ਨਵੀਂ ਦਿੱਲੀ : ਮੱਛਰ ਤੋਂ ਪੈਦਾ ਹੋਣ ਵਾਲੀ ਵਾਇਰਲ ਬਿਮਾਰੀ ਡੇਂਗੂ ਨੂੰ ਆਮ ਤੌਰ ’ਤੇ ਹਲਕੇ ਫਲੂ ਵਰਗੇ ਲੱਛਣਾਂ ਲਈ ਜਾਣਿਆ ਜਾਂਦਾ ਹੈ ਪਰ ਮਾਹਰ ਡਾਕਟਰਾਂ ਨੇ ਕਿਹਾ ਹੈ ਕਿ ਡੇਂਗੂ ਦਿਮਾਗ ’ਤੇ ਡੂੰਘੇ ਪ੍ਰਭਾਵ ਪਾਉਂਦਾ ਹੈ, ਜਿਨ੍ਹਾਂ ਨੂੰ ਅਕਸਰ ਨਜ਼ਰਅੰਦਾਜ਼ ਕੀਤਾ ਜਾਂਦਾ ਰਿਹਾ ਹੈ।
ਫੋਰਟਿਸ ਹਸਪਤਾਲ ਗੁਰੂਗ੍ਰਾਮ ਦੇ ਨਿਊਰੋਲੋਜੀ ਵਿਭਾਗ ਦੇ ਮੁਖੀ ਡਾ. ਪ੍ਰਵੀਨ ਗੁਪਤਾ ਨੇ ਕਿਹਾ ਕਿ ਡੇਂਗੂ ਫਲੂ ਵਰਗੇ ਲੱਛਣਾਂ ਲਈ ਜਾਣਿਆ ਜਾਂਦਾ ਹੈ ਪਰ ਇਸ ਦੇ ਹੋਰ ਡੂੰਘੇ ਪ੍ਰਭਾਵ ਵੀ ਹੁੰਦੇ ਹਨ। ਗੰਭੀਰ ਡੇਂਗੂ ਵਾਲੇ ਮਰੀਜ਼ਾਂ ਨੂੰ ਸਿਰ ਦਰਦ, ਮਾਨਸਿਕ ਸਥਿਤੀ ਵਿਚ ਤਬਦੀਲੀ, ਦੌਰੇ ਅਤੇ ਇੱਥੋਂ ਤੱਕ ਕਿ ਕੌਮਾ ਦਾ ਖ਼ਤਰਾ ਵੀ ਹੋ ਸਕਦਾ ਹੈ। ਵਾਇਰਸ ਦੇ ਨਿਊਰੋਟ੍ਰੋਪਿਕ ਹੋਣ ਦਾ ਮਤਲਬ ਹੈ ਕਿ ਇਹ ਸਿੱਧੇ ਤੌਰ ’ਤੇ ਦਿਮਾਗੀ ਸੈੱਲਾਂ ਨੂੰ ਸੰਕਰਮਿਤ ਕਰ ਸਕਦਾ ਹੈ, ਜਿਸ ਨਾਲ ਸਿਹਤ ਨੁਕਸਾਨ ਅਤੇ ਸੋਜ਼ਿਸ਼ ਹੋ ਸਕਦੀ ਹੈ। ਇਸ ਤੋਂ ਇਲਾਵਾ ਲਾਗ ਨਾਲ ਸ਼ੁਰੂ ਹੋਣ ਵਾਲੀ ਇਮਿਊਨ ਪ੍ਰਤੀਕਿ੍ਰਆ ਇਨ੍ਹਾਂ ਦਿਮਾਗੀ ਸਮੱਸਿਆਵਾਂ ਨੂੰ ਵਧਾ ਸਕਦੀ ਹੈ ਅਤੇ ਇਲਾਜ ਨੂੰ ਪ੍ਰਭਾਵਤ ਕਰ ਸਕਦੀ ਹੈ। ਮੌਨਸੂਨ ਦੇ ਮੌਸਮ ਦੌਰਾਨ ਮੱਛਰਾਂ ਦੇ ਪ੍ਰਜਨਨ ਵਿਚ ਵਾਧਾ ਹੋਣ ਕਾਰਨ ਡੇਂਗੂ ਬੁਖਾਰ ਕਾਫੀ ਵਧ ਜਾਂਦਾ ਹੈ।




