ਐੱਨ ਡੀ ਏ ਵਿਧਾਇਕ ਪੇਪਰ ਲੀਕ ਸਰਗਨਾ

0
239

ਸਾਰੇ ਦੇਸ਼ ਵਿੱਚ ਪੇਪਰ ਲੀਕ ਦੇ ਮਾਮਲਿਆਂ ਦਾ ਹੰਗਾਮਾ ਮਚਿਆ ਹੋਇਆ ਹੈ। ਇਸੇ ਦੌਰਾਨ ਭਾਜਪਾ ਦੀ ਭਾਈਵਾਲ ਪਾਰਟੀ ਸੁਹੇਲ ਦੇਵ ਭਾਰਤੀ ਸਮਾਜ ਪਾਰਟੀ ਦੇ ਇੱਕ ਵਿਧਾਇਕ ਦਾ ਸੋਸ਼ਲ ਮੀਡੀਆ ’ਤੇ ਵੀਡੀਓ ਵਾਇਰਲ ਹੋ ਰਿਹਾ ਹੈ। ਬੇਦੀ ਰਾਮ ਨਾਂਅ ਦਾ ਇਹ ਵਿਧਾਇਕ ਵੀਡੀਓ ਵਿੱਚ ਪੇਪਰ ਲੀਕ ਕਰਾ ਕੇ ਭਰਤੀ ਕਰਾਉਣ ਦਾ ਦਾਅਵਾ ਕਰ ਰਿਹਾ ਹੈ।
ਬੇਦੀ ਰਾਮ ਜੌਨਪੁਰ ਦਾ ਰਹਿਣ ਵਾਲਾ ਹੈ। ਉਹ ਯੂ ਪੀ ਦੇ ਗਾਜ਼ੀਪੁਰ ਦੀ ਜਖਨੀਆ ਸੀਟ ਤੋਂ ਵਿਧਾਇਕ ਚੁਣਿਆ ਹੋਇਆ ਹੈ। ਉਹ ਪੇਪਰ ਲੀਕ ਦੇ ਮਾਮਲੇ ਵਿੱਚ ਜੇਲ੍ਹ ਵੀ ਜਾ ਚੁੱਕਾ ਹੈ। ਬੇਦੀ ਰਾਮ ਨੂੰ 2014 ਵਿੱਚ ਗਿ੍ਰਫਤਾਰ ਕੀਤਾ ਗਿਆ ਸੀ। ਉਸ ’ਤੇ ਗੈਂਗਸਟਰ ਐਕਟ ਤੇ ਰਾਸ਼ਟਰੀ ਸੁਰੱਖਿਆ ਐਕਟ ਲਾਇਆ ਗਿਆ ਸੀ। ਉਸ ਨੂੰ ਪੇਪਰ ਲੀਕ ਮਾਮਲੇ ਵਿੱਚ ਐੱਸ ਟੀ ਐੱਫ ਨੇ ਗਿ੍ਰਫ਼ਤਾਰ ਕੀਤਾ ਸੀ।
ਵਿਧਾਇਕ ਬੇਦੀ ਰਾਮ ਨੂੰ ਪੇਪਰ ਲੀਕ ਗਰੋਹ ਦਾ ਸਰਗਨਾ ਸਮਝਿਆ ਜਾਂਦਾ ਹੈ। ਬੇਦੀ ਰਾਮ ’ਤੇ ਹਿਮਾਚਲ ਪ੍ਰਦੇਸ਼ ਤੇ ਮੱਧ ਪ੍ਰਦੇਸ਼ ਵਿੱਚ ਭਰਤੀ ਪ੍ਰੀਖਿਆਵਾਂ ਦੇ ਪੇਪਰ ਲੀਕ ਕਰਾਉਣ ਦੇ ਵੀ ਦੋਸ਼ ਹਨ। ਇਹ ਵੀ ਦੋਸ਼ ਹੈ ਕਿ ਉਹ ਰੇਲਵੇ ਭਰਤੀ ਪ੍ਰੀਖਿਆਵਾਂ ਦੇ ਪੇਪਰ ਕਈ ਵਾਰ ਲੀਕ ਕਰਾ ਚੁੱਕਾ ਹੈ। ਰੇਲਵੇ ਲੋਕੋ ਪਾਇਲਟ ਦੇ ਪੇਪਰ ਲੀਕ ਕਰਾਉਣ ਕਾਰਨ ਹੀ 2014 ਵਿੱਚ ਉਸ ਨੂੰ ਐੱਸ ਟੀ ਐੱਫ ਨੇ ਗਿ੍ਰਫ਼ਤਾਰ ਕੀਤਾ ਸੀ।
ਸੁਹੇਲ ਦੇਵ ਭਾਰਤੀ ਸਮਾਜ ਪਾਰਟੀ ਐੱਨ ਡੀ ਏ ਦੀਆਂ ਉਨ੍ਹਾਂ 38 ਪਾਰਟੀਆਂ ਵਿੱਚ ਸ਼ਾਮਲ ਹੈ, ਜਿਨ੍ਹਾਂ ਨੂੰ ਮੋਦੀ ਨੇ ‘ਇੰਡੀਆ’ ਗੱਠਜੋੜ ਦੇ ਮੁਕਾਬਲੇ ਲਈ ਇਕੱਠਾ ਕੀਤਾ ਸੀ। ਇਸ ਦੇ ਮੁਖੀ ਓਮ ਪ੍ਰਕਾਸ਼ ਰਾਜਭਰ ਅਮਿਤ ਸ਼ਾਹ ਦੇ ਚਹੇਤੇ ਹਨ ਤੇ ਉਨ੍ਹਾ ਦੇ ਦਬਾਅ ਕਾਰਨ ਹੀ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਰਾਜਭਰ ਨੂੰ ਆਪਣੇ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਹੋਇਆ ਹੈ।
