ਲੋਕਾਂ ਦੀ ਜ਼ਿੰਦਗੀ ਖੁਸ਼ਹਾਲ ਬਣਾਉਣ ਵਾਸਤੇ ਲੋਕ ਸੰਘਰਸ਼ ਲੜੇ ਜਾਣਗੇ : ਡੀ ਰਾਜਾ

0
205

ਦਿੱਲੀ : ਸੀ ਪੀ ਆਈ ਦੀ ਤਿੰਨ ਰੋਜ਼ਾ ਕੌਮੀ ਕੌਂਸਲ ਮੀਟਿੰਗ ਬੰਤ ਸਿੰਘ ਬਰਾੜ ਦੀ ਪ੍ਰਧਾਨਗੀ ਹੇਠ ਅਜੈ ਭਵਨ ਦਿੱਲੀ ਵਿਖੇ ਸ਼ੁਰੂ ਹੋਈ। ਮੀਟਿੰਗ ਵਿੱਚ ਪਾਰਲੀਮੈਂਟ ਚੋਣ-2024 ਦਾ ਰੀਵਿਊ ਅਤੇ ਇਨ੍ਹਾਂ ਚੋਣਾਂ ਵਿੱਚ ਸੀ ਪੀ ਆਈ ਦੀ ਕਾਰਗੁਜ਼ਾਰੀ ਬਾਰੇ ਸੀ ਪੀ ਆਈ ਦੇ ਕੌਮੀ ਜਨਰਲ ਸਕੱਤਰ ਡੀ ਰਾਜਾ ਨੇ ਰਿਪੋਰਟ ਪੇਸ਼ ਕੀਤੀ।ਰਾਜਾ ਨੇ ਰਿਪੋਰਟ ਪੇਸ਼ ਕਰਦਿਆਂ ਕਿਹਾ ਕਿ ਸੀ ਪੀ ਆਈ ‘ਇੰਡੀਆ’ ਗੱਠਜੋੜ ਦਾ ਹਿੱਸਾ ਸੀ।ਇੰਡੀਆ ਗੱਠਜੋੜ ਸਰਕਾਰ ਬਣਾਉਣ ਵਿੱਚ ਭਾਵੇਂ ਕਾਮਯਾਬ ਨਹੀਂ ਹੋਇਆ, ਪਰ ਮੋਦੀ ਦੇ ਰੱਥ ਨੂੰ ਹਿੰਦੀ ਬੈਲਟ ਦੇ ਹਿੱਸੇ ਵਿੱਚ ਰੋਕਾਂ ਲਾਉਣ ਵਿੱਚ ਕਾਮਯਾਬ ਹੋ ਗਿਆ ਹੈ। ਡੀ ਰਾਜਾ ਨੇ ਕਿਹਾ ਕਿ ਭਾਜਪਾ ਦੀ ਚੜ੍ਹਤ ਨੂੰ ਰੋਕਣਾ ਵੀ ਬਹੁਤ ਜ਼ਰੂਰੀ ਸੀ। ਜਿਸ ਤਰ੍ਹਾਂ ਭਾਜਪਾ ਦਾ ਪ੍ਰਚਾਰ ਸੀ ਕਿ 400 ਦਾ ਅੰਕੜਾ ਪਾਰ ਕੀਤਾ ਜਾਵੇਗਾ, ਜੇ ਮੋਦੀ ਇਹ ਅੰਕੜਾ ਪਾਰ ਕਰ ਲੈਂਦਾ ਤਾਂ ਦੇਸ਼ ਦੀ ਵਸੋਂ ਲਈ ਬੜਾ ਖਤਰਨਾਕ ਹੋਣਾ ਸੀ, ਕਿਉਕਿ ਮੋਦੀ ਨੇ ਦੂਜੀਆਂ ਰਾਜਨੀਤਕ ਧਿਰਾਂ ਨਾਲ ਹੱਦੋਂ ਵੱਧ ਧੱਕੇਸ਼ਾਹੀ ਕਰਨੀ ਸੀ । ਭਾਵੇਂ ਹੁਣ ਵੀ ਧੱਕੇਸ਼ਾਹੀ ਹੋ ਰਹੀ ਹੈ, ਕੇਂਦਰੀ ਏਜੰਸੀਆਂ ਜਿਹੜਾ ਵੀ ਬੁੱਧੀਜੀਵੀ, ਪੱਤਰਕਾਰ ਜਾਂ ਕੋਈ ਆਗੂ ਮੋਦੀ ਸਰਕਾਰ ਦੀ ਡਿਕਟੇਟਰਸ਼ਿਪ ਦੀ ਬਾਤ ਪਾਉਦਾ ਹੈ, ਉਸ ਨੂੰ ਜੇਲ੍ਹ ਦੀਆਂ ਕਾਲ ਕੋਠੜੀਆਂ ਵਿੱਚ ਬੰਦ ਕੀਤਾ ਹੋਇਆ ਜਾਂ ਬੰਦ ਕਰਨ ਦੀ ਤਿਆਰੀ ਵਿੱਚ ਹਨ। ਮੌਜੂਦਾ ਪਾਰਲੀਮੈਂਟ ਵਿੱਚ ਵਿਰੋਧੀ ਧਿਰ ਵੀ ਪੂਰੀ ਤਕੜੀ ਹੈ ਤੇ ਆਸ ਹੈ ਕਿ ਉਹ ਮੋਦੀ ਦੀ ਹੈਂਕੜਬਾਜ਼ੀ ਨੂੰ ਰੋਕ ਕੇ ਰੱਖੇਗੀ।
ਡੀ ਰਾਜਾ ਨੇ ਕਿਹਾ ਕਿ ਪਾਰਟੀ ਨੂੰ ਸਹੀ ਮਾਅਨਿਆਂ ਵਿੱਚ ਲੋਕਾਂ ਦੇ ਹਾਣ ਦੀ ਪਾਰਟੀ ਬਣਾਉਣ ਵਾਸਤੇ ਇਸ ਮੀਟਿੰਗ ਵਿੱਚ ਭਵਿੱਖ ਦੇ ਪ੍ਰੋਗਰਾਮ ਬਣਾਏ ਜਾਣਗੇ। ਲੋਕਾਂ ਦੀ ਜ਼ਿੰਦਗੀ ਖੁਸ਼ਹਾਲ ਬਣਾਉਣ ਵਾਸਤੇ ਲੋਕ ਸੰਘਰਸ਼ ਲੜੇ ਜਾਣਗੇ ਅਤੇ ਲੋਕਾਂ ਨੂੰ ਪਾਰਟੀ ਨਾਲ ਜੋੜਿਆ ਜਾਵੇਗਾ। ਉਨ੍ਹਾ ਕਿਹਾ ਕਿ ਇਸ ਵੇਲੇ ਹਿੰਦੁਸਤਾਨ ਵਿੱਚ ਬੇਰੁਜ਼ਗਾਰੀ ਸਭ ਹੱਦਾਂ-ਬੰਨੇ ਪਾਰ ਕਰ ਗਈ ਹੈ। ਬੇਰੁਜ਼ਗਾਰੀ ਦਾ ਸੇਕ ਹਰ ਘਰ ਨੂੰ ਲੱਗ ਰਿਹਾ ਹੈ। ਸਰਕਾਰੀ ਭਰਤੀ ਮੋਦੀ ਸਰਕਾਰ ਨੇ ਬਿਲਕੁੱਲ ਬੰਦ ਕਰ ਦਿੱਤੀ ਹੈ।ਪਬਲਿਕ ਅਦਾਰੇ ਜਿਹੜੇ ਕੋਈ ਮਾੜੇ-ਮੋਟੇ ਬਚੇ ਹਨ, ਉਨ੍ਹਾਂ ਵਿੱਚ ਵੱਡੀ ਪੱਧਰ ’ਤੇ ਪੋਸਟਾਂ ਖਾਲੀ ਹਨ। ਦੁਖੀ ਲੋਕ ਕੰਮ ਕਰਾਉਣ ਦਫ਼ਤਰਾਂ ਵਿੱਚ ਜਾਂਦੇ ਹਨ, ਹਨ ਪਰ ਅੱਗੇ ਮੁਲਾਜ਼ਮਾਂ ਦੀ ਘਾਟ ਕਰਕੇ ਸੀਟਾਂ ਖਾਲੀ ਪਈਆਂ ਹੁੰਦੀਆਂ ਹਨ, ਉਹ ਧੱਕੇ ਖਾ ਕੇ ਵਾਪਸ ਚਲੇ ਜਾਂਦੇ ਹਨ।
