ਓ ਟੀ ਐੱਸ ਨਾਲ 137.66 ਕਰੋੜ ਰੁਪਏ ਦਾ ਕਰ ਮਾਲੀਆ ਇਕੱਤਰ : ਚੀਮਾ

0
157

ਚੰਡੀਗੜ੍ਹ, (ਗੁਰਜੀਤ ਬਿੱਲਾ)-ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਅਤੇ ਕਰ ਮੰਤਰੀ ਹਰਪਾਲ ਸਿੰਘ ਚੀਮਾ ਨੇ ਬੁੱਧਵਾਰ ਕਿਹਾ ਕਿ ਪੰਜਾਬ ਯਕਮੁਸ਼ਤ ਨਿਪਟਾਰਾ (ਸੋਧ) ਯੋਜਨਾ (ਓ ਟੀ ਐੱਸ-3) ਪਿਛਲੀਆਂ ਸਕੀਮਾਂ ਨੂੰ ਪਛਾੜਦਿਆਂ ਦੇਸ਼ ਦੇ ਸਭ ਤੋਂ ਸਫਲ ਵਿੱਤੀ ਪ੍ਰਬੰਧਨ ਵਿੱਚੋਂ ਇੱਕ ਸਾਬਤ ਹੋਈ ਹੈ।ਪੰਜਾਬ ਭਵਨ ਵਿਖੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਓ ਟੀ ਐੱਸ-3 ਦੌਰਾਨ ਕਰ ਮਾਲੀਏ ਵਿੱਚ 137.66 ਕਰੋੜ ਰੁਪਏ ਇਕੱਤਰ ਹੋਏ ਹਨ, ਜੋ ਪਿਛਲੀਆਂ ਸਰਕਾਰਾਂ ਦੁਆਰਾ ਲਾਗੂ ਕੀਤੀਆਂ ਗਈਆਂ ਓ ਟੀ ਐੱਸ-1 ਅਤੇ ਓ ਟੀ ਐੱਸ-2 ਤੋਂ ਇਕੱਤਰ ਹੋਏ ਕੁੱਲ 13.15 ਕਰੋੜ ਦੇ ਮੁਕਾਬਲੇ ਕਿਤੇ ਜ਼ਿਆਦਾ ਹੈ। ਵਿਤ ਮੰਤਰੀ ਨੇ ਕਿਹਾ ਕਿ ਇਹ ਪ੍ਰਾਪਤੀ ਇਸ ਯੋਜਨਾ ਦੀ ਪ੍ਰਭਾਵਸ਼ੀਲਤਾ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੀ ਕਰ ਪਾਲਣਾ ਵਾਲੇ ਸੱਭਿਆਚਾਰ ਨੂੰ ਉਤਸ਼ਾਹਤ ਕਰਨ ਦੀ ਵਚਨਬੱਧਤਾ ਨੂੰ ਦਰਸਾਉਦੀ ਹੈ।
ਉਹਨਾ ਦੱਸਿਆ ਕਿ ਓ ਟੀ ਐੱਸ -3 ਲਈ ਬਿਨੈ ਕਰਨ ਸਮੇਂ ਵਧੀਕ ਕਾਨੂੰਨੀ ਘੋਸ਼ਣਾ ਫਾਰਮ ਜਮ੍ਹਾਂ ਕਰਨ ਦੀ ਸਹੂਲਤ ਨੇ ਡੀਲਰਾਂ ਲਈ ਰਾਹ ਸੌਖੀ ਕਰ ਦਿੱਤੀ। 58,756 ਡੀਲਰਾਂ ਨੇ ਓ ਟੀ ਐੱਸ-3 ਦਾ ਲਾਭ ਲਿਆ ਹੈ ਅਤੇ 1 ਲੱਖ ਰੁਪਏ ਤੱਕ ਦੀ ਸਲੈਬ ਵਿੱਚ 50,774 ਡੀਲਰਾਂ ਲਈ 215.92 ਕਰੋੜ ਰੁਪਏ ਮੁਆਫ ਕੀਤੇ ਗਏ ਹਨ। ਇਸੇ ਤਰ੍ਹਾਂ 1 ਲੱਖ ਤੋਂ 1 ਕਰੋੜ ਰੁਪਏ ਤੱਕ ਦੀ ਸਲੈਬ ਵਿੱਚ 7,982 ਡੀਲਰਾਂ ਲਈ 414.67 ਕਰੋੜ ਰੁਪਏ ਮੁਆਫ਼ ਕੀਤੇ ਗਏ ਹਨ।
