ਪਟਿਆਲਾ : ਪੀ ਆਰ ਟੀ ਸੀ ਵਿੱਚ ਕੰਮ ਕਰਦੀਆਂ ਛੇ ਜਥੇਬੰਦੀਆਂ ਸੰਬੰਧਤ ਏਟਕ, ਇੰਟਕ, ਕਰਮਚਾਰੀ ਦਲ, ਐੱਸ ਸੀ ਬੀ ਸੀ, ਕੰਟਰੈਕਟ ਯੂਨੀਅਨ ਅਜ਼ਾਦ ਅਤੇ ਰਿਟਾਇਰ ਵਰਕਰਜ਼ ਭਾਈਚਾਰਾ ਯੂਨੀਅਨ ’ਤੇ ਆਧਾਰਤ ਪੀ ਆਰ ਟੀ ਸੀ ਵਰਕਰਜ਼ ਐਕਸ਼ਨ ਕਮੇਟੀ ਵੱਲੋਂ ਬੁੱਧਵਾਰ ਵਰਕਰਾਂ ਦੀਆਂ ਮੰਗਾਂ ਨੂੰ ਲੈ ਕੇ ਮੁੱਖ ਦਫਤਰ ਪਟਿਆਲਾ ਦੇ ਸਾਹਮਣੇ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ। ਧਰਨੇ ਵਿੱਚ ਇੱਕ ਹਜ਼ਾਰ ਤੋਂ ਵੱਧ ਗਿਣਤੀ ਵਿੱਚ ਕਰਮਚਾਰੀਆਂ ਨੇ ਸ਼ਾਮਲ ਹੋ ਕੇ ਆਪਣੇ ਗੁੱਸੇ ਦਾ ਜ਼ਬਰਦਸਤ ਪ੍ਰਗਟਾਵਾ ਕੀਤਾ। ਧਰਨਾਕਾਰੀਆਂ ਦੀ ਅਗਵਾਈ ਨਿਰਮਲ ਸਿੰਘ ਧਾਲੀਵਾਲ ਕਨਵੀਨਰ ਅਤੇ ਬਲਦੇਵ ਰਾਜ ਬੱਤਾ, ਹਰਪ੍ਰੀਤ ਸਿੰਘ ਖੱਟੜਾ, ਰਾਕੇਸ਼ ਕੁਮਾਰ ਦਾਤਾਰਪੁਰੀ, ਮਨਜਿੰਦਰ ਕੁਮਾਰ ਬੱਬੂ ਸ਼ਰਮਾ ਅਤੇ ਮੁਹੰਮਦ ਖਲੀਲ ਕਰ ਰਹੇ ਸਨ।
ਜਿਨ੍ਹਾਂ ਮੁੱਖ ਮੰਗਾਂ ਨੂੰ ਲੈ ਕੇ ਐਜੀਟੇਸ਼ਨ ਦੇ ਪਹਿਲੇ ਪੜਾਅ ਵਜੋਂ ਧਰਨਾ ਦਿੱਤਾ ਗਿਆ, ਉਹਨਾਂ ਵਿੱਚ ਕੰਟਰੈਕਟ, ਆਊਟਸੋਰਸ ਵਰਕਰਾਂ ਨੂੰ ਰੈਗੂਲਰ ਕਰਨਾ, ਮਾਣਯੋਗ ਹਾਈ ਕੋਰਟ ਦੇ ਹੁਕਮ ਦੀ ਪਾਲਣਾ ਕਰਕੇ ਸੰਨ 2004 ਤੋਂ ਪਹਿਲਾਂ ਦੇ ਭਰਤੀ ਹੋਏ 600 ਕਰਮਚਾਰੀਆਂ ਨੂੰ 1992 ਦੀ ਪੈਨਸ਼ਨ ਸਕੀਮ ਦੇ ਹੱਕਦਾਰ ਬਣਾਉਣਾ, ਸੁਪਰਵਾਈਜ਼ਰੀ ਚੈਕਿੰਗ ਸਟਾਫ ਨੂੰ ਔਖੀਆਂ ਕੰਮ ਹਾਲਤਾਂ ਦੇ ਮੱਦੇਨਜ਼ਰ 5000 ਰੁਪਏ ਪ੍ਰਤੀ ਮਹੀਨਾ ਵਿਸ਼ੇਸ਼ ਭੱਤਾ ਦੇਣਾ, ਕੰਟਰੈਕਟ/ ਆਊਟ ਸੋਰਸ ਵਰਕਰਾਂ ਨੂੰ 4 ਰਿਪੋਰਟਾਂ ਉਪਰੰਤ ਬਲੈਕਲਿਸਟ ਕਰਨਾ ਬੰਦ ਕਰਾਉਣਾ, ਕੰਟਰੈਕਟ/ ਆਊਟਸੋਰਸ ਵਰਕਰਾਂ ਵਿਰੁੱਧ ਅਨੁਸ਼ਾਸਨੀ ਕਾਰਵਾਈ ਕਰਨ ਲਈ ਠੋਸੀਆਂ ਗਈਆਂ ਗੈਰ-ਕਾਨੂੰਨੀ ਸਖਤ ਸ਼ਰਤਾਂ ਨੂੰ ਨਰਮ ਕਰਕੇ ਤਰਕਸੰਗਤ ਬਣਾਉਣਾ, ਹਾਈ ਕੋਰਟ ਦੇ ਨਿਰਦੇਸ਼ਾਂ ਅਨੁਸਾਰ ਵੇਟਿੰਗ ਲਿਸਟ ਵਿੱਚ ਰੱਖੇ ਸਾਰੇ ਕਰਮਚਾਰੀਆਂ ਨੂੰ ਤੁਰੰਤ ਡਿਊਟੀਆਂ ’ਤੇ ਪਾਉਣਾ, ਸਮੁੱਚੇ ਕੰਟਰੈਕਟ/ ਆਊਟਸੋਰਸ ਕਰਮਚਾਰੀਆਂ ਦੀਆਂ ਤਨਖਾਹਾਂ ਵਿੱਚ ਇੱਕਸਾਰਤਾ ਲਿਆਉਣਾ, ਅਡਵਾਂਸ ਬੁਕਰਜ਼ ਦੇ ਕਮਿਸ਼ਨ ਵਿੱਚ ਯੋਗ ਵਾਧਾ ਕਰਨਾ, 1992 ਦੀ ਪੈਨਸ਼ਨ ਸਕੀਮ ਤੋਂ ਵਾਂਝੇ ਰਹਿੰਦੇ 400 ਬਜ਼ੁਰਗ ਸੇਵਾ-ਮੁਕਤ ਕਰਮਚਾਰੀਆਂ ਨੂੰ ਪੈਨਸ਼ਨ ਦੇਣਾ, ਵਰਕਰਾਂ ਦੇ ਬਣਦੇ ਕਰੋੜਾਂ ਰੁਪਏ ਦੇ ਸੇਵਾ-ਮੁਕਤੀ ਲਾਭ ਅਤੇ ਹੋਰ ਬਕਾਏ ਅਦਾ ਕਰਨੇ, ਪੈਨਸ਼ਨਰਾਂ ਨੂੰ 2 ਸਾਲ ਬਾਅਦ ਸਫਰ ਭੱਤੇ ਦੇ ਤੌਰ ’ਤੇ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਇੱਕ ਬੇਸਿਕ ਪੈਨਸ਼ਨ ਦੀ ਰਾਸ਼ੀ ਦੇਣਾ, ਪੀ ਆਰ ਟੀ ਸੀ ਵਿੱਚ ਆਪਣੀ ਮਾਲਕੀ ਵਾਲੀਆਂ 500 ਬੱਸਾਂ ਤੁਰੰਤ ਪਾਉਣਾ, ਪੰਜਾਬ ਸਰਕਾਰ ਤੋਂ ਮੁਫ਼ਤ ਸਫਰ ਸਹੂਲਤਾਂ ਬਦਲੇ ਬਣਦੀ 400 ਕਰੋੜ ਰੁਪਏ ਤੋਂ ਵੱਧ ਦੀ ਰਕਮ ਲੈਣਾ, ਫਲਾਇੰਗ ਸਟਾਫ ਨੂੰ ਪਟਿਆਲਾ ਹੈੱਡਕੁਆਟਰ ਦਾ ਹਾਊਸ ਰੈਂਟ ਦਿੱਤਾ ਜਾਣਾ, ਸਹਾਇਕ ਆਡੀਟਰਾਂ ਦੀ ਉਚ ਯੋਗਤਾ ਅਤੇ ਵੱਧ ਜ਼ਿੰਮੇਵਾਰੀ ਮੰਨਦੇ ਹੋਏ ਉਹਨਾਂ ਦੀ ਤਨਖਾਹ ਵਿੱਚ ਬਣਦਾ ਯੋਗ ਵਾਧਾ ਕਰਨਾ, ਵਰਕਰਾਂ ਦੀਆਂ ਬਣਦੀਆਂ ਤਰੱਕੀਆਂ ਬਿਨਾਂ ਦੇਰੀ ਕਰਨਾ, ਰੈਗੂਲਰ ਅਧਾਰ ’ਤੇ ਭਰਤੀ ਹੋਏ 3 ਸਾਲ ਬੇਸਿਕ ਪੇਅ ’ਤੇ ਕੰਮ ਕਰਦੇ ਕਰਮਚਾਰੀਆਂ ਨੂੰ ਬਣਦੀ ਮਿਤੀ ਤੋਂ ਰੈਗੂਲਰ ਪੂਰਾ ਸਕੇਲ ਦਿੱਤਾ ਜਾਵੇ, ਸਰੈਂਡਰ ਕੀਤੀਆਂ ਪੋਸਟਾਂ ਪੁਨਰ-ਸੁਰਜੀਤ ਕਰਨੀਆਂ, ਕਿਸੇ ਵੀ ਕਰਮਚਾਰੀ ਦੀ ਡਿਊਟੀ ਦੌਰਾਨ ਗੈਰ-ਕੁਦਰਤੀ ਮੌਤ ਦੇ ਮੁਆਵਜ਼ੇ ਵਜੋਂ 50 ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਦੇਣਾ, ਵਰਕਸ਼ਾਪ ਸਟਾਫ ਦੇ ਕੰਟਰੈਕਟ / ਆਊਟਸੋਰਸ ਕਰਮਚਾਰੀਆਂ ਨੂੰ ਸੈਮੀ ਸਕਿਲਡ, ਸਕਿਲਡ ਅਤੇ ਉਚ ਸਿੱਖਿਅਤ ਅਨੁਸਾਰ ਤਨਖਾਹ ਦੇਣਾ ਅਤੇ ਪੀ ਆਰ ਟੀ ਸੀ ਦੇ ਲੜਖੜਾਏ ਪ੍ਰਬੰਧਕੀ ਢਾਂਚੇ ਨੂੰ ਠੀਕ ਕਰਾਉਣ ਲਈ ਸਰਕਾਰ ਦਾ ਧਿਆਨ ਖਿਚਣਾ ਆਦਿ ਸ਼ਾਮਲ ਹਨ।
ਐਕਸ਼ਨ ਕਮੇਟੀ ਦੇ ਬੁਲਾਰਿਆਂ ਨਿਰਮਲ ਸਿੰਘ ਧਾਲੀਵਾਲ, ਬਲਦੇਵ ਰਾਜ ਬੱਤਾ, ਹਰਪ੍ਰੀਤ ਸਿੰਘ ਖੱਟੜਾ, ਰਾਕੇਸ਼ ਕੁਮਾਰ ਦਤਾਰਪੁਰੀ, ਮਨਜਿੰਦਰ ਕੁਮਾਰ ਬੱਬੂ ਸ਼ਰਮਾ ਅਤੇ ਮੁਹੰਮਦ ਖਲੀਲ ਨੇ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਮੈਨੇਜਮੈਂਟ ਵਰਕਰਾਂ ਦੀਆਂ ਕਾਨੂੰਨਾਂ ਅਤੇ ਸਰਕਾਰ ਵੱਲੋਂ ਪ੍ਰਵਾਨਤ ਅਤੇ ਲਾਗੂ ਕੀਤੇ ਹੁਕਮਾਂ ਅਨੁਸਾਰ ਮਿਲਣਯੋਗ ਸਹੂਲਤਾਂ ਲਾਗੂ ਨਹੀਂ ਕਰ ਰਹੀ, ਜਿਸ ਦਾ ਸਾਫ ਮਤਲਬ ਹੈ ਕਿ ਇਹ ਅਫਸਰਸ਼ਾਹੀ ਨਾ ਕਾਨੂੰਨਾਂ ਦਾ ਆਦਰ ਕਰਦੀ ਹੈ, ਨਾ ਹੀ ਇਹ ਸਰਕਾਰ ਦੇ ਹੁਕਮਾਂ ਅਤੇ ਫੈਸਲਿਆਂ ਦੀ ਪ੍ਰਵਾਹ ਕਰਦੀ ਹੈ। ਜਿੱਥੇ ਅਜਿਹਾ ਵਤੀਰਾ ਵਰਕਰਾਂ ਪ੍ਰਤੀ ਨੈਤਿਕ ਤੌਰ ’ਤੇ ਵੀ ਠੀਕ ਨਹੀਂ, ਉੱਥੇ ਇਹ ਵਰਕਰਾਂ ਵਿਰੁੱਧ ਜਾਲਸਾਨਾ ਵਿਹਾਰ ਤੋਂ ਘੱਟ ਨਹੀਂ। ਪੀ ਆਰ ਟੀ ਸੀ ਦਾ ਪ੍ਰਬੰਧਕੀ ਢਾਂਚਾ ਕਿਸੇ ਵੀ ਸਮੇਂ ਨਾਲੋਂ ਜਿਵੇਂ ਅੱਜਕੱਲ੍ਹ ਅਵੇਸਲੇਪਣ, ਤਾਲਮੇਲ ਦੀ ਘਾਟ ਅਤੇ ਬੇਯਕੀਨੀ ਦੇ ਆਲਮ ਵਿਚੋਂ ਗੁਜ਼ਰ ਰਿਹਾ ਹੈ, ਉਸ ਤੋਂ ਸਾਫ ਜ਼ਾਹਰ ਹੈ ਕਿ ਕੁਝ ਸਮੇਂ ਬਾਅਦ ਅਦਾਰੇ ਉਪਰ ਅਜਿਹੇ ਮਹੌਲ ਦੇ ਦੁਰਪ੍ਰਭਾਵ ਸਪੱਸ਼ਟ ਨਜ਼ਰ ਆਉਣਗੇ। ਸਿਆਸੀ ਤੌਰ ’ਤੇ ਨਿਯੁਕਤ ਕੀਤੇ ਚੇਅਰਮੈਨ ਵੱਲੋਂ ਵੀ ਅਜੇ ਤੱਕ ਅਜਿਹੀ ਕੋਈ ਭੂਮਿਕਾ ਨਿਭਾਈ ਨਜ਼ਰ ਨਹੀਂ ਆਉਦੀ, ਜਿਸ ਤੋਂ ਆਸ ਬੱਝੀ ਹੋਵੇ ਕਿ ਪੀ ਆਰ ਟੀ ਸੀ ਦਾ ਪ੍ਰਬੰਧ ਸੁਚਾਰੂ ਰੂਪ ਵਿੱਚ ਚੱਲ ਪਾਏਗਾ ਜਾਂ ਨਹੀਂ।
ਬੁਲਾਰਿਆਂ ਮੈਨੇਜਮੈਂਟ ਨੂੰ ਚਿਤਾਵਨੀ ਦਿੰਦਿਆ ਕਿਹਾ ਕਿ ਜੇਕਰ ਵਰਕਰਾਂ ਦੀਆਂ ਹੱਕੀ ਅਤੇ ਵਾਜਬ ਮੰਗਾਂ ਦਾ ਤਰਕਸੰਗਤ ਜਲਦੀ ਨਿਪਟਾਰਾ ਨਾ ਕੀਤਾ ਅਤੇ ਅਦਾਰੇ ਦੇ ਸੁਧਾਰ ਹਿੱਤ ਵਿੱਚ ਕੋਈ ਠੋਸ ਕਦਮ ਨਾ ਚੁੱਕੇ ਗਏ ਤਾਂ ਐਕਸ਼ਨ ਕਮੇਟੀ ਦੀ ਅਗਲੇ ਹਫਤੇ ਹੋਣ ਵਾਲੀ ਮੀਟਿੰਗ ਵਿੱਚ ਹੋਰ ਸਖਤ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ।
ਜਿਹੜੇ ਹੋਰ ਆਗੂਆਂ ਨੇ ਧਰਨੇ ਨੂੰ ਸੰਬੋਧਨ ਕੀਤਾ, ਉਹਨਾਂ ਵਿੱਚ ਉਤਮ ਸਿੰਘ ਬਾਗੜੀ, ਗੰਡਾ ਸਿੰਘ, ਦਲਜੀਤ ਸਿੰਘ, ਬਿਕਰਮਜੀਤ ਸ਼ਰਮਾ, ਨਸੀਬ ਚੰਦ ਤੇ ਗੁਰਧਿਆਨ ਸਿੰਘ ਸ਼ਾਮਲ ਸਨ।





