ਸ਼ੇਅਰ ਬਾਜ਼ਾਰ ਨੇ ਰਿਕਾਰਡ ਬਣਾਇਆ

0
227

ਨਵੀਂ ਦਿੱਲੀ : ਬੁੱਧਵਾਰ ਸੈਂਸੈਕਸ 620.73 ਅੰਕਾਂ ਦੇ ਉਛਾਲ ਨਾਲ 78,674.25 ਅੰਕਾਂ ਦੇ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ ’ਤੇ ਬੰਦ ਹੋਇਆ, ਨਿਫਟੀ ਵੀ 147.50 ਅੰਕਾਂ ਦੀ ਛਾਲ ਮਾਰ ਕੇ 23,868.80 ਦੇ ਨਵੇਂ ਰਿਕਾਰਡ ਪੱਧਰ ’ਤੇ ਪਹੁੰਚ ਗਿਆ।
ਅਮਰੀਕਾ ’ਚ ਬੰਧੂਆ ਮਜ਼ਦੂਰੀ ਕਰਾਉਣ ’ਤੇ ਪੰਜਾਬੀ ਜੋੜੇ ਨੂੰ ਸਜ਼ਾ
ਵਾਸ਼ਿੰਗਟਨ : ਅਮਰੀਕਾ ਦੀ ਅਦਾਲਤ ਨੇ ਭਾਰਤੀ-ਅਮਰੀਕੀ ਜੋੜੇ ਨੂੰ ਆਪਣੇ ਰਿਸ਼ਤੇਦਾਰ ਨੂੰ ਸਕੂਲ ਵਿਚ ਦਾਖਲ ਕਰਵਾਉਣ ਦਾ ਝਾਂਸਾ ਦੇ ਕੇ ਉਸ ਤੋਂ 3 ਸਾਲ ਤੋਂ ਵੱਧ ਸਮੇਂ ਲਈ ਆਪਣੇ ਗੈਸ ਸਟੇਸ਼ਨ ਅਤੇ ਡਿਪਾਰਟਮੈਂਟ ਸਟੋਰ ਵਿਚ ਜਬਰੀ ਕੰਮ ਕਰਵਾਉਣ ਲਈ ਜੇਲ੍ਹ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਹਰਮਨਪ੍ਰੀਤ ਸਿੰਘ (31) ਨੂੰ 135 ਮਹੀਨੇ (11.25 ਸਾਲ) ਅਤੇ ਕੁਲਬੀਰ ਕੌਰ (43) ਨੂੰ 87 ਮਹੀਨੇ (7.25 ਸਾਲ) ਦੀ ਸਜ਼ਾ ਸੁਣਾਈ ਹੈ। ਉਨ੍ਹਾਂ ਨੂੰ ਆਪਣੇ ਚਚੇਰੇ ਭਰਾ ਅਤੇ ਪੀੜਤ ਨੂੰ ਲੱਗਭੱਗ 1.87 ਕਰੋੜ ਰੁਪਏ ਦਾ ਮੁਆਵਜ਼ਾ ਦੇਣ ਲਈ ਵੀ ਕਿਹਾ ਗਿਆ ਹੈ।
ਵਿਦਿਆਰਥਣ ਨਾਲ ਰੇਪ ਦੇ ਦੋਸ਼ ’ਚ 3 ਗਿ੍ਰਫਤਾਰ
ਜਲੰਧਰ : ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੀ 23 ਸਾਲਾ ਮੁਟਿਆਰ ਨਾਲ ਸੋਮਵਾਰ ਕਥਿਤ ਤੌਰ ’ਤੇ ਬਲਾਤਕਾਰ ਕੀਤਾ ਗਿਆ। ਤਿੰਨਾਂ ਮੁਲਜ਼ਮਾਂ ਵਿੱਚੋਂ ਇੱਕ ਵਿਅਕਤੀ ਉਸ ਨੂੰ ਸੁੰਨਸਾਨ ਥਾਂ ’ਤੇ ਲੈ ਗਿਆ ਅਤੇ ਉਸ ਨਾਲ ਕਥਿਤ ਤੌਰ ’ਤੇ ਬਲਾਤਕਾਰ ਕੀਤਾ, ਜਦਕਿ ਦੂਜਿਆਂ ਨੇ ਰਿਕਾਰਡਿੰਗ ਕੀਤੀ। ਮੁਟਿਆਰ ਓਡੀਸ਼ਾ ਦੀ ਰਹਿਣ ਵਾਲੀ ਹੈ ਅਤੇ ਬਾਇਓਕੈਮਿਸਟਰੀ ਤੇ ਮੋਲੀਕਿਊਲਰ ਬਾਇਓਲੋਜੀ ਦੀ ਵਿਦਿਆਰਥਣ ਹੈ। ਘਟਨਾ ਸੋਮਵਾਰ ਰਾਤ ਉਸ ਸਮੇਂ ਵਾਪਰੀ, ਜਦੋਂ ਉਹ ਆਪਣੇ ਦੋਸਤਾਂ ਨਾਲ ਸੈਰ ਕਰ ਰਹੀ ਸੀ। 22 ਤੋਂ 25 ਸਾਲ ਦੀ ਉਮਰ ਦੇ ਤਿੰਨੇ ਵਿਅਕਤੀ ਲੱਧੇਵਾਲੀ ਦੇ ਰਹਿਣ ਵਾਲੇ ਹਨ। ਜਲੰਧਰ ਦੀ ਪਤਾਰਾ ਪੁਲਸ ਨੇ ਇਨ੍ਹਾਂ ਨੂੰ ਗਿ੍ਰਫਤਾਰ ਕਰ ਲਿਆ ਹੈ। ਤਿੰਨਾਂ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ।
