ਅੰਮਿ੍ਰਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ’ਚ ਯੋਗ ਕਰਨ ਵਾਲੀ ਗੁਜਰਾਤ ਦੀ ਅਰਚਨਾ ਮਕਵਾਨਾ ਖਿਲਾਫ ਸ਼ਿਕਾਇਤ ਦਰਜ ਕਰਵਾਏ ਜਾਣ ਤੋਂ ਬਾਅਦ ਕੋਤਵਾਲੀ ਪੁਲਸ ਨੇ ਉਸ ਖਿਲਾਫ ਧਾਰਮਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ’ਚ ਐੱਫ ਆਈ ਆਰ ਦਰਜ ਕਰ ਲਈ ਹੈ। ਅਸਿਸਟੈਂਟ ਪੁਲਸ ਕਮਿਸ਼ਨਰ ਕੁਲਦੀਪ ਸਿੰਘ ਨੇ ਦੱਸਿਆ ਕਿ ਦਰਬਾਰ ਸਾਹਿਬ ਸਮੂਹ ’ਚ ਲੱਗੇ ਸੀ ਸੀ ਟੀ ਵੀ ਕੈਮਰਿਆਂ ਦੀ ਜਾਂਚ ਵਿਚ ਪਤਾ ਲੱਗਿਆ ਕਿ ਅਰਚਨਾ ਨੇ ਪਾਵਨ ਅਸਥਾਨ ’ਤੇ ਮੱਥਾ ਨਹੀਂ ਟੇਕਿਆ। ਉਸ ਨੇ ਸਭ ਪ੍ਰਚਾਰ ਲਈ ਕੀਤਾ ਗਿਆ ਜਾਪਦਾ ਹੈ। ਇਸ ਲਈ ਐੱਫ ਆਈ ਆਰ ਦਰਜ ਕੀਤੀ ਗਈ ਹੈ।
ਲਾਂਚ ਵਹੀਕਲ ਦੀ ਸਫਲ ਲੈਂਡਿੰਗ
ਸ੍ਰੀਹਰੀਕੋਟਾ : ਭਾਰਤੀ ਪੁਲਾੜ ਖੋਜ ਸੰਸਥਾ (ਇਸਰੋ) ਨੇ ਐਤਵਾਰ ਦੱਸਿਆ ਕਿ ਉਸ ਦੇ ਮੁੜ ਵਰਤੋਂਯੋਗ ਲਾਂਚ ਵਹੀਕਲ (ਆਰ ਐੱਲ ਵੀ ਐੱਲ ਈ ਐੱਕਸ-3) ਦੀ ਲੈਂਡਿੰਗ ਸਫਲ ਰਹੀ ਹੈ। ਇਹ ਉਸ ਦੀ ਤੀਜੀ ਤੇ ਆਖਰੀ ਲੈਂਡਿੰਗ ਸੀ। ਇਸਰੋ ਦੇ ਅਧਿਕਾਰੀਆਂ ਨੇ ਦੱਸਿਆ ਕਿ ਪੁਸ਼ਪਕ ਚੁਣੌਤੀਪੂਰਨ ਹਾਲਾਤ ਵਿਚ ਵਧੀਆ ਢੰਗ ਨਾਲ ਉਤਰਿਆ। ਇਹ ਪ੍ਰਯੋਗ ਕਰਨਾਟਕ ਦੇ ਚਿਤਰਾਦੁਰਗਾ ਵਿਚ ਸੱਤ ਵੱਜ ਕੇ ਦਸ ਮਿੰਟ ’ਤੇ ਕੀਤਾ ਗਿਆ। ਭਾਰਤੀ ਪੁਲਾੜ ਸੰਸਥਾ ਨੇ ਇਸ ਤੋਂ ਪਹਿਲਾਂ ਆਰ ਐੱਲ ਵੀ ਐੱਲ ਈ ਐੱਕਸ-1 ਤੇ ਆਰ ਐੱਲ ਵੀ ਐੱਲ ਈ ਐੱਕਸ-2 ਦਾ ਸਫਲਤਾਪੂਰਵਕ ਪ੍ਰਯੋਗ ਕੀਤਾ ਸੀ।
ਲਾਹੌਲ ਸਪਿਤੀ ’ਚ ਭੁਚਾਲ ਦੇ ਝਟਕੇ
ਲਾਹੌਲ ਸਪਿਤੀ : ਹਿਮਾਚਲ ਪ੍ਰਦੇਸ਼ ਦੇ ਲਾਹੌਲ ਸਪਿਤੀ ਵਿਚ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਜਿਨ੍ਹਾਂ ਦੀ ਰਿਕਟਰ ਸਕੇਲ ’ਤੇ ਤੀਬਰਤਾ 3.4 ਮਾਪੀ ਗਈ। ਇਹ ਭੁਚਾਲ ਜ਼ਮੀਨ ਵਿਚ ਦਸ ਕਿਲੋਮੀਟਰ ਅੰਦਰ ਆਇਆ। ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ। ਸ਼ਨੀਵਾਰ ਰਾਤ ਸਵਾ ਇਕ ਵਜੇ ਭੁਚਾਲ ਦੇ ਦੋ ਝਟਕੇ ਲੱਗੇ ਤੇ ਲੋਕ ਡਰ ਕੇ ਘਰਾਂ ਤੋਂ ਬਾਹਰ ਨਿਕਲ ਆਏ।




