ਭਾਰੀ ਮੀਂਹ ਦੀ ਪੇਸ਼ੀਨਗੋਈ

0
121

ਨਵੀਂ ਦਿੱਲੀ : ਹੜ੍ਹ ਕਾਰਨ ਮਨੀਪੁਰ ਸਰਕਾਰ ਨੇ ਬੁੱਧਵਾਰ ਸੂਬੇ ਦੇ ਸਾਰੇ ਸਰਕਾਰੀ ਦਫਤਰਾਂ ’ਚ ਛੁੱਟੀ ਦਾ ਐਲਾਨ ਕਰ ਦਿੱਤਾ, ਜਦੋਂ ਕਿ ਸਕੂਲ 4 ਜੁਲਾਈ ਨੂੰ ਵੀ ਬੰਦ ਰਹਿਣਗੇ। ਦੂਜੇ ਪਾਸੇ ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਉੱਤਰਾਖੰਡ, ਰਾਜਸਥਾਨ, ਗੁਜਰਾਤ, ਬਿਹਾਰ, ਪੱਛਮੀ ਬੰਗਾਲ, ਸਿੱਕਮ, ਅਰੁਣਾਚਲ, ਮਨੀਪੁਰ, ਮੇਘਾਲਿਆ, ਅਸਾਮ, ਨਾਗਾਲੈਂਡ, ਤਿ੍ਰਪੁਰਾ, ਮਿਜ਼ੋਰਮ ਵਿਚ ਬਹੁਤ ਭਾਰੀ ਮੀਂਹ ਦੀ ਪੇਸ਼ੀਨਗੋਈ ਕੀਤੀ ਹੈ। ਇਸ ਤੋਂ ਇਲਾਵਾ ਹਿਮਾਚਲ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਛੱਤੀਸਗੜ੍ਹ, ਮਹਾਰਾਸ਼ਟਰ, ਗੋਆ, ਆਂਧਰਾ, ਕਰਨਾਟਕ ਤੇ ਕੇਰਲਾ ’ਚ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ।
ਰਾਹੁਲ ਖਿਲਾਫ ਪ੍ਰਦਰਸ਼ਨ
ਨਵੀਂ ਦਿੱਲੀ : ਰਾਹੁਲ ਗਾਂਧੀ ਵੱਲੋਂ ਕਥਿਤ ਭਗਵਾ ਪਾਰਟੀ ’ਤੇ ਟਿੱਪਣੀ ਕੀਤੇ ਜਾਣ ਖਿਲਾਫ ਭਾਜਪਾ ਆਗੂਆਂ ਅਤੇ ਵਰਕਰਾਂ ਨੇ ਪ੍ਰਦਰਸ਼ਨ ਕਰਦਿਆਂ ਅਕਬਰ ਰੋਡ ਸਥਿਤ ਕਾਂਗਰਸ ਦੇ ਮੁੱਖ ਦਫਤਰ ਵੱਲ ਵਧਣ ਦੀ ਕੋਸ਼ਿਸ਼ ਕੀਤੀ। ਭਾਜਪਾ ਯੁਵਾ ਮੋਰਚਾ ਦੇ ਕੌਮੀ ਪ੍ਰਧਾਨ ਤੇਜਸਵੀ ਸੂਰੀਆ ਨੇ ਕਿਹਾ ਕਿ ਜਿਸ ਤਰ੍ਹਾਂ ਰਾਹੁਲ ਗਾਂਧੀ ਨੇ ਹਿੰਦੂ ਸਮਾਜ ’ਤੇ ਹਿੰਸਕ ਹੋਣ ਦਾ ਦੋਸ਼ ਲਾਇਆ ਹੈ ਇਹ ਮੁਆਫ ਕਰਨ ਯੋਗ ਨਹੀਂ। ਪ੍ਰਦਰਸ਼ਨ ਦੌਰਾਨ ਭਾਜਪਾ ਦੇ ਸੰਸਦ ਮੈਂਬਰ ਮਨੋਜ ਤਿਵਾੜੀ ਅਤੇ ਬਾਂਸੁਰੀ ਸਵਰਾਜ ਵੀ ਮੌਜੂਦ ਸਨ। ਉਨ੍ਹਾਂ ਕਿਹਾ ਕਿ ਅਸੀਂ ਵਿਰੋਧ ਜਾਰੀ ਰੱਖਾਂਗੇ।
ਭਾਰਤੀ ਵਿਸਕੀ ਸਰਵੋਤਮ
ਬੇਂਗਲੁਰੂ : ਇੱਥੋਂ ਅੰਮ੍ਰਤ ਡਿਸਟਿਲਰੀਜ਼ ਨੇ ਲੰਡਨ ’ਚ 2024 ਇੰਟਰਨੈਸ਼ਨਲ ਸਪਿਰਟ ਚੈਲੇਂਜ ’ਚ ਵਿਸ਼ਵ ਦੀ ਸਰਵੋਤਮ ਵਿਸਕੀ ਦਾ ਖਿਤਾਬ ਜਿੱਤਿਆ ਹੈ। ਇਸ ਮੁਕਾਬਲੇ ’ਚ ਸਕਾਟਲੈਂਡ, ਆਇਰਲੈਂਡ ਅਤੇ ਜਾਪਾਨ ਸਣੇ ਵਿਸ਼ਵ ਭਰ ਦੇ ਚੋਟੀ ਦੇ ਵਿਸਕੀ ਬ੍ਰਾਂਡ ਸ਼ਾਮਲ ਸਨ। ਅੰਮ੍ਰਤ ਡਿਸਟਿਲਰੀਜ਼ ਨੇ ਵਿਸ਼ਵ ਪੱਧਰ ’ਤੇ ਭਾਰਤੀ ਡਿਸਟਿਲਰੀਆਂ ਲਈ ਇੱਕ ਨਵਾਂ ਮਿਆਰ ਕਾਇਮ ਕਰਦੇ ਹੋਏ ਸਖਤ ਮੁਕਾਬਲੇ ਵਿਚ ਪੰਜ ਸੋਨ ਤਮਗੇ ਹਾਸਲ ਕੀਤੇ ਹਨ। ਅੰਮ੍ਰਤ ਕੰਪਨੀ ਦੀ ਸਥਾਪਨਾ ਮਰਹੂਮ ਰਾਧਾਕਿ੍ਰਸ਼ਨ ਜਗਦਲੇ ਵੱਲੋਂ 1948 ’ਚ ਕੀਤੀ ਗਈ ਸੀ।
