ਰਾਂਚੀ : ਜ਼ਮਾਨਤ ਤੋਂ ਬਾਅਦ ਜੇਲ੍ਹ ਵਿੱਚੋਂ ਨਿਕਲਣ ਦੇ ਨਾਲ ਹੀ ਹੇਮੰਤ ਸੋਰੇਨ ਦੇ ਮੁੜ ਮੁੱਖ ਮੰਤਰੀ ਬਣਨ ਦਾ ਰਾਹ ਪੱਧਰਾ ਹੋ ਗਿਆ, ਜਦੋਂ ਮੁੱਖ ਮੰਤਰੀ ਚੰਪਈ ਸੋਰੇਨ ਨੇ ਬੁੱਧਵਾਰ ਸ਼ਾਮ ਰਾਜਪਾਲ ਨੂੰ ਅਸਤੀਫਾ ਦੇ ਦਿੱਤਾ ਅਤੇ ਉਸ ਤੋਂ ਬਾਅਦ ਹੇਮੰਤ ਸੋਰੇਨ ਨੇ ਰਾਜਪਾਲ ਕੋਲ ਮਹਾਗੱਠਬੰਧਨ ਦੀ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰ ਦਿੱਤਾ।
ਇਸ ਤੋਂ ਪਹਿਲਾਂ ਮਹਾਗੱਠਬੰਧਨ ਦੇ ਵਿਧਾਇਕਾਂ ਨੇ ਚੰਪਈ ਦੀ ਕੋਠੀ ਵਿਚ ਹੋਈ ਮੀਟਿੰਗ ’ਚ ਉਨ੍ਹਾ ਦੀ ਥਾਂ ਹੇਮੰਤ ਸੋਰੇਨ ਨੂੰ ਮੁੜ ਮੁੱਖ ਮੰਤਰੀ ਬਣਾਉਣ ਦਾ ਫੈਸਲਾ ਕੀਤਾ। ਹੁਕਮਰਾਨ ਮਹਾਗੱਠਬੰਧਨ ਵਿਚ ਝਾਰਖੰਡ ਮੁਕਤੀ ਮੋਰਚਾ, ਕਾਂਗਰਸ ਤੇ ਰਾਜਦ ਸ਼ਾਮਲ ਹਨ। ਜੇਲ੍ਹ ਜਾਣ ਤੋਂ ਪਹਿਲਾਂ ਹੇਮੰਤ ਸੋਰੇਨ ਨੇ ਅਸਤੀਫਾ ਦੇ ਦਿੱਤਾ ਸੀ ਤੇ 67 ਸਾਲਾ ਚੰਪਈ ਸੋਰੇਨ ਮੁੱਖ ਮੰਤਰੀ ਬਣਾਏ ਗਏ ਸਨ। ਝਾਰਖੰਡ ਅਸੰਬਲੀ ਚੋਣਾਂ ਕੁਝ ਮਹੀਨਿਆਂ ਤੱਕ ਹੋਣ ਵਾਲੀਆਂ ਹਨ ਤੇ ਮਹਾਗੱਠਬੰਧਨ ਹੇਮੰਤ ਸੋਰੇਨ ਦੇ ਚਿਹਰੇ ਨਾਲ ਇਹ ਚੋਣਾਂ ਲੜਨੀਆਂ ਚਾਹੁੰਦਾ ਹੈ।



