ਟੋਰਾਂਟੋ : ਕੈਨੇਡਾ ਦੀ ਦੂਜੀ ਸਭ ਤੋਂ ਵੱਡੀ ਏਅਰਲਾਈਨ ‘ਵੈਸਟਜੈੱਟ’ ਨੇ ਮੁਲਾਜ਼ਮਾਂ ਦੀ ਹੜਤਾਲ ਦਾ ਐਲਾਨ ਹੋਣ ਤੋਂ ਬਾਅਦ 407 ਉਡਾਣਾਂ ਰੱਦ ਕਰ ਦਿੱਤੀਆਂ, ਜਿਸ ਨਾਲ 49,000 ਯਾਤਰੀ ਪ੍ਰਭਾਵਤ ਹੋਏ। ‘ਏਅਰਕ੍ਰਾਫਟ ਮੈਕੇਨਿਕਸ ਫਰੈਟਰਨਲ ਐਸੋਸੀਏਸ਼ਨ’ ਨੇ ਕਿਹਾ ਕਿ ਉਸ ਦੇ ਮੈਂਬਰਾਂ ਨੇ ਏਅਰਲਾਈਨ ਵੱਲੋਂ ਐਸੋਸੀਏਸ਼ਨ ਨਾਲ ਗੱਲਬਾਤ ਤੋਂ ਇਨਕਾਰ ਕੀਤੇ ਜਾਣ ’ਤੇ ਸ਼ੁੱਕਰਵਾਰ ਸ਼ਾਮ ਨੂੰ ਹੜਤਾਲ ਸ਼ੁਰੂ ਕਰ ਦਿੱਤੀ। ਇਸ ਹੜਤਾਲ ਕਾਰਨ ਕੌਮਾਂਤਰੀ ਅਤੇ ਘਰੇਲੂ ਉਡਾਣਾਂ ਪ੍ਰਭਾਵਤ ਹੋਈਆਂ। ਵੈਸਟਜੈੱਟ ਨੇ 407 ਉਡਾਣਾਂ ਰੱਦ ਕਰਨ ਦਾ ਐਲਾਨ ਕੀਤਾ। ਏਅਰਲਾਈਨ ‘ਵੈਸਟਜੈੱਟ’ ਦੇ ਸੀ ਈ ਓ ਐਲੇਕਸਿਸ ਵਾਨ ਹੋਂਸਬ੍ਰੋਈਚ ਨੇ ਇਸ ਸਥਿਤੀ ਲਈ ਕੈਨੇਡਾ ’ਚ ਦਬਦਬਾ ਬਣਾਉਣ ਦੀ ਕੋਸ਼ਿਸ਼ ਕਰ ਰਹੀ ਅਮਰੀਕਾ ਦੀ ਇਕ ਯੂਨੀਅਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ।