7 ਸੂਬਿਆਂ ਦੀਆਂ 13 ਸੀਟਾਂ ’ਤੇ ਉਪ ਚੋਣ, ਮੁਰਝਾਇਆ ‘ਕਮਲ’, ‘ਇੰਡੀਆ’ ਦਾ ਕਮਾਲ

0
198

ਪਹਾੜੀ ਸੂਬਿਆਂ ’ਚ ਕਾਂਗਰਸ ਦਾ ਜਲਵਾ, ਬੰਗਾਲ ’ਚ ਮਮਤਾ ਦਾ ਜਾਦੂ ਕਾਇਮ
ਇੰਡੀਆ ਗੱਠਜੋੜ 10, ਭਾਜਪਾ 2

ਨਵੀਂ ਦਿੱਲੀ : ਲੋਕ ਸਭਾ ਚੋਣਾਂ ਤੋਂ ਬਾਅਦ 7 ਸੂਬਿਆਂ ਦੀਆਂ 13 ਵਿਧਾਨ ਸਭਾ ਸੀਟਾਂ ’ਤੇ ਹੋਈ ਉਪ ਚੋਣ ਦੇ ਸਾਹਮਣੇ ਆਏ ਨਤੀਜਿਆਂ ’ਚ ‘ਇੰਡੀਆ’ ਗਠਜੋੜ ਨੇ ਧਮਾਕੇਦਾਰ ਪ੍ਰਦਰਸ਼ਨ ਕੀਤਾ, ਜਦਕਿ ਭਾਜਪਾ ਨੂੰ ਭਾਰੀ ਨੁਕਸਾਨ ਹੋਇਆ। 13 ’ਚੋਂ 10 ਸੀਟਾਂ ‘ਇੰਡੀਆ’ ਗਠਜੋੜ ਦੇ ਖਾਤੇ ’ਚ ਗਈਆਂ। ਕਾਂਗਰਸ ਨੇ 4, ਟੀ ਐੱਮ ਸੀ ਨੇ 4, ਭਾਜਪਾ ਨੇ 2, ਆਪ, ਡੀ ਐੱਮ ਕੇ ਅਤੇ ਆਜ਼ਾਦ ਨੇ 1-1 ਸੀਟ ਜਿੱਤੀ। ਉਪ ਚੋਣ ’ਚ ਕਾਂਗਰਸ ਨੇ ਪਹਾੜੀ ਸੂਬੇ ਉਤਰਾਖੰਡ ਅਤੇ ਹਿਮਾਚਲ ’ਚ ਕਮਾਲ ਦਾ ਪ੍ਰਦਰਸ਼ਨ ਕੀਤਾ, ਉਥੇ ਹੀ ਮਮਤਾ ਦੀ ਪਾਰਟੀ ਨੇ ਬੰਗਾਲ ’ਚ ਕਲੀਨ ਸਵੀਪ ਕੀਤਾ, ਜਦਕਿ ਭਾਜਪਾ ਨੇ ਮੱਧ ਪ੍ਰਦੇਸ਼ ਅਤੇ ਹਿਮਾਚਲ ’ਚ ਇੱਕ ਇੱਕ ਸੀਟ ਜਿੱਤੀ। ਉਧਰ ਪੰਜਾਬ ਦੀ ਇੱਕ ਸੀਟ ਆਮ ਆਦਮੀ ਪਾਰਟੀ ਦੇ ਖਾਤੇ ’ਚ ਆਈ ਹੈ। ‘ਇੰਡੀਆ’ ਗਠਜੋੜ ਜ਼ਿਮਨੀ ਚੋਣਾਂ ਲਈ ਪਈਆਂ ਵੋਟਾਂ ਦੀ ਗਿਣਤੀ ਦੌਰਾਨ ਪੰਜਾਬ ਦੀ ਜਲੰਧਰ ਪੱਛਮੀ, ਹਿਮਾਚਲ ਪ੍ਰਦੇਸ਼ ਦੀਆਂ ਦੇਹਰਾ ਤੇ ਨਾਲਾਗੜ੍ਹ ਅਤੇ ਟੀ ਐੱਮ ਸੀ ਪੱਛਮੀ ਬੰਗਾਲ ਦੀਆਂ ਰਾਏਗੰਜ, ਰਾਨਾਘਾਟ ਦੱਖਣੀ ਅਤੇ ਬਾਗਦਾ ਵਿਧਾਨ ਸਭਾ ਸੀਟਾਂ ਜਿੱਤਣ ’ਚ ਸਫਲ ਰਿਹਾ। ਤਾਮਿਲਨਾਡੂ ’ਚ ਡੀ ਐੱਮ ਕੇ ਨੇ ਵਿਕਰਵਾਂਡੀ ਸੀਟ ’ਤੇ ਜਿੱਤ ਦਰਜ ਕੀਤੀ। ਉੱਤਰਾਖੰਡ ’ਚ ਕਾਂਗਰਸ ਨੇ ਬਦਰੀਨਾਥ ਤੇ ਮੰਗਲੌਰ ਦੋਵੇਂ ਸੀਟਾਂ ’ਤੇ ਜਿੱਤ ਦਰਜ ਕੀਤੀ। ਦੂਜੇ ਪਾਸੇ ਭਾਜਪਾ ਨੇ ਹਿਮਾਚਲ ਪ੍ਰਦੇਸ਼ ਦੀ ਹਮੀਰਪੁਰ ਸੀਟ ਅਤੇ ਮੱਧ ਪ੍ਰਦੇਸ਼ ਦੀ ਅਮਰਵਾੜਾ ਸੀਟ ’ਤੇ ਜਿੱਤ ਦਰਜ ਕੀਤੀ। ਬਿਹਾਰ ਦੀ ਰੂਪੋਲੀ ਵਿਧਾਨ ਸਭਾ ਸੀਟ ਇੱਕ ਆਜਾਦ ਉਮੀਦਵਾਰ ਨੇ ਜਿੱਤ ਲਈ ਹੈ।
ਹਿਮਾਚਲ ’ਚ ਭਾਜਪਾ ’ਚ ਸ਼ਾਮਲ ਹੋਏ 3 ’ਚੋਂ ਇੱਕ ਆਜ਼ਾਦ ਹੀ ਚੋਣ ਜਿੱਤ ਸਕਿਆ, ਦੋ ਹਾਰ ਗਏ। ਪੰਜਾਬ ’ਚ ਵੀ ਆਪ ਤੋਂ ਭਾਜਪਾ ’ਚ ਗਏ ਉਮੀਦਵਾਰ ਚੋਣ ਹਾਰ ਗਏ। ਪੰਜਾਬ ਦੀ ਜਲੰਧਰ (ਪੱਛਮੀ) ਸੀਟ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿੰਦਰ ਭਗਤ ਨੇ 37,325 ਵੋਟਾਂ ਦੇ ਵੱਡੇ ਫਰਕ ਨਾਲ ਜਿੱਤੀ। ਇਸੇ ਤਰ੍ਹਾਂ ਹਿਮਾਚਲ ਪ੍ਰਦੇਸ਼ ਦੀ ਦੇਹਰਾ ਸੀਟ ਸੂਬੇ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਦੀ ਪਤਨੀ ਨੇ 9399 ਵੋਟਾਂ ਨਾਲ ਜਿੱਤ ਲਈ। ਉਨ੍ਹਾ ਦੋ ਵਾਰ ਵਿਧਾਇਕ ਰਹੇ ਭਾਜਪਾ ਉਮੀਦਵਾਰ ਹੁਸ਼ਿਆਰ ਸਿੰਘ ਨੂੰ ਹਰਾਇਆ। ਹਿਮਾਚਲ ਪ੍ਰਦੇਸ਼ ਦੀ ਹੀ ਨਾਲਾਗੜ੍ਹ ਸੀਟ ’ਤੇ ਕਾਂਗਰਸ ਦੇ ਹਰਦੀਪ ਸਿੰਘ ਬਾਵਾ ਨੇ 8990 ਵੋਟਾਂ ਦੇ ਫਰਕ ਨਾਲ ਜਿੱਤ ਹਾਸਲ ਕੀਤੀ। ਇਸੇ ਤਰ੍ਹਾਂ ਪੱਛਮੀ ਬੰਗਾਲ ਦੀਆਂ 4 ਵਿਧਾਨ ਸਭਾ ਸੀਟਾਂ ’ਤੇ ਹੋਈ ਜ਼ਿਮਨੀ ਚੋਣ ਵਿੱਚ ਰਾਏਗੰਜ ਸੀਟ ਤੋਂ ਤਿ੍ਰਣਮੂਲ ਕਾਂਗਰਸ ਦੇ ਉਮੀਦਵਾਰ ਕਿ੍ਰਸ਼ਨਾ ਕਲਿਆਣੀ ਨੇ ਆਪਣੇ ਨੇੜਲੇ ਵਿਰੋਧੀ ਭਾਜਪਾ ਉਮੀਦਵਾਰ ਮਾਨਸ ਕੁਮਾਰ ਘੋਸ਼ ਨੂੰ 50,077 ਵੋਟਾਂ ਦੇ ਫਰਕ ਨਾਲ ਹਰਾ ਦਿੱਤਾ। ਕਲਿਆਣੀ ਨੂੰ 86,479 ਵੋਟਾਂ ਮਿਲੀਆਂ, ਜਦਕਿ ਘੋਸ਼ ਨੂੰ 36,402 ਵੋਟਾਂ ਮਿਲੀਆਂ। ਇਸੇ ਤਰ੍ਹਾਂ ਸੂਬੇ ਦੀ ਰਾਨਾਘਾਟ ਦੱਖਣੀ ਸੀਟ ਤੋਂ ਟੀ ਐੱਮ ਸੀ ਦੇ ਮੁਕੁਟਮਨੀ ਅਧਿਕਾਰੀ ਨੇ ਭਾਜਪਾ ਦੇ ਮਨੋਜ ਕੁਮਾਰ ਬਿਸਵਾਸ ਨੂੰ 39048 ਵੋਟਾਂ ਨਾਲ ਹਰਾਇਆ, ਬਾਗਦਾ ਸੀਟ ਤੋਂ ਟੀ ਐੱਮ ਸੀ ਦੇ ਮਧੂਪਰਨ ਠਾਕੁਰ ਨੇ ਭਾਜਪਾ ਦੇ ਵਿਨੈ ਕੁਮਾਰ ਬਿਸਵਾਸ ਨੂੰ 33455 ਵੋਟਾਂ ਨਾਲ ਤੇ ਮਾਨਿਕਤਲਾ ਸੀਟ ’ਤੇ ਟੀ ਐੱਸ ਸੀ ਦਾ ਉਮੀਦਵਾਰ ਜੇਤੂ ਰਿਹਾ। ਤਾਮਿਲਨਾਡੂ ਦੀ ਵਿਕਰਵਾਂਡੀ ਵਿਧਾਨ ਸਭਾ ਸੀਟ ‘ਇੰਡੀਆ’ ਗਠਜੋੜ ਦੀ ਭਾਈਵਾਲ ਡੀ ਐੱਮ ਕੇ ਦੇ ਉਮੀਦਵਾਰ ਏ ਸ਼ਿਵਾ ਨੇ 67,757 ਵੋਟਾਂ ਨਾਲ ਜਿੱਤੀ। ਉੱਤਰਾਖੰਡ ਵਿੱਚ ਕਾਂਗਰਸ ਦੇ ਲਖਪਤ ਸਿੰਘ ਬੁਟੋਲਾ ਨੇ ਜ਼ਿਮਨੀ ਚੋਣਾਂ ਦੇ ਨਤੀਜਿਆਂ ’ਚ ਬਦਰੀਨਾਥ ਵਿਧਾਨ ਸਭਾ ਸੀਟ ਜਿੱਤ ਲਈ। ਉਨ੍ਹਾ ਭਾਜਪਾ ਦੇ ਰਾਜਿੰਦਰ ਸਿੰਘ ਨੂੰ 5224 ਵੋਟਾਂ ਨਾਲ ਹਰਾਇਆ। ਉੱਤਰਾਖੰਡ ਦੀ ਮੰਗਲੌਰ ਸੀਟ ’ਤੇ ਵੀ ਕਾਂਗਰਸ ਦੇ ਕਾਜ਼ੀ ਮੁਹੰਮਦ ਨਿਜ਼ਾਮੂਦੀਨ ਨੇ ਜਿੱਤ ਹਾਸਲ ਕੀਤੀ। ਉਨ੍ਹਾ ਭਾਜਪਾ ਦੇ ਕਰਤਾਰ ਸਿੰਘ ਭੜਾਨਾ ਨੂੰ 422 ਵੋਟਾਂ ਦੇ ਫਰਕ ਨਾਲ ਹਰਾਇਆ। ਇਸੇ ਦੌਰਾਨ ਬਿਹਾਰ ਦੀ ਰੂਪੋਲੀ ਵਿਧਾਨ ਸਭਾ ਸੀਟ ’ਤੇ ਆਜ਼ਾਦ ਉਮੀਦਵਾਰ ਸ਼ੰਕਰ ਸਿੰਘ ਨੇ ਜਨਤਾ ਦਲ (ਯੂਨਾਈਟਿਡ) ਦੇ ਕਲਾਧਰ ਪ੍ਰਸਾਦ ਮੰਡਲ ਨੂੰ 8000 ਤੋਂ ਵੱਧ ਵੋਟਾਂ ਨਾਲ ਹਰਾਇਆ। ਭਾਜਪਾ ਦੇ ਆਸ਼ੀਸ਼ ਸ਼ਰਮਾ ਨੇ ਹਿਮਾਚਲ ਪ੍ਰਦੇਸ਼ ਦੀ ਹਮੀਰਪੁਰ ਸੀਟ 1571 ਵੋਟਾਂ ਦੇ ਫਰਕ ਨਾਲ ਜਿੱਤ ਲਈ। ਇਸੇ ਤਰ੍ਹਾਂ ਮੱਧ ਪ੍ਰਦੇਸ਼ ਦੀ ਅਮਰਵਾੜਾ ਸੀਟ ਭਾਜਪਾ ