ਪਠਾਨਕੋਟ : ਕਾਠ ਵਾਲਾ ਪੁਲ ’ਤੇ ਬੁੱਧਵਾਰ ਰਾਤ ਕਾਰ ਬੇਕਾਬੂ ਹੋ ਕੇ ਨਹਿਰ ’ਚ ਜਾ ਡਿੱਗੀ, ਜਿਸ ਕਰਕੇ 2 ਲੋਕਾਂ ਦੀ ਮੌਤ ਹੋ ਗਈ, ਜਦਕਿ 4 ਜ਼ਖਮੀ ਹੋ ਗਏ। ਮਿ੍ਰਤਕ ਦੇ ਦੋਸਤ ਨੇ ਦੱਸਿਆ ਕਿ ਹਾਦਸਾ ਕਰੀਬ ਡੇਢ ਵਜੇ ਵਾਪਰਿਆ, ਜਦੋਂ ਨੌਜਵਾਨ ਪਠਾਨਕੋਟ ’ਚ ਜਨਮ ਦਿਨ ਦੀ ਪਾਰਟੀ ਮਨਾ ਕੇ ਵਾਪਸ ਪਿੰਡ ਅਕਾਲਗੜ੍ਹ ਜਾ ਰਹੇ ਸੀ। ਉਸ ਨੇ ਦੱਸਿਆ ਕਿ ਰਾਤ ਕਰੀਬ 2 ਵਜੇ ਉਸ ਨੂੰ ਫੋਨ ਆਇਆ ਕਿ ਕਾਰ ਨਹਿਰ ’ਚ ਡਿੱਗ ਪਈ ਹੈ। ਉਹ ਲੋਕਾਂ ਨੂੰ ਲੈ ਕੇ ਮੌਕੇ ’ਤੇ ਪਹੁੰਚਿਆ ਅਤੇ ਦੇਖਿਆ ਕਿ ਕਾਰ ਵਿੱਚ ਸਵਾਰ 6 ਲੋਕਾਂ ਵਿੱਚੋਂ 4 ਬਾਹਰ ਨਿਕਲ ਚੁੱਕੇ ਸਨ, ਜਿਨ੍ਹਾਂ ਦੇ ਕਾਫੀ ਸੱਟਾਂ ਲੱਗੀਆਂ ਹੋਈਆਂ ਸਨ। ਕਾਰ ’ਚ ਫਸੇ 2 ਨੌਜਵਾਨਾਂ ਨੂੰ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਨ੍ਹਾਂ ਨੂੰ ਮਿ੍ਰਤਕ ਐਲਾਨ ਦਿੱਤਾ। ਮਿ੍ਰਤਕ ਨੌਜਵਾਨਾਂ ਵਿੱਚੋਂ ਇੱਕ ਦਾ ਕਰੀਬ ਤਿੰਨ ਮਹੀਨੇ ਪਹਿਲਾਂ ਵਿਆਹ ਹੋਇਆ ਸੀ ਅਤੇ ਉਹ ਸਾਊਥ ਕੋਰੀਆ ਤੋਂ ਕਰੀਬ 6 ਮਹੀਨੇ ਪਹਿਲਾਂ ਭਾਰਤ ਪਰਤਿਆ ਸੀ। ਵਿਆਹ ਦੇ ਬਾਅਦ ਉਸ ਦੀ ਪਤਨੀ ਕੈਨੇਡਾ ਚਲੀ ਗਈ ਤੇ ਉਸ ਨੇ ਵੀ ਕੁਝ ਦਿਨਾਂ ਬਾਅਦ ਕੈਨੇਡਾ ਜਾਣਾ ਸੀ।
ਅਕਾਲੀ ਦਲ ਵੱਲੋਂ ਬਸਪਾ ਨੂੰ ਸਮਰਥਨ
ਜਲੰਧਰ (ਸੁਰਿੰਦਰ ਕੁਮਾਰ)-10 ਜੁਲਾਈ ਨੂੰ ਹੋਣ ਵਾਲੀ ਜ਼ਿਮਨੀ ਚੋਣ ’ਚ ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਰਣਨੀਤੀ ਬਦਲਦਿਆਂ ਬਾਗੀ ਗਰੁੱਪ ਵੱਲੋਂ ਜਲੰਧਰ ਦੇ ਜ਼ਿਲ੍ਹਾ ਅਕਾਲੀ ਦਲ ਨਾਲ ਬਿਨਾਂ ਕੋਈ ਗੱਲ ਕੀਤਿਆਂ ਪੱਛਮੀ ਵਿਧਾਨ ਸਭਾ ਹਲਕੇ ਤੋਂ ਉਤਾਰੀ ਉਮੀਦਵਾਰ ਸੁਰਜੀਤ ਕੌਰ ਨੂੰ ਆਪਣਾ ਉਮੀਦਵਾਰ ਮੰਨਣ ਤੋਂ ਇਨਕਾਰ ਕਰ ਦਿੱਤਾ। ਹੁਣ ਅਕਾਲੀ ਦਲ ਬਸਪਾ ਉਮੀਦਵਾਰ ਬਿੰਦਰ ਲਾਖਾ ਦਾ ਸਮਰਥਨ ਕਰੇਗਾ।
ਹੁਣ ਓ ਐੱਮ ਆਰ ਸ਼ੀਟਾਂ ਨੂੰ ਲੈ ਕੇ ਪਟੀਸ਼ਨ
ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਨੈਸ਼ਨਲ ਟੈਸਟਿੰਗ ਏਜੰਸੀ (ਐੱਨ ਟੀ ਏ) ਤੋਂ ਪੁੱਛਿਆ ਹੈ ਕਿ ਕੀ ਨੀਟ-ਯੂ ਜੀ 2024 ’ਚ ਸ਼ਾਮਲ ਹੋਏ ਉਮੀਦਵਾਰਾਂ ਨੂੰ ਮੁਹੱਈਆ ਕਰਵਾਈਆਂ ਗਈਆਂ ਓ ਐੱਮ ਆਰ ਸ਼ੀਟਾਂ ਬਾਰੇ ਸ਼ਿਕਾਇਤਾਂ ਦਰਜ ਕਰਵਾਉਣ ਲਈ ਕੋਈ ਸਮਾਂ-ਸੀਮਾ ਹੈ। ਜਸਟਿਸ ਮਨੋਜ ਮਿਸ਼ਰਾ ਅਤੇ ਜਸਟਿਸ ਐੱਸ ਵੀ ਐੱਨ ਭੱਟੀ ਦੀ ਬੈਂਚ ਨੇ ਇੱਕ ਪ੍ਰਾਈਵੇਟ ਕੋਚਿੰਗ ਸੈਂਟਰ ਅਤੇ ਕੁਝ ਨੀਟ ਉਮੀਦਵਾਰਾਂ ਵੱਲੋਂ ਹਾਲ ਹੀ ਵਿਚ ਦਾਇਰ ਪਟੀਸ਼ਨ ’ਤੇ ਐੱਨ ਟੀ ਏ ਨੂੰ ਨੋਟਿਸ ਜਾਰੀ ਕੀਤਾ। ਸੁਪਰੀਮ ਕੋਰਟ ਨੇ ਇਸ ਪਟੀਸ਼ਨ ਨੂੰ ਪੈਂਡਿੰਗ ਮਾਮਲਿਆਂ ਨਾਲ ਨੱਥੀ ਕਰਦਿਆਂ ਸੁਣਵਾਈ ਲਈ 8 ਜੁਲਾਈ ਨੂੰ ਸੂਚੀਬੱਧ ਕਰ ਦਿੱਤਾ ਹੈ।




