ਲਖਨਊ : ਹਾਥਰਸ ਜ਼ਿਲ੍ਹੇ ’ਚ ਸਿਕੰਦਰਾਰਾਊ ਥਾਣੇ ਤਹਿਤ ਆਉਦੇ ਫੁੱਲਰਈ ਮੁਗਲਗੜ੍ਹੀ ਦੇ ਇਕ ਖੇਤ ’ਚ ਮੰਗਲਵਾਰ ਸਤਿਸੰਗ ਦੌਰਾਨ ਮਚੀ ਭਾਜੜ ਵਿਚ 120 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਤੇ ਕਰੀਬ 200 ਜ਼ਖਮੀ ਹੋ ਗਏ। ਮਰਨ ਵਾਲਿਆਂ ਵਿਚ ਬਹੁਤੀਆਂ ਮਹਿਲਾਵਾਂ ਤੇ ਬੱਚੇ ਹਨ। ਮਿ੍ਰਤਕਾਂ ਤੇ ਜ਼ਖਮੀਆਂ ਦੀ ਗਿਣਤੀ ਵੱਧ ਸਕਦੀ ਸੀ। ਲਾਸ਼ਾਂ ਨੂੰ ਦੇਖ ਕੇ ਇੱਕ ਪੁਲਸ ਵਾਲੇ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ। ਲੋਕਾਂ ਨੂੰ ਟਰੱਕਾਂ ’ਚ ਭਰ-ਭਰ ਕੇ ਹਸਪਤਾਲਾਂ ’ਚ ਲਿਜਾਇਆ ਗਿਆ।
ਸਤਿਸੰਗ ਵਿਚ 50 ਹਜ਼ਾਰ ਤੋਂ ਵੱਧ ਲੋਕ ਸ਼ਾਮਲ ਸਨ। ਲਗਪਗ ਪੌਣੇ ਦੋ ਵਜੇ ਸਤਿਸੰਗ ਖਤਮ ਹੋਇਆ ਤਾਂ ਭੋਲੇ ਬਾਬਾ ਦੇ ਨਾਂ ਨਾਲ ਮਸ਼ਹੂਰ ਬਾਬਾ ਸਾਕਾਰ ਵਿਸ਼ਵ ਹਰੀ ਨੂੰ ਪੰਡਾਲ ਵਿੱਚੋਂ ਸਭ ਤੋਂ ਪਹਿਲਾਂ ਬਾਹਰ ਕੱਢਣ ਲਈ ਸੇਵਾਦਾਰਾਂ ਨੇ ਸ਼ਰਧਾਲੂਆਂ ਨੂੰ ਡੱਕ ਦਿੱਤਾ। ਜਦੋਂ ਤਕ ਬਾਬਾ ਗਿਆ ਸ਼ਰਧਾਲੂਆਂ ਦਾ ਗਰਮੀ ਤੇ ਹੁੰਮ ਨਾਲ ਬੁਰਾ ਹਾਲ ਹੋ ਗਿਆ ਤੇ ਕਈ ਬੇਹੋਸ਼ ਹੋ ਗਏ। ਬਾਬੇ ਦੇ ਜਾਂਦਿਆਂ ਉਹ ਬਾਹਰ ਨੂੰ ਭੱਜੇ। ਇਸ ਦੌਰਾਨ ਜ਼ਬਰਦਸਤ ਭਾਜੜ ਮਚੀ ਤੇ ਸ਼ਰਧਾਲੂ ਇਕ-ਦੂਜੇ ’ਤੇ ਡਿੱਗੇ ਤੇ ਮਿੱਧੇ ਗਏ। ਰਾਜਸਥਾਨ ਤੋਂ ਆਈ ਇਕ ਕੁੜੀ ਨੇ ਦੱਸਿਆ ਕਿ ਮਹਿਲਾਵਾਂ ਤੇ ਬੱਚੇ ਡਿੱਗਦੇ ਗਏ ਤੇ ਭੀੜ ਉਨ੍ਹਾਂ ਨੂੰ ਮਿੱਧਦੀ ਗਈ। ਸਤਿਸੰਗ ਹਰ ਮਹੀਨੇ ਦੇ ਪਹਿਲੇ ਮੰਗਲਵਾਰ ਹੁੰਦਾ ਹੈ ਤੇ ਭੀੜ ਏਨੀ ਸੀ ਕਿ ਤਿੰਨ ਕਿੱਲੋਮੀਟਰ ਤਕ ਗੱਡੀਆਂ ਦੀ ਲਾਈਨ ਲੱਗੀ ਹੋਈ ਸੀ। ਜ਼ਿਆਦਾਤਰ ਸ਼ਰਧਾਲੂ ਏਟਾ ਅਤੇ ਹਾਥਰਸ ਦੇ ਸਨ। ਅਲੀਗੜ੍ਹ ਡਿਵੀਜ਼ਨ ਦੇ ਆਈ ਜੀ ਸ਼ੁਲਭ ਮਾਥੁਰ ਨੇ ਦੱਸਿਆ ਕਿ ਸਤਿਸੰਗ ਲਈ ਥਾਂ ਘੱਟ ਸੀ ਤੇ ਭੀੜ ਬਹੁਤ ਸੀ। ਗਰਮੀ ਅਤੇ ਹੁੰਮ ਕਾਰਨ ਪੰਡਾਲ ’ਚ ਕਈ ਲੋਕਾਂ ਦਾ ਦਮ ਘੁੱਟ ਗਿਆ ਤੇ ਭਾਜੜ ਮਚ ਗਈ। ਏਟਾ ਤੇ ਹਾਥਰਸ ਜ਼ਿਲ੍ਹਿਆਂ ਦੀ ਹੱਦ ’ਤੇ ਸਤਿਸੰਗ ਲਈ ਐੱਸ ਡੀ ਐੱਮ ਨੇ ਪਰਮਿਸ਼ਨ ਦਿੱਤੀ ਸੀ। ਬਾਹਰ ਪੁਲਸ ਤਾਇਨਾਤ ਸੀ ਪਰ ਅੰਦਰਲਾ ਪ੍ਰਬੰਧ ਜਥੇਬੰਦਕਾਂ ਦਾ ਸੀ।



