ, ਬਲਬੀਰ ਗੋਗੀ, ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ | ਪਰਵਾਰਕ ਸੂਤਰਾਂ ਅਨੁਸਾਰ ਕਾਮਰੇਡ ਸਵਰਨ ਅਕਲਪੁਰੀ ਨਮਿਤ ਸ਼ਰਧਾਂਜਲੀ ਸਮਾਗਮ 27 ਜੂਨ ਨੂੰ ਅਕਲਪੁਰ ਵਿਖੇ ਹੋਵੇਗਾ |

LEAVE A REPLY

Please enter your comment!
Please enter your name here