ਮੁੰਬਈ : ਬੰਬੇ ਹਾਈ ਕੋਰਟ ਨੇ ਪਤੰਜਲੀ ਆਯੁਰਵੇਦ ਨੂੰ ਟਰੇਡਮਾਰਕ ਨਿਯਮਾਂ ਬਾਰੇ ਅਦਾਲਤ ਦੇ ਅੰਤਰਮ ਹੁਕਮਾਂ ਦੀ ਉਲੰਘਣਾ ਕਰਨ ’ਤੇ 50 ਲੱਖ ਰੁਪਏ ਜਮ੍ਹਾਂ ਕਰਨ ਦਾ ਨਿਰਦੇਸ਼ ਦਿੱਤਾ ਹੈ। ਹਾਈ ਕੋਰਟ ਨੇ ਅਗਸਤ 2023 ’ਚ ਅੰਤਰਮ ਆਦੇਸ਼ ’ਚ ਮੰਗਲਮ ਆਰਗੈਨਿਕਸ ਲਿਮਟਿਡ ਵੱਲੋਂ ਦਾਇਰ ਟਰੇਡਮਾਰਕ ਉਲੰਘਣਾ ਮਾਮਲੇ ’ਚ ਪਤੰਜਲੀ ਆਯੁਰਵੇਦ ਲਿਮਟਿਡ ਨੂੰ ਆਪਣੇ ਉਤਪਾਦ ਵੇਚਣ ਤੋਂ ਰੋਕ ਦਿੱਤਾ ਸੀ। ਜਸਟਿਸ ਆਰ ਆਈ ਛਾਗਲਾ ਨੇ 8 ਜੁਲਾਈ ਨੂੰ ਕਿਹਾ ਕਿ ਪਤੰਜਲੀ ਨੇ ਜੂਨ ’ਚ ਦਾਇਰ ਹਲਫਨਾਮੇ ਵਿਚ ਕਬੂਲ ਕੀਤਾ ਕਿ ਕਪੂਰ ਉਤਪਾਦਾਂ ਦੀ ਵਿਕਰੀ ’ਤੇ ਰੋਕ ਦੇ ਪਹਿਲੇ ਹੁਕਮ ਦੀ ਉਲੰਘਣਾ ਕੀਤੀ ਹੈ।
6 ਮਹੀਨਿਆਂ ’ਚ 126 ਡਰੋਨ ਜ਼ਬਤ
ਚੰਡੀਗੜ੍ਹ : ਬੀ ਐੱਸ ਐੱਫ ਦੇ ਜਵਾਨਾਂ ਨੇ ਪਿਛਲੇ ਛੇ ਮਹੀਨਿਆਂ ਦੀਆਂ ਕਾਰਵਾਈਆਂ ਦੌਰਾਨ 126 ਡਰੋਨ ਅਤੇ 150 ਕਿੱਲੋ ਹੈਰੋਇਨ ਜ਼ਬਤ ਕੀਤੀ ਹੈ। ਬੀ ਐੱਸ ਐੱਫ ਪੰਜਾਬ ’ਚ 553 ਕਿਲੋਮੀਟਰ ਲੰਬੀ ਸਰਹੱਦ ਦੀ ਨਿਗਰਾਨੀ ਕਰਦੀ ਹੈ। ਅਧਿਕਾਰੀਆਂ ਨੇ ਕਿਹਾ ਕਿ ਸਾਲ 2023 ਦੌਰਾਨ 107 ਡਰੋਨ ਅਤੇ ਯੂ ਏ ਵੀ ਜ਼ਬਤ ਕੀਤੇ ਸਨ। ਪਰ ਇਸ ਸਾਲ ਪਹਿਲੇ ਛੇ ਮਹੀਨਿਆਂ ਦੌਰਾਨ ਹੀ 126 ਡਰੋਨਾਂ ਦੇ ਨਾਲ, ਬੀ ਐੱਸ ਐੱਫ ਨੇ 150 ਕਿਲੋ ਹੈਰੋਇਨ ਅਤੇ 18 ਹਥਿਆਰ ਵੀ ਬਰਾਮਦ ਕੀਤੇ ਹਨ।
ਮਹਿਲਾ ਤੋਂ ਮਰਦ
ਨਵੀਂ ਦਿੱਲੀ : ਭਾਰਤ ਦੇ ਸਿਵਲ ਸੇਵਾ ਦੇ ਇਤਿਹਾਸ ’ਚ ਇਹ ਪਹਿਲੀ ਵਾਰ ਹੈ ਜਦੋਂ ਕੋਈ ਮਹਿਲਾ ਅਧਿਕਾਰੀ ਪੁਰਸ਼ ਬਣੀ ਹੈ। ਹੈਦਰਾਬਾਦ ’ਚ ਤਾਇਨਾਤ ਸੀਨੀਅਰ ਆਈ ਆਰ ਐੱਸ ਮਹਿਲਾ ਅਧਿਕਾਰੀ ਐੱਮ ਅਨੁਸੂਯਾ ਨੇ ਆਪਣਾ ਲਿੰਗ ਬਦਲ ਲਿਆ ਹੈ। ਹੁਣ ਉਹ ਔਰਤ ਤੋਂ ਮਰਦ ਬਣ ਗਿਆ ਹੈ। ਉਸ ਦਾ ਨਵਾਂ ਨਾਂਅ ਹੁਣ ਐੱਮ ਅਨੁਕਤਿਰ ਸੂਰੀਆ ਹੋਵੇਗਾ ਅਤੇ ਸਰਕਾਰ ਨੇ ਵੀ ਇਸ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਦਾ ਅਧਿਕਾਰਤ ਤੌਰ ’ਤੇ 9 ਜੁਲਾਈ ਨੂੰ ਐਲਾਨ ਕੀਤਾ ਗਿਆ। ਉਹ ਹੁਣ ਸਾਰੇ ਸਰਕਾਰੀ ਰਿਕਾਰਡਾਂ ’ਚ ਔਰਤ ਨਹੀਂ ਰਹੇਗੀ।
ਆਪ ਵਿਧਾਇਕ ਭਾਜਪਾ ’ਚ
ਨਵੀਂ ਦਿੱਲੀ : ਆਮ ਆਦਮੀ ਪਾਰਟੀ ਦੇ ਵਿਧਾਇਕ ਕਰਤਾਰ ਸਿੰਘ ਤੰਵਰ ਅਤੇ ਸਾਬਕਾ ਵਿਧਾਇਕ ਰਾਜ ਕੁਮਾਰ ਆਨੰਦ ਬੁੱਧਵਾਰ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋ ਗਏ। ਉਨ੍ਹਾਂ ਦਾਅਵਾ ਕੀਤਾ ਕਿ ਰਾਜਧਾਨੀ ਵਿਚ ਵਿਕਾਸ ਕਾਰਜ ਠੱਪ ਹੋ ਗਏ ਹਨ। ਦਲਿਤ ਸਮਾਜ ਨਾਲ ਸੰਬੰਧ ਰੱਖਣ ਵਾਲੇ ਰਾਜ ਕੁਮਾਰ ਆਨੰਦ ਨੇ ਅਰਵਿੰਦ ਕੇਜਰੀਵਾਲ ’ਤੇ ਦਲਿਤਾਂ ਨਾਲ ਜੁੜੇ ਮੁੱਦਿਆਂ ਨੂੰ ਅਣਦੇਖਿਆ ਕਰਨ ਦਾ ਦੋਸ਼ ਲਾਇਆ। ਆਨੰਦ ਦਿੱਲੀ ਸਰਕਾਰ ਵਿਚ ਮੰਤਰੀ ਰਹਿ ਚੁੱਕੇ ਹਨ ਅਤੇ ਆਬਕਾਰੀ ਮਾਮਲੇ ਵਿਚ ਕੇਜਰੀਵਾਲ ਦੀ ਗਿ੍ਰਫਤਾਰੀ ਤੋਂ ਬਾਅਦ ਉਨ੍ਹਾ ਪਾਰਟੀ ਛੱਡ ਦਿੱਤੀ ਸੀ।
ਦੋ ਜਮਾਤਾਂ ਦੇ ਹੀ ਸਿਲੇਬਸ ਬਦਲਣਗੇ
ਚੰਡੀਗੜ੍ਹ : ਸੀ ਬੀ ਐੱਸ ਈ ਨੇ ਸਪੱਸ਼ਟ ਕੀਤਾ ਹੈ ਕਿ ਆਉਣ ਵਾਲੇ ਸਾਲ ਲਈ ਤੀਜੀ ਤੇ ਛੇਵੀਂ ਨੂੰ ਛੱਡ ਕੇ ਸਾਰੀਆਂ ਜਮਾਤਾਂ ਲਈ ਮੌਜੂਦਾ ਪਾਠਕ੍ਰਮ ਜਾਂ ਪਾਠ ਪੁਸਤਕਾਂ ’ਚ ਕੋਈ ਬਦਲਾਅ ਨਹੀਂ ਕੀਤਾ ਜਾਵੇਗਾ। ਇਸ ਲਈ ਸਕੂਲ ਤੇ ਅਧਿਆਪਕ ਇਸ ਹਿਸਾਬ ਨਾਲ ਹੀ ਪੜ੍ਹਾਉਣ ਸਮੱਗਰੀ ਤਿਆਰ ਕਰਵਾਉਣ। ਸਕੂਲਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਹੋਰਨਾਂ ਜਮਾਤਾਂ ਲਈ ਉਹੀ ਪਾਠ ਪੁਸਤਕਾਂ ਦੀ ਵਰਤੋਂ ਕਰਨੀ ਜਾਰੀ ਰੱਖਣ ਜਿਵੇਂ ਉਨ੍ਹਾਂ ਨੇ ਪਿਛਲੇ ਅਕਾਦਮਿਕ ਸਾਲ 2023-24 ਦੌਰਾਨ ਕੀਤੀ ਸੀ।