ਜਥੇਬੰਦਕ ਰਿਪੋਰਟ ਵਿੱਚ ਸੀ ਪੀ ਆਈ ਦੇ ਕੇਂਦਰੀ ਸਕੱਤਰੇਤ ਮੈਂਬਰ ਡਾਕਟਰ ਕੇ ਨਰਾਇਣਾ ਨੇ ਦੇਸ਼ ਦੇ ਸਾਰੇ ਸੂਬਿਆਂ ਦੀ ਪਾਰਟੀ ਮੈਂਬਰਸ਼ਿਪ ਬਾਰੇ ਰਿਪੋਰਟ ਪੇਸ਼ ਕੀਤੀ। ਇਸ ਰਿਪੋਰਟ ’ਤੇ ਵੀ ਕੌਮੀ ਕੌਂਸਲ ਮੈਂਬਰਾਂ ਨੇ ਖੁੱਲ੍ਹ ਕੇ ਵਿਚਾਰ ਰੱਖੇ ਤੇ ਪਾਰਟੀ ਮੈਂਬਰਸ਼ਿਪ ਵਧਾਉਣ ’ਤੇ ਜ਼ੋਰ ਦਿੱਤਾ। ਕੌਮਾਂਤਰੀ ਪੱਧਰ ਦੀਆਂ ਕਮਿਊਨਿਸਟ ਪਾਰਟੀਆਂ ਦੇ ਸੰਘਰਸ਼ਾਂ ਬਾਰੇ ਤੇ ਜਿਨ੍ਹਾਂ ਦੇਸ਼ਾਂ ਨੇ ਚੋਣਾਂ ਵਿੱਚ ਜਿੱਤਾਂ ਪ੍ਰਾਪਤ ਕੀਤੀਆਂ ਹਨ, ਉਹ ਰਿਪੋਰਟ ਪਲਬਸੇਨ ਗੁਪਤਾ ਨੇ ਪੇਸ਼ ਕੀਤੀ। ਫਲਸਤੀਨ ਤੇ ਇਜ਼ਰਾਈਲ ਦੀ ਜੰਗ ਤੇ ਇਜ਼ਰਾਈਲ ਵੱਲੋਂ ਫ਼ਲਸਤੀਨੀਆਂ ਦਾ ਕਿਵੇਂ ਨਸਲਘਾਤ ਕੀਤਾ ਜਾ ਰਿਹਾ ਹੈ, ਉਸ ਬਾਰੇ ਵੀ ਦੱਸਿਆ। ਸੀ ਪੀ ਆਈ ਦੀ ਕੌਮੀ ਕੌਂਸਲ ਮੀਟਿੰਗ ਵਿੱਚ ਪੰਜਾਬ ਤੋਂ ਹਰਦੇਵ ਸਿੰਘ ਅਰਸ਼ੀ, ਜਗਰੂਪ, ਨਰਿੰਦਰ ਕੌਰ ਸੋਹਲ, ਅਮਰਜੀਤ ਸਿੰਘ ਆਸਲ ਤੇ ਪਿਰਥੀਪਾਲ ਸਿੰਘ ਮਾੜੀਮੇਘਾ ਹਾਜ਼ਰ ਸਨ। ਸੈਂਟਰ ਵੱਲੋਂ ਡਾਕਟਰ ਅਰੁਣ ਮਿੱਤਰਾ, ਗੁਲਜ਼ਾਰ ਸਿੰਘ ਗੋਰੀਆ ਤੇ ਸੁਖਵਿੰਦਰ ਮਹੇਸਰੀ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here