ਲੇਹ : ਆਈ ਟੀ ਬੀ ਪੀ ਨੇ ਸਮੱਗਲ ਕੀਤੇ ਜਾ ਰਹੇ 108 ਕਿੱਲੋ ਸੋਨੇ ਦੇ ਬਿਸਕੁਟਾਂ ਸਮੇਤ 3 ਵਿਅਕਤੀਆਂ ਨੂੰ ਗਿ੍ਰਫਤਾਰ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਕਾਬੂ ਕੀਤੇ ਗਏ ਵਿਅਕਤੀਆਂ ਕੋਲੋਂ ਸੋਨੇ ਤੋਂ ਇਲਾਵਾ ਦੋ ਮੋਬਾਇਲ ਫੋਨ, ਦੂਰਬੀਨ, ਦੋ ਚਾਕੂ, ਚੀਨ ਦਾ ਖਾਣਾ (ਕੇਕ ਅਤੇ ਦੁੱਧ) ਮਿਲੇ ਹਨ। ਆਈ ਟੀ ਬੀ ਪੀ ਵੱਲੋਂ ਕੀਤੀ ਗਈ ਹੁਣ ਤੱਕ ਦੀ ਇਹ ਸਭ ਤੋਂ ਵੱਡੀ ਜ਼ਬਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਆਈ ਟੀ ਬੀ ਪੀ ਨੂੰ ਅਸਲ ਨਿਯੰਤਰਣ ਰੇਖਾ ਤੋਂ ਇੱਕ ਕਿਲੋਮੀਟਰ ਦੀ ਦੂਰੀ ’ਤੇ ਸ੍ਰੀਰਾਪਲੇ ’ਚ ਤਸਕਰੀ ਬਾਰੇ ਸੂਹ ਮਿਲੀ ਸੀ। ਡਿਪਟੀ ਕਮਾਂਡੈਂਟ ਦੀਪਕ ਭੱਟ ਦੀ ਅਗਵਾਈ ’ਚ ਗਸ਼ਤ ਕਰ ਰਹੀ ਪਾਰਟੀ ਨੇ ਦੋ ਲੋਕਾਂ ਨੂੰ ਖੱਚਰਾਂ ’ਤੇ ਦੇਖਿਆ ਅਤੇ ਰੁਕਣ ਲਈ ਕਿਹਾ। ਉਨ੍ਹਾਂ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਪਿੱਛਾ ਕਰਨ ਤੋਂ ਬਾਅਦ ਉਨ੍ਹਾਂ ਨੂੰ ਗਿ੍ਰਫਤਾਰ ਕਰ ਲਿਆ ਗਿਆ। ਇਸ ਦੌਰਾਨ ਸਮਾਨ ਦੀ ਤਲਾਸ਼ੀ ਲੈਣ ’ਤੇ ਭਾਰੀ ਮਾਤਰਾ ’ਚ ਸੋਨਾ ਅਤੇ ਹੋਰ ਚੀਜ਼ਾਂ ਬਰਾਮਦ ਹੋਈਆਂ। ਤਸਕਰਾਂ ਦੀ ਪਛਾਣ ਤਸੀਰਿੰਗ ਚੰਬਾ (40) ਅਤੇ ਸਟੈਨਜਿਨ ਦੋਰਗਿਆਲ ਵਜੋਂ ਹੋਈ ਹੈ। ਦੋਵੇਂ ਲੱਦਾਖ ਦੇ ਨਿਓਮਾ ਇਲਾਕੇ ਦੇ ਰਹਿਣ ਵਾਲੇ ਹਨ। ਅਧਿਕਾਰੀ ਨੇ ਦੱਸਿਆ ਕਿ ਬਰਾਮਦਗੀ ਦੇ ਸੰਬੰਧ ’ਚ ਇੱਕ ਹੋਰ ਵਿਅਕਤੀ ਨੂੰ ਗਿ੍ਰਫਤਾਰ ਕੀਤਾ ਗਿਆ ਹੈ ਅਤੇ ਤਿੰਨੋਂ ਗਿ੍ਰਫਤਾਰ ਵਿਅਕਤੀਆਂ ਤੋਂ ਆਈ ਟੀ ਬੀ ਪੀ ਅਤੇ ਪੁਲਸ ਵੱਲੋਂ ਸਾਂਝੇ ਤੌਰ ’ਤੇ ਪੁੱਛਗਿੱਛ ਕੀਤੀ ਜਾ ਰਹੀ ਹੈ।