ਪੇਪਰ ਲੀਕ ਬਾਰੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਕਾਂਗਰਸ ਭਾਜਪਾ ਉੱਤੇ ਹਮਲਾਵਰ ਹੋ ਗਈ ਹੈ। ਉਸ ਨੇ ਐੱਕਸ ’ਤੇ ਲਿਖਿਆ ਹੈ, ‘ਵਿਧਾਇਕ ਦਾ ਨਾਂਅ ਬੇਦੀ ਰਾਮ ਹੈ। ਉਸ ਦਾ ਧੰਦਾ ਪੇਪਰ ਲੀਕ ਕਰਾ ਕੇ ਪੈਸੇ ਕਮਾਉਣਾ ਹੈ। ਵਿਧਾਇਕ ਬੇਦੀ ਰਾਮ ਵੀਡੀਓ ਵਿੱਚ ਕਹਿੰਦਾ ਹੈ ਕਿ ਉਹ ਕੋਈ ਵੀ ਪੇਪਰ ਲੀਕ ਕਰਾ ਸਕਦਾ ਹੈ। ਜੇਕਰ ਬੇਦੀ ਰਾਮ ਨੇ ਪੇਪਰ ਲੀਕ ਕਰਾਇਆ ਹੈ ਤਾਂ ਉਹ ਐੱਨ ਡੀ ਏ ਵਿੱਚ ਕਿਉਂ ਹੈ? ਇਹ ਸਪੱਸ਼ਟ ਹੈ ਕਿ ਜਿੱਥੇ ਵੀ ਪੇਪਰ ਲੀਕ ਹੁੰਦਾ ਹੈ, ਉੱਥੇ ਭਾਜਪਾ ਦਾ ਕੁਨੈਕਸ਼ਨ ਜ਼ਰੂਰ ਹੁੰਦਾ ਹੈ।’
ਨੀਟ ਤੇ ਯੂ ਜੀ ਸੀ ਨੈੱਟ ਪੇਪਰ ਲੀਕ ਦਾ ਮਾਮਲਾ ਵਧਦਾ ਹੀ ਜਾ ਰਿਹਾ ਹੈ। ਇਸ ਦੇ ਕੁਨੈਕਸ਼ਨ ਬਿਹਾਰ ਤੇ ਮੋਦੀ ਦੇ ਗੁਜਰਾਤ ਨਾਲ ਵੀ ਜੁੜੇ ਹੋਏ ਹਨ। ਸੀ ਬੀ ਆਈ ਨੇ ਦੋਹਾਂ ਹੀ ਸੂਬਿਆਂ ਤੋਂ ਫੜੇ ਗਏ ਲੋਕਾਂ ਤੋਂ ਪੁੱਛ-ਪੜਤਾਲ ਕੀਤੀ ਹੈ। ਇਨ੍ਹਾਂ ਮੁਲਜ਼ਮਾਂ ਨੂੰ ਬਿਹਾਰ ਪੁਲਸ ਤੇ ਗੁਜਰਾਤ ਪੁਲਸ ਨੇ ਗਿ੍ਰਫਤਾਰ ਕੀਤਾ ਸੀ। ਪੇਪਰ ਲੀਕ ਮਾਮਲੇ ਦੇ ਗੈਂਗ ਦਾ ਨੈੱਟਵਰਕ ਸਮੁੱਚੇ ਦੇਸ਼ ਵਿੱਚ ਫੈਲਿਆ ਹੋਇਆ ਹੈ। ਗੁਜਰਾਤ ਦੇ ਗੋਧਰਾ ਦਾ ਤਾਂ ਇੱਕ ਪੂਰਾ ਸੈਂਟਰ ਹੀ ਪੇਪਰ ਲੀਕ ਦਾ ਕੇਂਦਰ ਸੀ। ਉਥੋਂ ਦੇ ਟੀਚਰ, ਹੈੱਡ ਮਾਸਟਰ ਤੇ ਮੈਨੇਜਰ ਇਸ ਮਾਮਲੇ ਨਾਲ ਜੁੜੇ ਹੋਏ ਸਨ, ਜਿਨ੍ਹਾਂ ਨੂੰ ਗਿ੍ਰਫਤਾਰ ਕਰ ਲਿਆ ਗਿਆ ਹੈ।

LEAVE A REPLY

Please enter your comment!
Please enter your name here