ਨਵੀਂ ਦਿੱਲੀ : ਜਨਰਲ ਉਪੇਂਦਰ ਦਿਵੇਦੀ ਨੇ ਐਤਵਾਰ 30ਵੇਂ ਚੀਫ ਆਫ ਆਰਮੀ ਸਟਾਫ (ਫੌਜ ਮੁਖੀ) ਵਜੋਂ ਅਹੁਦਾ ਸੰਭਾਲ ਲਿਆ। ਜਨਰਲ ਮਨੋਜ ਪਾਂਡੇ ਦੇ ਸੇਵਾਮੁਕਤ ਹੋਣ ਤੋਂ ਬਾਅਦ ਉਨ੍ਹਾ ਭਾਰਤੀ ਫੌਜ ਦੀ ਕਮਾਨ ਸੰਭਾਲੀ ਹੈ। ਜਨਰਲ ਦਿਵੇਦੀ ਇਸ ਤੋਂ ਪਹਿਲਾਂ ਭਾਰਤੀ ਫੌਜ ਦੇ ਉਪ ਮੁਖੀ ਵਜੋਂ ਸੇਵਾਵਾਂ ਨਿਭਾਅ ਰਹੇ ਸਨ। ਉਨ੍ਹਾ ਕੋਲ ਚੀਨ ਤੇ ਪਾਕਿਸਤਾਨ ਨਾਲ ਲੱਗਦੀਆਂ ਸਰਹੱਦਾਂ ’ਤੇ ਕੰਮ ਕਰਨ ਦਾ ਕਾਫੀ ਵੱਡਾ ਤਜਰਬਾ ਹੈ।
ਅੱਜ ਤਿੱਖੀ ਬਹਿਸ
ਨਵੀਂ ਦਿੱਲੀ : ਸੰਸਦ ਦੀ ਕਾਰਵਾਈ ਦੇ ਸੋਮਵਾਰ ਮੁੜ ਸ਼ੁਰੂ ਹੋਣ ’ਤੇ ਨੀਟ, ਅਗਨੀਪਥ ਯੋਜਨਾ ਅਤੇ ਮਹਿੰਗਾਈ ਵਰਗੇ ਮੁੱਦਿਆਂ ’ਤੇ ਤਿੱਖੀ ਬਹਿਸ ਹੋਣ ਦੀ ਸੰਭਾਵਨਾ ਹੈ। ਵਿਰੋਧੀ ਧਿਰ ਨੀਟ ਪ੍ਰਸ਼ਨ ਪੱਤਰ ਲੀਕ ਮਾਮਲੇ ਤੋਂ ਇਲਾਵਾ ਬੇਰੁਜ਼ਗਾਰੀ ਦਾ ਮੁੱਦਾ ਵੀ ਉਠਾ ਸਕਦੀ ਹੈ। ਲੋਕ ਸਭਾ ’ਚ ਭਾਜਪਾ ਦੇ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਰਾਸ਼ਟਰਪਤੀ ਦੇ ਭਾਸ਼ਣ ’ਤੇ ਧੰਨਵਾਦ ਦੇ ਮਤੇ ’ਤੇ ਚਰਚਾ ਦੀ ਸ਼ੁਰੂਆਤ ਕਰਨਗੇ।
11 ਬੰਗਲਾਦੇਸ਼ੀ ਫੜੇ
ਅਗਰਤਲਾ : ਯੋਗ ਯਾਤਰਾ ਦਸਤਾਵੇਜ਼ਾਂ ਤੋਂ ਬਿਨਾਂ ਦੇਸ਼ ’ਚ ਦਾਖਲ ਪੰਜ ਔਰਤਾਂ ਸਣੇ 11 ਬੰਗਲਾਦੇਸ਼ੀ ਨਾਗਰਿਕਾਂ ਨੂੰ ਅਗਰਤਲਾ ਰੇਲਵੇ ਸਟੇਸ਼ਨ ਤੋਂ ਗਿ੍ਰਫਤਾਰ ਕੀਤਾ ਗਿਆ ਹੈ। ਤਿ੍ਰਪੁਰਾ ਦੇ ਸਿਪਾਹੀਜਾਲਾ ਜ਼ਿਲ੍ਹੇ ’ਚ ਬੰਗਲਾਦੇਸ਼ੀ ਨਾਗਰਿਕਾਂ ਦੇ ਕੌਮਾਂਤਰੀ ਸਰਹੱਦ ਪਾਰ ਕਰ ਕੇ ਅਗਰਤਲਾ ਰੇਲਵੇ ਸਟੇਸ਼ਨ ਤੱਕ ਇਕ ਰੇਲ ਗੱਡੀ ’ਚ ਸਵਾਰ ਹੋ ਕੇ ਪੁੱਜਣ ਦੀ ਸੂਚਨਾ ਮਿਲੀ ਸੀ।
ਪਤਨੀ ਕਤਲ
