ਬਾਬੇ ਦੇ ਚਰਨਾਂ ਦੀ ਧੂੜ ਚੁੱਕਦੇ ਮਿੱਟੀ ਹੋ ਗਏ ਸ਼ਰਧਾਲੂ

0
184

ਹਾਥਰਸ : ਸਤਿਸੰਗ ਦੌਰਾਨ ਮੰਗਲਵਾਰ ਮਚੀ ਭਾਜੜ ’ਚ 120 ਤੋਂ ਵੱਧ ਮੌਤਾਂ ਦੇ ਸੰਬੰਧ ਵਿਚ ਪੁਲਸ ਨੇ ਪ੍ਰਬੰਧਕਾਂ ’ਤੇ ਸਬੂਤ ਛੁਪਾਉਣ ਅਤੇ ਸ਼ਰਤਾਂ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਐੱਫ ਆਈ ਆਰ ਵਿਚ ਕਿਹਾ ਗਿਆ ਹੈ ਕਿ ਢਾਈ ਲੱਖ ਲੋਕ ਇਕੱਠੇ ਹੋਏ ਸਨ, ਜਦਕਿ ਇਜਾਜ਼ਤ ਸਿਰਫ 80,000 ਲੋਕਾਂ ਦੀ ਲਈ ਹੋਈ ਸੀ। ਤਾਂ ਵੀ, ਐੱਫ ਆਈ ਆਰ ਵਿਚ ਹਾਥਰਸ ਜ਼ਿਲ੍ਹੇ ਦੇ ਫੁਲਰਾਈ ਪਿੰਡ ਨੇੜੇ ਸਤਿਸੰਗ ਕਰਨ ਵਾਲੇ ਬਾਬਾ ਨਾਰਾਇਣ ਹਰੀ ਉਰਫ ਸਾਕਾਰ ਵਿਸ਼ਵ ਹਰੀ ਭੋਲੇ ਬਾਬਾ ਦਾ ਨਾਂਅ ਨਹੀਂ ਹੈ।
ਇਸੇ ਦੌਰਾਨ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਬੁੱਧਵਾਰ ਹਸਪਤਾਲ ਵਿਚ ਜ਼ਖਮੀਆਂ ਦਾ ਹਾਲ ਪੁੱਛਿਆ ਗਿਆ ਤੇ ਸਰਕਟ ਹਾਊਸ ਵਿਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਅਧਿਕਾਰੀਆਂ ਮੁਤਾਬਕ ਜ਼ਖਮੀਆਂ ਦੀ ਗਿਣਤੀ 28 ਹੈ ਤੇ 121 ਲਾਸ਼ਾਂ ’ਚੋਂ ਸਿਰਫ ਚਾਰ ਦੀ ਪਛਾਣ ਹੋਣੀ ਬਾਕੀ ਹੈ। ਯੋਗੀ ਨੇ ਕਿਹਾ ਕਿ ਮਾਮਲੇ ਦੀ ਤਹਿ ਤੱਕ ਜਾਣ ਲਈ ਜੁਡੀਸ਼ੀਅਲ ਜਾਂਚ ਕਰਵਾਈ ਜਾਵੇਗੀ।
ਯੂ ਪੀ ਦੇ ਚੀਫ ਸੈਕਟਰੀ ਮਨੋਜ ਕੁਮਾਰ ਸਿੰਘ ਨੇ ਦੱਸਿਆ ਕਿ ਸਤਿਸੰਗ ਖਤਮ ਹੋਣ ਤੋਂ ਬਾਅਦ ਸ਼ਰਧਾਲੂਆਂ ਨੇ ਬਾਬੇ ਦੇ ਚਰਨ ਛੂਹਣ ਤੇ ਚਰਨਾਂ ਦੀ ਧੂੜ ਚੁੱਕਣ ਦੀ ਕੋਸ਼ਿਸ਼ ਕੀਤੀ ਤਾਂ ਭਾਰੀ ਭੀੜ ਕਾਰਨ ਇਕ-ਦੂਜੇ ’ਤੇ ਡਿੱਗਦੇ ਗਏ। ਕੁਝ ਤਾਂ ਨੇੜਲੇ ਨਾਲੇ ਵਿਚ ਡਿੱਗ ਗਏ।
