ਨਵੀਂ ਦਿੱਲੀ : ਹੈਦਰਾਬਾਦ ਦੇ ਸਾਂਸਦ ਅਸਦੁਦੀਨ ਓਵੈਸੀ ਨੇ ਮੰਗਲਵਾਰ ਲੋਕ ਸਭਾ ਮੈਂਬਰ ਵਜੋਂ ਸਹੁੰ ਚੁੱਕਣ ਤੋਂ ਬਾਅਦ ਜੈ ਭੀਮ, ਜੈ ਤੇਲੰਗਾਨਾ ਅਤੇ ਜੈ ਫਲਸਤੀਨ ਦੇ ਨਾਅਰੇ ਲਾਏ। ਓਵੈਸੀ ਨੇ ਉਰਦੂ ’ਚ ਸਹੁੰ ਚੁੱਕੀ। ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਮੁਸਲਿਮੀਨ ਦੇ ਪ੍ਰਧਾਨ ਓਵੈਸੀ ਨੇ ਤੇਲੰਗਾਨਾ ਦੀ ਹੈਦਰਾਬਾਦ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਮਾਧਵੀ ਲਤਾ ਨੂੰ 338087 ਵੋਟਾਂ ਨਾਲ ਹਰਾਇਆ ਹੈ।
ਓਵੈਸੀ ਨੇ ਸੰਸਦ ਦੇ ਬਾਹਰ ਉਨ੍ਹਾ ਦੇ ਨਾਅਰਿਆਂ ’ਤੇ ਮੀਡੀਆ ਨੂੰ ਜਵਾਬ ਦਿੱਤਾ। ਉਨ੍ਹਾ ਕਿਹਾਮੈਂ ਜੈ ਭੀਮ, ਜੈ ਮੀਮ, ਜੈ ਤੇਲੰਗਾਨਾ ਅਤੇ ਜੈ ਫਲਸਤੀਨ ਕਿਹਾ ਹੈ। ਇਹ ਸੰਵਿਧਾਨ ਦੇ ਖਿਲਾਫ ਨਹੀਂ। ਜੈ ਫਲਸਤੀਨ ਕਹਿਣ ਦਾ ਕਾਰਨ ਮਜ਼ਲੂਮਾਂ ਦੀ ਆਵਾਜ਼ ਹੈ। ਮਹਾਤਮਾ ਗਾਂਧੀ ਨੇ ਫਲਸਤੀਨ ਬਾਰੇ ਕੀ ਕਿਹਾ ਸੀ?
ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਨੇ ਕਿਹਾਸਾਡੀ ਫਲਸਤੀਨ ਜਾਂ ਕਿਸੇ ਹੋਰ ਦੇਸ਼ ਨਾਲ ਕੋਈ ਦੁਸ਼ਮਣੀ ਨਹੀਂ ਹੈ। ਕੀ ਸਹੁੰ ਚੁੱਕਦੇ ਸਮੇਂ ਕਿਸੇ ਮੈਂਬਰ ਲਈ ਕਿਸੇ ਹੋਰ ਦੇਸ਼ ਦੀ ਪ੍ਰਸੰਸਾ ’ਚ ਨਾਅਰੇਬਾਜ਼ੀ ਕਰਨਾ ਉਚਿਤ ਹੈ? ਸਾਨੂੰ ਨਿਯਮਾਂ ਦੀ ਜਾਂਚ ਕਰਨੀ ਹੋਵੇਗੀ ਕਿ ਇਹ ਉਚਿਤ ਹੈ ਜਾਂ ਨਹੀਂ। ਦੂਜੇ ਪਾਸੇ ਪ੍ਰੋ-ਟਾਇਮ ਸਪੀਕਰ ਨੇ ਓਵੈਸੀ ਦੇ ਨਾਅਰਿਆਂ ਨੂੰ ਕਾਰਵਾਈ ਤੋਂ ਹਟਾਉਣ ਲਈ ਕਿਹਾ ਹੈ। ਉਨ੍ਹਾ ਹਾਊਸ ਦੇ ਨਿਯਮਾਂ ਵਿਰੁੱਧ ਨਾਅਰੇਬਾਜ਼ੀ ਕੀਤੀ। ਕੇਂਦਰੀ ਮੰਤਰੀ ਜੀ ਕਿਸ਼ਨ ਰੈਡੀ ਨੇ ਕਿਹਾ ਓਵੈਸੀ ਵੱਲੋਂ ਲਗਾਇਆ ਗਿਆ ‘ਜੈ ਫਲਸਤੀਨ’ ਦਾ ਨਾਅਰਾ ਬਿਲਕੁਲ ਗਲਤ ਹੈ। ਇਹ ਸਦਨ ਦੇ ਨਿਯਮਾਂ ਦੇ ਵਿਰੁੱਧ ਹੈ। ਉਹ ਭਾਰਤ ’ਚ ਰਹਿ ਕੇ ‘ਭਾਰਤ ਮਾਤਾ ਦੀ ਜੈ’ ਦਾ ਨਾਅਰਾ ਨਹੀਂ ਲਾਉਦੇ।
ਪੰਜਾਬ ਦੇ ਲੋਕ ਸਭਾ ਮੈਂਬਰਾਂ ਅਮਰਿੰਦਰ ਸਿੰਘ ਰਾਜਾ ਵੜਿੰਗ, ਗੁਰਜੀਤ ਸਿੰਘ ਔਜਲਾ, ਡਾ. ਅਮਰ ਸਿੰਘ, ਸਰਬਜੀਤ ਸਿੰਘ ਖਾਲਸਾ, ਸੁਖਜਿੰਦਰ ਸਿੰਘ ਰੰਧਾਵਾ, ਸ਼ੇਰ ਸਿੰਘ ਘੁਬਾਇਆ, ਚਰਨਜੀਤ ਸਿੰਘ ਚੰਨੀ, ਹਰਸਿਮਰਤ ਕੌਰ ਬਾਦਲ, ਡਾ. ਧਰਮਵੀਰ ਗਾਂਧੀ, ਮਾਲਵਿੰਦਰ ਸਿੰਘ ਕੰਗ, ਗੁਰਮੀਤ ਸਿੰਘ ਮੀਤ ਹੇਅਰ ਤੇ ਰਾਜ ਕੁਮਾਰ ਚੱਬੇਵਾਲ ਨੇ ਪੰਜਾਬੀ ਵਿਚ ਆਪਣੀ ਸਹੁੰ ਚੁੱਕੀ। ਖਡੂਰ ਸਾਹਿਬ ਤੋਂ ਜਿੱਤਿਆ ਅੰਮਿ੍ਰਤਪਾਲ ਸਿੰਘ ਡਿਬਰੂਗੜ੍ਹ ਜੇਲ੍ਹ ’ਚ ਹੋਣ ਕਰਕੇ ਸਹੁੰ ਨਹੀਂ ਚੁੱਕ ਸਕਿਆ।



