ਇੰਦੌਰ : ਇੱਥੇ ਮਾਨਸਿਕ ਪੱਖੋਂ ਕਮਜ਼ੋਰ ਬੱਚਿਆਂ ਦੇ ਆਸ਼ਰਮ ’ਚ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਪਿਛਲੇ ਪੰਜ ਦਿਨਾਂ ਦੌਰਾਨ 6 ਬੱਚਿਆਂ ਦੀ ਮੌਤ ਹੋਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਆਸ਼ਰਮ ਵਾਲਿਆਂ ਨੇ 8 ਸਾਲਾ ਬੱਚੇ ਦੀ ਮੌਤ ਦੀ ਜਾਣਕਾਰੀ ਪ੍ਰਸ਼ਾਸਨ ਤੋਂ ਲੁਕਾਉਂਦਿਆਂ ਲਾਸ਼ ਪਰਵਾਰ ਨੂੰ ਸੌਂਪ ਦਿੱਤੀ ਅਤੇ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਜ਼ਿਲ੍ਹਾ ਅਧਿਕਾਰੀ ਆਸ਼ੀਸ਼ ਸਿੰਘ ਨੇ ਦੱਸਿਆ ਕਿ ਆਸ਼ਰਮ ਵਿਚ ਸਮਰੱਥਾ ਤੋਂ ਵੱਧ ਬੱਚੇ ਰੱਖਣ, ਬੱਚਿਆਂ ਦਾ ਮੈਡੀਕਲ ਰਿਕਾਰਡ ਸਹੀ ਤਰੀਕੇ ਨਾਲ ਨਾ ਰੱਖਣ ਅਤੇ ਹੋਰ ਗੜਬੜੀਆਂ ਵੀ ਸਾਹਮਣੇ ਆਈਆਂ ਹਨ। ਬੱਚੇ ਦਿਮਾਗੀ ਤੌਰ ’ਤੇ ਕਮਜ਼ੋਰ ਹੋਣ ਕਾਰਨ ਦੂਜਿਆਂ ਨੂੰ ਕੁੱਝ ਵੀ ਦਸਣ ਵਿਚ ਅਸਮਰੱਥ ਹਨ।