ਅੱਤਵਾਦੀ ਹਲਾਕ
ਜੰਮੂ : ਡੋਡਾ ਜ਼ਿਲ੍ਹੇ ਦੇ ਜੰਗਲੀ ਖੇਤਰ ’ਚ ਬੁੱਧਵਾਰ ਸੁਰੱਖਿਆ ਬਲਾਂ ਨਾਲ ਮੁਕਾਬਲੇ ’ਚ ਅੱਤਵਾਦੀ ਮਾਰਿਆ ਗਿਆ। 11 ਅਤੇ 12 ਜੂਨ ਨੂੰ ਹੋਏ ਦੋਹਰੇ ਅੱਤਵਾਦੀ ਹਮਲਿਆਂ ਤੋਂ ਬਾਅਦ ਪੁਲਸ, ਥਲ ਸੈਨਾ ਅਤੇ ਸੀ ਆਰ ਪੀ ਐੱਫ ਵੱਲੋਂ ਤਲਾਸ਼ੀ ਤੇ ਘੇਰਾਬੰਦੀ ਮੁਹਿੰਮ ਚਲਾਈ ਜਾ ਰਹੀ ਹੈ। ਇਸ ਦੌਰਾਨ ਸਵੇਰੇ 9.50 ਵਜੇ ਦੇ ਕਰੀਬ ਗੰਡੋਹ ਇਲਾਕੇ ਦੇ ਪਿੰਡ ਬਜਾਦ ’ਚ ਗੋਲੀਬਾਰੀ ਸ਼ੁਰੂ ਹੋ ਗਈ।
10-10 ਲੱਖ ਦਾ ਇਨਾਮ
ਨਵੀਂ ਦਿੱਲੀ : ਵਿਸ਼ਵ ਹਿੰਦੂ ਪ੍ਰੀਸ਼ਦ ਦੇ ਆਗੂ ਵਿਕਾਸ ਪ੍ਰਭਾਕਰ ਦੇ ਪੰਜਾਬ ਵਿਚ ਹੋਏ ਕਤਲ ਦੇ ਦੋ ਮੁਲਜ਼ਮਾਂ ’ਤੇ ਐੱਨ ਆਈ ਏ ਨੇ 10-10 ਲੱਖ ਰੁਪਏ ਦਾ ਇਨਾਮ ਐਲਾਨਿਆ ਹੈ। ਐੱਨ ਆਈ ਏ ਨੇ ਦੱਸਿਆ ਕਿ ਹਰਜੀਤ ਸਿੰਘ ਉਰਫ ਲਾਡੀ ਵਾਸੀ ਗੜ੍ਹ ਪਧਾਣਾ (ਨਵਾਂ ਸ਼ਹਿਰ) ਅਤੇ ਕੁਲਬੀਰ ਸਿੰਘ ਉਰਫ ਸਿੱਧੂ ਵਾਸੀ ਯਮੁਨਾ ਨਗਰ (ਹਰਿਆਣਾ) ਇਸ ਕੇਸ ਵਿਚ ਭਗੌੜੇ ਹਨ। ਇਸ ਸਾਲ 13 ਅਪ੍ਰੈਲ ਨੂੰ ਵਿਕਾਸ ਪ੍ਰਭਾਕਰ ਨੂੰ ਰੂਪਨਗਰ ਵਿਚ ਉਸ ਦੀ ਦੁਕਾਨ ’ਤੇ ਦੋ ਮੋਟਰਸਾਈਕਲ ਸਵਾਰਾਂ ਨੇ ਗੋਲੀ ਮਾਰ ਦਿੱਤੀ ਸੀ। ਦੋਵਾਂ ਹਮਲਾਵਰਾਂ ਨੇ ਰੂਪਨਗਰ ਰੇਲਵੇ ਸਟੇਸ਼ਨ ਸਥਿਤ ਬੱਗਾ ਕਨਫੈਕਸ਼ਨਰੀ ਦੀ ਦੁਕਾਨ ਵਿਚ ਦਾਖਲ ਹੋ ਕੇ ਗੋਲੀਆਂ ਚਲਾ ਦਿੱਤੀਆਂ ਅਤੇ ਫਰਾਰ ਹੋ ਗਏ। ਐੱਨ ਆਈ ਏ ਨੇ ਦੋਹਾਂ ਦੀ ਫੋਟੋ ਸਾਂਝੀ ਕਰਦਿਆਂ ਕਿਹਾ ਕਿ ਸੂਚਨਾ ਦੇਣ ਵਾਲਿਆਂ ਦੀ ਪਛਾਣ ਗੁਪਤ ਰੱਖੀ ਜਾਵੇਗੀ। ਇਸ ਤੋਂ ਪਹਿਲਾਂ 16 ਅਪ੍ਰੈਲ ਨੂੰ ਰੂਪਨਗਰ ਪੁਲਸ ਅਤੇ ਮੋਹਾਲੀ ਦੇ ਸਟੇਟ ਸਪੈਸ਼ਲ ਆਪ੍ਰੇਟਿੰਗ ਸੈੱਲ ਨੇ ਕੇਸ ਨਾਲ ਸੰਬੰਧਤ ਦੋ ਪਾਕਿਸਤਾਨੀ ਸਮਰਥਕਾਂ ਨੂੰ ਵੀ ਗਿ੍ਰਫਤਾਰ ਕੀਤਾ ਸੀ।

LEAVE A REPLY

Please enter your comment!
Please enter your name here