ਨਵੀਂ ਦਿੱਲੀ : ਰਾਸ਼ਟਰਪਤੀ ਦਰੋਪਦੀ ਮੁਰਮੂ ਨੇ 18ਵੀਂ ਲੋਕ ਸਭਾ ਦੇ ਗਠਨ ਤੋਂ ਬਾਅਦ ਵੀਰਵਾਰ ਲੋਕ ਸਭਾ ਤੇ ਰਾਜ ਸਭਾ ਦੇ ਸਾਂਝੇ ਅਜਲਾਸ ਨੂੰ ਸੰਬੋਧਨ ਐਮਰਜੈਂਸੀ (ਹੰਗਾਮੀ ਹਾਲਤ) ਦਾ ਜ਼ਿਕਰ ਕਰਦਿਆਂ ਉਸ ਨੂੰ ਸੰਵਿਧਾਨ ਉੱਤੇ ਹਮਲਾ ਕਰਾਰ ਦਿੱਤਾ ਤੇ ਕਿਹਾ ਕਿ ਇਸ ਨੇ ਦੇਸ਼ ਵਿਚ ਅਫਰਾਤਫਰੀ ਤੇ ਸਹਿਮ ਦਾ ਮਾਹੌਲ ਪੈਦਾ ਕਰ ਦਿੱਤਾ ਸੀ, ਤਾਂ ਵੀ ਭਾਰਤ ਦੇ ਸੰਵਿਧਾਨ 50 ਸਾਲ ਪਹਿਲਾਂ ਮੜ੍ਹੀ ਗਈ ਕੌਮੀ ਐਮਰਜੈਂਸੀ ਦੇ ਹਮਲੇ ਨੂੰ ਪਛਾੜ ਦਿੱਤਾ।
ਪੇਪਰ ਲੀਕ ਦੀ ਗੱਲ ਕਰਦਿਆਂ ਉਨ੍ਹਾ ਕਿਹਾ ਕਿ ਪਹਿਲਾਂ ਵੀ ਵੱਖ-ਵੱਖ ਰਾਜਾਂ ਵਿਚ ਪੇਪਰ ਲੀਕ ਹੁੰਦੇ ਰਹੇ ਹਨ। ਉਨ੍ਹਾ ਦੀ ਸਰਕਾਰ ਨਿਰਪੱਖ ਜਾਂਚ ਕਰਕੇ ਦੋਸ਼ੀਆਂ ਨੂੰ ਸਜ਼ਾ ਦੇਣ ਲਈ ਵਚਨਬੱਧ ਹੈ। ਇਸ ਬੀਮਾਰੀ ਦਾ ਸਿਆਸੀ ਗਿਣਤੀ-ਮਿਣਤੀ ਤੋਂ ਉੱਪਰ ਉਠ ਕੇ ਦੇਸ਼ਵਿਆਪੀ ਠੋਸ ਹੱਲ ਲੱਭਣ ਦੀ ਲੋੜ ਹੈ। ਉਨ੍ਹਾ ਈ ਵੀ ਐੱਮ ਦੀ ਹਮਾਇਤ ਕਰਦਿਆਂ ਕਿਹਾ ਕਿ ਇਸ ਵਿਰੁੱਧ ਮੁਹਿੰਮ ਮੰਦਭਾਗੀ ਹੈ। ਉਨ੍ਹਾ ਦਾਅਵਾ ਕੀਤਾ ਕਿ ਜੰਮੂ-ਕਸ਼ਮੀਰ ਦੇ ਲੋਕਾਂ ਨੇ ਵੱਡੀ ਗਿਣਤੀ ਵਿਚ ਵੋਟਾਂ ਪਾ ਕੇ ਭਾਰਤ ਦੇ ਦੁਸ਼ਮਣਾਂ ਨੂੰ ਮੂੰਹ-ਤੋੜ ਜਵਾਬ ਦਿੱਤਾ ਹੈ।
ਕਾਂਗਰਸ ਸਾਂਸਦ ਸ਼ਸ਼ੀ ਥਰੂਰ ਨੇ ਰਾਸ਼ਟਰਪਤੀ ਵੱਲੋਂ ਐਮਰਜੈਂਸੀ ਦਾ ਜ਼ਿਕਰ ਕਰਨ ’ਤੇ ਇਤਰਾਜ਼ ਕਰਦਿਆਂ ਕਿਹਾ ਕਿ 50 ਸਾਲ ਬਾਅਦ ਐਮਰਜੈਂਸੀ ਦੀ ਗੱਲ ਕਰਨ ਵਿਚ ਕੋਈ ਤੁੱਕ ਨਹੀਂ। ਉਨ੍ਹਾ ਨੂੰ ਅਜੋਕੇ ਮੁੱਦਿਆਂ ’ਤੇ ਗੱਲ ਕਰਨੀ ਚਾਹੀਦੀ ਸੀ। ਉਨ੍ਹਾ ਨੀਟ ਜਾਂ ਬੇਰੁਜ਼ਗਾਰੀ, ਮਣੀਪੁਰ, ਭਾਰਤ-ਚੀਨ ਸਰਹੱਦੀ ਮੁੱਦੇ ਦਾ ਜ਼ਿਕਰ ਹੀ ਨਹੀਂ ਕੀਤਾ।