ਪ੍ਰੋਫੈਸਰ ਵੱਲੋਂ ਪਿਓ ਕਤਲ
ਭੁਵਨੇਸ਼ਵਰ : ਓਡੀਸ਼ਾ ’ਚ ਇਕ ਪ੍ਰਾਈਵੇਟ ਲਾਅ ਕਾਲਜ ਦੇ ਅਸਿਸਟੈਂਟ ਪ੍ਰੋਫੈਸਰ ਨੇ ਕਥਿਤ ਤੌਰ ’ਤੇ ਆਪਣੇ ਪਿਤਾ ਦਾ ਕਤਲ ਕਰ ਦਿੱਤਾ। ਪੁਲਸ ਅਧਿਕਾਰੀ ਪ੍ਰਤੀਕ ਸਿੰਘ ਨੇ ਦੱਸਿਆ ਕਿ ਸੁਨੀਲ ਚੌਧਰੀ ਦੀ ਛਾਤੀ ਅਤੇ ਪੇਟ ’ਤੇ ਕਈ ਵਾਰ ਹਮਲਾ ਕੀਤਾ ਗਿਆ। ਮੁਲਜ਼ਮ ਅਨਿਰੁਧ ਚੌਧਰੀ ਪਤਨੀ ਨਾਲ ਵਿਵਾਦ ਤੋਂ ਬਾਅਦ ਆਪਣੇ ਮਾਪਿਆਂ ਨਾਲ ਰਹਿ ਰਿਹਾ ਸੀ। ਉਸ ਨੇ ਮਾਂ ਦੇ ਸਾਹਮਣੇ ਇਹ ਕਾਰਾ ਕੀਤਾ। ਇਸ ਪਿੱਛੇ ਪੈਸਿਆਂ ਦਾ ਲੈਣ-ਦੇਣ ਦੱਸਿਆ ਜਾ ਰਿਹਾ ਹੈ। ਉਸ ਨੂੰ ਗਿ੍ਰਫਤਾਰ ਕਰ ਲਿਆ ਗਿਆ ਹੈ।
ਅੰਮਿ੍ਰਤਪਾਲ ਭਲਕੇ ਸਹੁੰ ਚੁੱਕੇਗਾ
ਅੰਮਿ੍ਰਤਸਰ : ਹਲਕਾ ਖਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਚੁਣੇ ਗਏ ਅੰਮਿ੍ਰਤਪਾਲ ਸਿੰਘ ਖਾਲਸਾ ਨੂੰ ਪੈਰੋਲ ਮਿਲ ਗਈ ਹੈ। ਫਰੀਦਕੋਟ ਤੋਂ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਨੇ ਦੱਸਿਆ ਕਿ ਅੰਮਿ੍ਰਤਪਾਲ ਸਿੰਘ 5 ਜੁਲਾਈ ਨੂੰ ਸਹੁੰ ਚੁੱਕੇਗਾ। ਉਸ ਨੇ ਫੇਸਬੁਕ ’ਤੇ ਕਿਹਾ ਕਿ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਇਸ ਦੀ ਪੁਸ਼ਟੀ ਕੀਤੀ ਹੈ। ਅੰਮਿ੍ਰਤਪਾਲ ਨੂੰ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਤੋਂ ਹੈਲੀਕਾਪਟਰ ਰਾਹੀਂ ਲਿਆਂਦਾ ਜਾਵੇਗਾ।
ਕੁਲਵਿੰਦਰ ਦਾ ਤਬਾਦਲਾ
ਮੁਹਾਲੀ : ਇੱਥੋਂ ਦੇ ਹਵਾਈ ਅੱਡੇ ’ਤੇ ਕੰਗਣਾ ਰਣੌਤ ਨੂੰ ਥੱਪੜ ਮਾਰਨ ਵਾਲੀ ਸੀ ਆਈ ਐੱਸ ਐੱਫ ਕਾਂਸਟੇਬਲ ਕੁਲਵਿੰਦਰ ਕੌਰ ਦਾ ਬੇਂਗਲੁਰੂ ਤਬਾਦਲਾ ਕਰ ਦਿੱਤਾ ਗਿਆ ਹੈ। ਉਹ ਜਾਂਚ ਪੂਰੀ ਹੋਣ ਤੱਕ ਮੁਅੱਤਲ ਚੱਲ ਰਹੀ ਹੈ। ਕੁਲਵਿੰਦਰ ਕੌਰ ਦੇ ਪਤੀ, ਜੋ ਚੰਡੀਗੜ੍ਹ ਹਵਾਈ ਅੱਡੇ ’ਤੇ ਤਾਇਨਾਤ ਸੀ, ਦਾ ਵੀ ਤਬਾਦਲਾ ਕਰ ਦਿੱਤਾ ਗਿਆ ਹੈ।

LEAVE A REPLY

Please enter your comment!
Please enter your name here