ਇਸ ਹਾਦਸੇ ਵਿਚ ਪ੍ਰਸ਼ਾਸਨ ਦੀ ਲਾਪ੍ਰਵਾਹੀ ਸਾਫ ਨਜ਼ਰ ਆਈ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਸਤਿਸੰਗ ਦੀਆਂ ਤਿਆਰੀਆਂ 17 ਦਿਨ ਤੋਂ ਚੱਲ ਰਹੀਆਂ ਸਨ ਅਤੇ 26 ਜੂਨ ਨੂੰ ਹੀ ਰਾਜਸਥਾਨ, ਮੱਧ ਪ੍ਰਦੇਸ਼ ਤੇ ਹੋਰਨਾਂ ਰਾਜਾਂ ਤੋਂ ਤਕਰੀਬਨ 500 ਬੱਸਾਂ ਪੁੱਜ ਚੁੱਕੀਆਂ ਸਨ। ਪ੍ਰਸ਼ਾਸਨ ਨੇ ਧਿਆਨ ਨਹੀਂ ਦਿੱਤਾ ਕਿ ਏਨੇ ਲੋਕਾਂ ਨੂੰ ਸੰਭਾਲਿਆ ਕਿਵੇਂ ਜਾਵੇਗਾ।
ਆਗਰਾ ਦੀ ਰਿਪੋਰਟ ਹੈ ਕਿ ਭੈਣ ਨੂੰ ਲੱਭਣ ਲਈ ਭਰਾ ਨੇ 100 ਤੋਂ ਵੱਧ ਲਾਸ਼ਾਂ ਦੇ ਚਿਹਰੇ ਚੈੱਕ ਕੀਤੇ, ਪਰ ਉਹ ਲੱਭੀ ਨਹੀਂ। 46 ਸਾਲਾ ਰਾਕੇਸ਼ ਕੁਮਾਰ ਦੀ 50 ਸਾਲਾ ਭੈਣ ਹਰਬੇਜੀ ਦੇਵੀ ਵੀ ਮੰਗਲਵਾਰ ਸਤਿਸੰਗ ਸੁਣਨ ਗਈ ਸੀ, ਜਿੱਥੇ ਮਚੀ ਭਾਜੜ ਵਿਚ 120 ਤੋਂ ਵੱਧ ਲੋਕ ਮਾਰੇ ਗਏ।
ਰਾਕੇਸ਼ ਕੁਮਾਰ ਪਹਿਲਾਂ ਹਾਥਰਸ, ਏਟਾ ਤੇ ਅਲੀਗੜ੍ਹ ਦੇ ਪੋਸਟਮਾਰਟਮ ਹਾਊਸ ਗਿਆ, ਜਿੱਥੇ ਵੱਡੀ ਗਿਣਤੀ ’ਚ ਲਾਸ਼ਾਂ ਰੱਖੀਆਂ ਹੋਈਆਂ ਸਨ। ਉਸ ਤੋਂ ਬਾਅਦ ਭੈਣ ਦੀ ਭਾਲ ਵਿਚ ਮੋਟਰਸਾਈਕਲ ’ਤੇ ਬੁੱਧਵਾਰ ਸਵੇਰੇ ਆਗਰਾ ਦੇ ਪੋਸਟਮਾਰਟਮ ਹਾਊਸ ਪੁੱਜਾ।
ਯੂ ਪੀ ਦੇ ਕਾਸਗੰਜ ਦੇ ਰਾਕੇਸ਼ ਕੁਮਾਰ ਨੇ ਦੱਸਿਆਮੰਗਲਵਾਰ ਮੈਨੂੰ ਅਲੀਗੜ੍ਹ ਦੇ ਪਿੰਡ ਤੋਂ ਫੋਨ ਆਇਆ ਕਿ ਹਰਬੇਜੀ ਸਤਿਸੰਗ ਸੁਣਨ ਗਈ ਸੀ। ਗੁਆਂਢੀ ਤਾਂ ਮੁੜ ਆਏ, ਪਰ ਉਹ ਨਹੀਂ ਆਈ। ਮੈਂ ਮੋਟਰਸਾਈਕਲ ’ਤੇ ਬਹੁਤ ਥਾਈਂ ਗਿਆ, ਪਰ ਉਹ ਨਹੀਂ ਲੱਭੀ।

LEAVE A REPLY

Please enter your comment!
Please enter your name here