ਵਿੱਤ ਮੰਤਰੀ ਨੇ ਓ ਟੀ ਐੱਸ-3 ਦੀ ਸਫਲਤਾ ਦਾ ਸਿਹਰਾ ਇਸ ਦੀ ਨਿਵੇਸ਼ਕ ਪੱਖੀ ਪਹੁੰਚ ਅਤੇ ਕਰਦਾਤਾਵਾਂ ਦੀ ਸਹਾਇਤਾ ਲਈ ਸਰਕਾਰ ਦੀ ਵਚਨਬੱਧਤਾ ਨੂੰ ਦਿੱਤਾ। ਉਨ੍ਹਾ ਕਿਹਾ ਕਿ ਇਸ ਸਕੀਮ ਦੀ ਮਿਆਦ 16 ਅਗਸਤ ਤੱਕ ਵਧਾਉਣ ਦਾ ਉਦੇਸ਼ ਬਾਕੀ ਰਹਿੰਦੇ 11,559 ਡੀਲਰਾਂ ਨੂੰ ਇਸ ਪਹਿਲਕਦਮੀ ਤੋਂ ਲਾਭ ਲੈਣ ਲਈ ਹੋਰ ਸਮਾਂ ਪ੍ਰਦਾਨ ਕਰਨਾ ਹੈ।
ਜ਼ਿਕਰਯੋਗ ਹੈ ਕਿ 15 ਨਵੰਬਰ 2023 ਨੂੰ ਬਕਾਇਆ ਕਰਾਂ ਦੀ ਵਸੂਲੀ ਲਈ ਲਾਗੂ ਕੀਤੀ ਗਈ ਪੰਜਾਬ ਯਕਮੁਸ਼ਤ ਨਿਪਟਾਰਾ ਯੋਜਨਾ, 2023 ਕਰਦਾਤਾਵਾਂ ਨੂੰ ਆਪਣੇ ਬਕਾਏ ਦਾ ਨਿਪਟਾਰਾ ਕਰਨ ਲਈ ਇੱਕ ਵਾਰ ਦਾ ਮੌਕਾ ਪ੍ਰਦਾਨ ਕਰਦੀ ਹੈ। ਇਸ ਯੋਜਨਾ ਤਹਿਤ ਸਾਲ 2016-17 ਤੱਕ ਦੇ ਕੇਸਾਂ ਅਤੇ 1 ਕਰੋੜ ਰੁਪਏ ਤੱਕ ਦੇ ਬਕਾਏ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਸਕੀਮ ਵਿੱਚ 31 ਮਾਰਚ ਤੱਕ 1 ਲੱਖ ਰੁਪਏ ਤੱਕ ਦੇ ਬਕਾਏ ਦੇ ਮਾਮਲੇ ਵਿੱਚ ਕਰ, ਵਿਆਜ ਅਤੇ ਜੁਰਮਾਨੇ ਦੀ ਪੂਰੀ ਛੋਟ ਸ਼ਾਮਲ ਹੈ, ਜਦੋਂਕਿ ਇੱਕ ਲੱਖ ਰੁਪਏ ਤੋਂ ਇੱਕ ਕਰੋੜ ਰੁਪਏ ਤੱਕ ਦੇ ਬਕਾਏ ਲਈ 100 ਫੀਸਦੀ ਵਿਆਜ, 100 ਫੀਸਦੀ ਜੁਰਮਾਨੇ ਅਤੇ 50 ਫੀਸਦੀ ਕਰ ਦੀ ਮੁਆਫੀ ਹੈ।

LEAVE A REPLY

Please enter your comment!
Please enter your name here