ਮੁੰਬਈ : ਈ ਡੀ ਨੇ ਸ਼ਿਵ ਸੈਨਾ ਦੇ ਰਾਜ ਸਭਾ ਮੈਂਬਰ ਸੰਜੇ ਰਾਊਤ ਲੈਂਡ ਸਕੈਮ ਮਾਮਲੇ ਵਿਚ ਐਤਵਾਰ ਹਿਰਾਸਤ ‘ਚ ਲੈ ਲਿਆ | ਈ ਡੀ ਦੀ ਟੀਮ ਸਵੇਰੇ ਉਨ੍ਹਾ ਦੇ ਘਰ ਪੁੱਜੀ ਤੇ 9 ਘੰਟਿਆਂ ਦੀ ਪੁਛਗਿਛ ਤੋਂ ਬਾਅਦ ਹਿਰਾਸਤ ‘ਚ ਲੈ ਲਿਆ | ਰਾਊਤ ਪਾਰਟੀ ਦਾ ਝੰਡਾ ਲਹਿਰਾਉਂਦੇ ਘਰੋਂ ਨਿਕਲੇ | ਇਸ ਵੇਲੇ ਸ਼ਿਵ ਸੈਨਾ ਦੇ ਕਾਫੀ ਵਰਕਰ ਵੀ ਮੌਜੂਦ ਸਨ |
1034 ਕਰੋੜ ਤੋਂ ਵੱਧ ਦੇ ਦੱਸੇ ਜਾਂਦੇ ਪਾਤਰਾ ਚਾਲ ਜ਼ਮੀਨ ਘੁਟਾਲੇ ਦੇ ਮਾਮਲੇ ‘ਚ ਈ ਡੀ ਨੇ ਰਾਊਤ ਨੂੰ 27 ਜੁਲਾਈ ਨੂੰ ਪੇਸ਼ ਹੋਣ ਲਈ ਕਿਹਾ ਸੀ ਪਰ ਉਹ ਗਏ ਨਹੀਂ | ਉਨ੍ਹਾ ਆਪਣੇ ਵਕੀਲ ਰਾਹੀਂ ਭੇਜੇ ਪੱਤਰ ਵਿਚ ਕਿਹਾ ਸੀ ਕਿ ਉਹ 7 ਅਗਸਤ ਤਕ ਪੇਸ਼ ਨਹੀਂ ਹੋ ਸਕਦੇ ਕਿਉਂਕਿ ਰਾਜ ਸਭਾ ਦਾ ਅਜਲਾਸ ਚੱਲ ਰਿਹਾ ਹੈ ਤੇ ਜ਼ਿੰਮੇਵਾਰ ਸਾਂਸਦ ਵਜੋਂ ਉਨ੍ਹਾ ਉਸ ਵਿਚ ਹਿੱਸਾ ਲੈਣਾ ਹੈ |
ਰਾਊਤ ਨੇ ਕਿਸੇ ਵੀ ਗਲਤ ਕੰਮ ਤੋਂ ਇਨਕਾਰ ਕਰਦਿਆਂ ਦੋਸ਼ ਲਗਾਇਆ ਹੈ ਕਿ ਉਨ੍ਹਾ ਨੂੰ ਸਿਆਸੀ ਬਦਲਾਖੋਰੀ ਲਈ ਨਿਸ਼ਾਨਾ ਬਣਾਇਆ ਜਾ ਰਿਹਾ ਹੈ | ਉਨ੍ਹਾ ਨੇ ਈ ਡੀ ਦੀ ਕਾਰਵਾਈ ਤੋਂ ਤੁਰੰਤ ਬਾਅਦ ਟਵੀਟ ਕੀਤਾ—ਮੈਂ ਮਰਹੂਮ ਬਾਲਾ ਸਾਹਿਬ ਠਾਕਰੇ ਦੀ ਸਹੁੰ ਖਾਂਦਾ ਹਾਂ ਕਿ ਮੇਰਾ ਕਿਸੇ ਘਪਲੇ ਨਾਲ ਕੋਈ ਸੰਬੰਧ ਨਹੀਂ ਹੈ | ਮੈਂ ਮਰ ਜਾਵਾਂਗਾ ਪਰ ਸ਼ਿਵ ਸੈਨਾ ਨਹੀਂ ਛੱਡਾਂਗਾ | ਇਸੇ ਦੌਰਾਨ ਸ਼ਿਵ ਸੈਨਾ ਦੇ ਪ੍ਰਧਾਨ ਊਧਵ ਠਾਕਰੇ ਨੇ ਦੋਸ਼ ਲਾਇਆ ਹੈ ਕਿ ਰਾਊਤ ਵਿਰੁੱਧ ਕਾਰਵਾਈ ਪਾਰਟੀ ਨੂੰ ਖਤਮ ਕਰਨ ਦੀ ਸਾਜ਼ਿਸ਼ ਦਾ ਹਿੱਸਾ ਹੈ |