ਡੱਬਵਾਲੀ : ਇਲਾਕੇ ਦੇ ਪਿੰਡ ਗਿੱਦੜਖੇੜਾ ’ਚ ਇਕ ਏਕੜ ਜ਼ਮੀਨ ਦੇ ਵਿਵਾਦ ’ਚ ਧਰਮਪਾਲ (45) ਨੇ ਪਤਨੀ ਰਾਜਬਾਲਾ (41) ਕੁਹਾੜੀ ਮਾਰ ਕੇ ਮਾਰ ਦਿੱਤੀ। ਕਾਫੀ ਸਮੇਂ ਤੋਂ ਧਰਮਪਾਲ ਤੇ ਰਾਜਬਾਲਾ ਖੇਤ ’ਚ ਦੋ ਵੱਖ-ਵੱਖ ਮਕਾਨਾਂ ’ਚ ਰਹਿ ਰਹੇ ਸਨ। ਉਨ੍ਹਾਂ ਦੇ ਝਗੜੇ ਕਾਰਨ ਉਨ੍ਹਾਂ ਦਾ ਮੁੰਡਾ ਮਾਮੇ ਕੋਲ ਰਹਿੰਦਾ ਸੀ। ਸ਼ਨੀਵਾਰ ਰਾਤ ਪਤੀ-ਪਤਨੀ ਵਿਚਾਲੇ ਝਗੜਾ ਹੋਇਆ ਤੇ ਧਰਮਪਾਲ ਨੇ ਰਾਜਬਾਲਾ ਦੇ ਸਿਰ ’ਚ ਕੁਹਾੜੀ ਨਾਲ ਹਮਲਾ ਕੀਤਾ। ਪੁਲਸ ਨੇ ਧਰਮਪਾਲ ਨੂੰ ਗਿ੍ਰਫਤਾਰ ਕਰ ਲਿਆ ਹੈ।
ਫਰਾਂਸ ’ਚ ਸੰਸਦੀ ਚੋਣਾਂ ਲਈ ਪੋਲਿੰਗ
ਪੈਰਿਸ : ਫਰਾਂਸ ’ਚ ਸੰਸਦੀ ਚੋਣਾਂ ਦੇ ਪਹਿਲੇ ਗੇੜ ਲਈ ਐਤਵਾਰ ਵੋਟਿੰਗ ਹੋਈ। ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਨਾਜ਼ੀ ਯੁੱਗ ਤੋਂ ਬਾਅਦ ਸੱਤਾ ਦੀ ਵਾਗਡੋਰ ਪਹਿਲੀ ਵਾਰ ਰਾਸ਼ਟਰਵਾਦੀ ਤੇ ਧੁਰ-ਦੱਖਣ ਪੰਥੀ ਤਾਕਤਾਂ ਦੇ ਹੱਥਾਂ ’ਚ ਜਾ ਸਕਦੀ ਹੈ। ਦੋ ਗੇੜਾਂ ’ਚ ਹੋ ਰਹੀਆਂ ਸੰਸਦੀ ਚੋਣਾਂ 7 ਜੁਲਾਈ ਨੂੰ ਸਮਾਪਤ ਹੋਣਗੀਆਂ। ਚੋਣ ਨਤੀਜਿਆਂ ਨਾਲ ਯੂਰਪੀ ਵਿੱਤੀ ਬਾਜ਼ਾਰਾਂ, ਯੂਕਰੇਨ ਲਈ ਪੱਛਮੀ ਦੇਸ਼ਾਂ ਦੇ ਸਮਰਥਨ ਅਤੇ ਆਲਮੀ ਫੌਜੀ ਬਲ ਤੇ ਪ੍ਰਮਾਣੂ ਅਸਲੇ ਦੇ ਪ੍ਰਬੰਧਨ ਦੇ ਫਰਾਂਸ ਦੇ ਤੌਰ-ਤਰੀਕਿਆਂ ’ਤੇ ਕਾਫੀ ਪ੍ਰਭਾਵ ਪੈਣ ਦੀ ਸੰਭਾਵਨਾ ਹੈ।
ਮਹਿਲਾ ਸਣੇ ਪੰਜ ਡੁੱਬੇ
ਪੁਣੇ : ਇੱਥੋਂ ਦੇ ਲੋਨਾਵਾਲਾ ਇਲਾਕੇ ’ਚ ਭੂਸ਼ੀ ਡੈਮ ਨੇੜੇ ਇਕ ਤਲਾਬ ’ਚ ਐਤਵਾਰ ਇਕ ਔਰਤ ਸਣੇ ਪੰਜ ਵਿਅਕਤੀਆਂ ਦੇ ਡੁੱਬਣ ਦਾ ਖਦਸ਼ਾ ਹੈ। ਲੋਨਾਵਾਲਾ ਪੁਲਸ ਥਾਣੇ ਦੇ ਇਕ ਅਧਿਕਾਰੀ ਨੇ ਦੱਸਿਆਇਹ ਘਟਨਾ ਬਾਅਦ ਦੁਪਹਿਰ ਕਰੀਬ 3 ਵਜੇ ਵਾਪਰੀ, ਜਦੋਂ ਪੰਜ ਲੋਕ ਪਿਕਨਿਕ ਮਨਾਉਣ ਆਏ ਸਨ। ਉਹ ਝਰਨੇ ਕੋਲ ਫਿਸਲ ਗਏ ਅਤੇ ਤਲਾਬ ’ਚ ਜਾ ਡਿੱਗੇ।