25 C
Jalandhar
Sunday, September 8, 2024
spot_img

ਧਮਕੀਆਂ

ਵੋਟ ਨਹੀਂ ਦਿੱਤਾ ਤਾਂ ਕੰਮ ਨਹੀਂ ਕਰਾਂਗਾ | ਬਿਹਾਰ ਦੇ ਜਨਤਾ ਦਲ (ਯੂ) ਸਾਂਸਦ ਦੇਵੇਸ਼ ਚੰਦਰ ਠਾਕੁਰ ਨੇ ਸਭ ਤੋਂ ਪਹਿਲਾਂ ਇਹ ਬਿਆਨ ਦਿੱਤਾ | ਉਸ ਤੋਂ ਬਾਅਦ ਹੁਣ ਅੰਡੇਮਾਨ ਤੇ ਨਿਕੋਬਾਰ ਟਾਪੂ ਸਮੂਹ ਦੇ ਨਵੇਂ ਚੁਣੇ ਗਏ ਭਾਜਪਾ ਸਾਂਸਦ ਬਿਸ਼ਣੂ ਪਦ ਰੇਅ ਨੇ ਵੀ ਅਜਿਹਾ ਬਿਆਨ ਦੇ ਦਿੱਤਾ ਹੈ | ਵਾਇਰਲ ਹੋ ਰਹੀ ਵੀਡੀਓ ਵਿਚ ਰੇਅ ਇਕ ਇਕੱਠ ਵਿਚ ਉਸ ਨੂੰ ਵੋਟ ਨਾ ਦੇਣ ਵਾਲਿਆਂ ਨੂੰ ਗੰਭੀਰ ਨਤੀਜੇ ਭੁਗਤਣ ਦੀ ਧਮਕੀ ਦਿੰਦਾ ਨਜ਼ਰ ਆ ਰਿਹਾ ਹੈ | ਉਹ ਕਹਿ ਰਿਹਾ ਹੈ—ਅਸੀਂ ਲੋਕਾਂ ਦੇ ਕੰਮ ਕਰਵਾਵਾਂਗੇ ਪਰ ਜਿਨ੍ਹਾਂ ਨੇ ਸਾਨੂੰ ਵੋਟ ਨਹੀਂ ਪਾਈ, ਉਨ੍ਹਾਂ ਨੂੰ ਸੋਚਣਾ ਪਵੇਗਾ | ਨਿਕੋਬਾਰ ਦੇ ਵੋਟਰੋ, ਸੋਚੋ ਹੁਣ ਤੁਹਾਡਾ ਕੀ ਹੋਣ ਵਾਲਾ ਹੈ | ਨਿਕੋਬਾਰ ਦੇ ਨਾਂਅ ‘ਤੇ ਤੁਸੀਂ ਪੈਸੇ ਲਵੋਗੇ, ਸ਼ਰਾਬ ਪੀਓਗੇ ਪਰ ਵੋਟ ਨਹੀਂ ਦੇਵੋਗੋ | ਖਬਰਦਾਰ ਹੋ ਜਾਓ, ਹੁਣ ਤੁਹਾਡੇ ਦਿਨ ਖਰਾਬ ਹਨ | ਤੁਸੀਂ ਹੁਣ ਅੰਡੇਮਾਨ ਤੇ ਨਿਕੋਬਾਰ ਟਾਪੂ ਸਮੂਹ ਨੂੰ ਮੂਰਖ ਨਹੀਂ ਬਣਾ ਸਕੋਗੇ | ਤੁਹਾਡੇ ਦਿਨ ਹੁਣ ਚੰਗੇ ਨਹੀਂ ਰਹਿਣਗੇ |
ਘੱਟ ਵੋਟਾਂ ਦੇ ਫਰਕ ਨਾਲ ਜਿੱਤਣ ਵਾਲੇ ਜਨਤਾ ਦਲ (ਯੂ) ਦੇ ਸਾਂਸਦ ਦੇਵੇਸ਼ ਚੰਦਰ ਠਾਕੁਰ ਦੀ ਵਾਇਰਲ ਹੋਈ ਵੀਡੀਓ ਵਿਚ ਉਹ ਕਹਿੰਦਾ ਨਜ਼ਰ ਆ ਰਿਹਾ ਹੈ ਕਿ ਉਸ ਨੇ ਸਭ ਤੋਂ ਵੱਧ ਕੰਮ ਯਾਦਵਾਂ ਤੇ ਮੁਸਲਮਾਨਾਂ ਦਾ ਕੀਤਾ ਪਰ ਚੋਣਾਂ ਵਿਚ ਬਿਨਾਂ ਕਿਸੇ ਕਾਰਨ ਉਨ੍ਹਾਂ ਨੇ ਉਸ ਨੂੰ ਵੋਟਾਂ ਨਹੀਂ ਦਿੱਤੀਆਂ | ਹੁਣ ਜਦੋਂ ਇਹ ਕੰਮ ਲੈ ਕੇ ਆਉਣਗੇ ਤਾਂ ਚਾਹ-ਨਾਸ਼ਤਾ ਤਾਂ ਕਰਾਵਾਂਗਾ ਪਰ ਇਨ੍ਹਾਂ ਦੇ ਕੰਮ ਨਹੀਂ ਕਰਾਂਗਾ |