ਸ਼ਿਵ ਸੈਨਾ (ਯੂ ਬੀ ਟੀ) ਦੇ ਸਾਂਸਦ ਸੰਜੇ ਰਾਉਤ ਨੇ ਕਿਹਾ ਕਿ ਇਹ ਰਾਸ਼ਟਰਪਤੀ ਦਾ ਭਾਸ਼ਣ ਨਹੀਂ ਸੀ। ਦਸ ਸਾਲ ਤੋਂ ਇਹ ਮੋਦੀ ਦਾ ਭਾਸ਼ਣ ਹੀ ਚੱਲਿਆ ਆ ਰਿਹਾ ਹੈ। ਉਹ 50 ਸਾਲ ਬਾਅਦ ਵੀ ਐਮਰਜੈਂਸੀ ਦਾ ਜ਼ਿਕਰ ਕਰੀ ਜਾ ਰਹੇ ਹਨ। ਜਿਹੜੀ ਐਮਰਜੈਂਸੀ 10 ਸਾਲ ਤੋਂ ਚੱਲ ਰਹੀ ਹੈ, ਉਹ ਖਤਮ ਕਰਨ ਦੀ ਲੋੜ ਹੈ।
ਉਧਰ, ਲੋਕ ਸਭਾ ਵਿਚ ਆਪੋਜ਼ੀਸ਼ਨ ਦੇ ਆਗੂ ਰਾਹੁਲ ਗਾਂਧੀ ਨੇ ਵੀਰਵਾਰ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੂੰ ਮਿਲ ਕੇ ਉਨ੍ਹਾ ਵੱਲੋਂ ਬੁੱਧਵਾਰ ਸਦਨ ਵਿਚ ਐਮਰਜੈਂਸੀ ਦਾ ਜ਼ਿਕਰ ਕਰਨ ’ਤੇ ਇਹ ਕਹਿ ਕੇ ਨਾਰਾਜ਼ਗੀ ਜ਼ਾਹਰ ਕੀਤੀ ਕਿ ਇਹ ਪੂਰੀ ਤਰ੍ਹਾਂ ਸਿਆਸੀ ਮੁੱਦਾ ਸੀ ਤੇ ਇਸ ਨੂੰ ਟਾਲਿਆ ਜਾ ਸਕਦਾ ਸੀ।
ਕਾਂਗਰਸ ਦੇ ਜਨਰਲ ਸਕੱਤਰ ਕੇ ਸੀ ਵੇਣੂਗੋਪਾਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਰਾਹੁਲ ਨੇ ਸਪੀਕਰ ਨਾਲ ਸ਼ਿਸ਼ਟਾਚਾਰ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾ ਐਮਰਜੈਂਸੀ ਦਾ ਮੁੱਦਾ ਵੀ ਉਠਾਇਆ।
ਬਿਰਲਾ ਨੇ ਸਪੀਕਰ ਦਾ ਅਹੁਦਾ ਸੰਭਾਲਣ ਦੇ ਛੇਤੀ ਬਾਅਦ ਮਤਾ ਪੜ੍ਹਿਆ, ਜਿਸ ਵਿਚ ਐਮਰਜੈਂਸੀ ਦੀ ਨਿੰਦਾ ਕਰਦਿਆਂ ਉਸ ਨੂੰ ਵੇਲੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਸੰਵਿਧਾਨ ’ਤੇ ਹਮਲਾ ਦੱਸਿਆ ਗਿਆ। ਕਾਂਗਰਸੀ ਮੈਂਬਰਾਂ ਨੇ ਇਸ ਦਾ ਤਿੱਖਾ ਵਿਰੋਧ ਕੀਤਾ। ਬਿਰਲਾ ਨਾਲ ਕੀਤੀ ਗਈ ਮੁਲਾਕਾਤ ਦੌਰਾਨ ਸਮਾਜਵਾਦੀ ਪਾਰਟੀ ਦੇ ਧਰਮਿੰਦਰ ਯਾਦਵ, ਡੀ ਐੱਮ ਕੇ ਦੀ ਕਨੀਮੋਜ਼ੀ, ਐੱਨ ਸੀ ਪੀ (ਸ਼ਰਦ ਪਵਾਰ) ਦੀ ਸੁਪਿ੍ਰਆ ਸੂਲੇ ਤੇਤ ਟੀ ਐੱਮ ਸੀ ਦੇ ਕਲਿਆਣ ਬੈਨਰਜੀ ਤੇ ਹੋਰ ਆਗੂ ਵੀ ਰਾਹੁਲ ਦੇ ਨਾਲ ਸਨ।