ਸੀਤਾਮੜੀ ਦੇ ਸਾਂਸਦ ਠਾਕੁਰ ਦੇ ਇਸ ਵਿਵਾਦਗ੍ਰਸਤ ਬਿਆਨ ਦੇ ਬਾਅਦ ਬਿਹਾਰ ਤੋਂ ਕੇਂਦਰੀ ਮੰਤਰੀ ਤੇ ਬੇਗੂਸਰਾਇ ਦੇ ਭਾਜਪਾ ਸਾਂਸਦ ਗਿਰੀਰਾਜ ਸਿੰਘ ਨੇ ਕਿਹਾ ਕਿ ਮੁਸਲਮਾਨ ਉਸ ਨੂੰ ਵੋਟਾਂ ਨਹੀਂ ਦਿੰਦੇ | ਮੁਸਲਮਾਨਾਂ ਵੱਲੋਂ ਕਿਸੇ ਵਿਸ਼ੇਸ਼ ਪਾਰਟੀ (ਭਾਜਪਾ) ਨੂੰ ਵੋਟ ਨਾ ਪਾਉਣ ਦੇ ਸਮੂਹਕ ਫੈਸਲੇ ਦਾ ਮਕਸਦ ਹੀ ਸਨਾਤਨ ਨੂੰ ਕਮਜ਼ੋਰ ਕਰਨਾ ਹੈ | ਠਾਕੁਰ ਦੇ ਬਿਆਨ ਦੀ ਪ੍ਰੋੜ੍ਹਤਾ ਕਰਦਿਆਂ ਗਿਰੀਰਾਜ ਨੇ ਕਿਹਾ ਕਿ ਠਾਕੁਰ ਨੇ ਆਪਣੇ ਦਿਲ ਦੀ ਗੱਲ ਕੀਤੀ ਹੈ |
ਇਨ੍ਹਾਂ ਸਾਂਸਦਾਂ ਦੇ ਸਾਹਮਣੇ ਆਏ ਬਿਆਨਾਂ ਤੋਂ ਬਾਅਦ ਇਨ੍ਹਾਂ ਦੀਆਂ ਪਾਰਟੀਆਂ ਨੇ ਨਾ ਇਨ੍ਹਾਂ ਤੋਂ ਕੋਈ ਸਪੱਸ਼ਟੀਕਰਨ ਮੰਗਿਆ ਹੈ ਤੇ ਨਾ ਹੀ ਇਨ੍ਹਾਂ ਦੇ ਫਿਰਕਾਵਾਰਾਨਾ ਬਿਆਨਾਂ ‘ਤੇ ਕੋਈ ਪ੍ਰਤੀਕਿਰਿਆ ਦਿੱਤੀ ਹੈ | ਇਹ ਬਿਆਨ ਇਕ ਤਰ੍ਹਾਂ ਨਾਲ ਚੋਣਾਂ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਮੁਸਲਮਾਨਾਂ ਬਾਰੇ ਕੀਤੀਆਂ ਗਈਆਂ ਟਿੱਪਣੀਆਂ ਦਾ ਵਧਾਅ ਹੀ ਹਨ | ਚੋਣ ਕਮਿਸ਼ਨ ਨੇ ਫਿਰਕਾਵਾਰਾਨਾ ਬਿਆਨਾਂ ਦਾ ਕੋਈ ਨੋਟਿਸ ਨਹੀਂ ਸੀ ਲਿਆ | ਜੇ ਚੋਣ ਕਮਿਸ਼ਨ ਨੇ ਉਦੋਂ ਵਰਜਿਆ ਹੁੰਦਾ ਤਾਂ ਉਪਰੋਕਤ ਸਾਂਸਦ ਅਜਿਹੇ ਬਿਆਨ ਦੇਣ ਤੋਂ ਪਹਿਲਾਂ ਦੋ ਵਾਰ ਸੋਚਦੇ | ਚੋਣ ਕਮਿਸ਼ਨ ਨੂੰ ਹੁਣ ਵੀ ਨੋਟਿਸ ਲੈਣਾ ਚਾਹੀਦਾ ਹੈ ਕਿ ਜਿਨ੍ਹਾਂ ਨੂੰ ਉਸ ਨੇ ਜਿੱਤ ਦੇ ਸਰਟੀਫਿਕੇਟ ਦਿੱਤੇ ਹਨ, ਕੀ ਉਹ ਅਜਿਹੀ ਬਿਆਨਬਾਜ਼ੀ ਕਰਨ ਤੋਂ ਬਾਅਦ ਸੰਸਦ ਵਿਚ ਬੈਠਣ ਦੇ ਹੱਕਦਾਰ ਹੋ ਸਕਦੇ ਹਨ?

Related Articles

LEAVE A REPLY

Please enter your comment!
Please enter your name here

Latest Articles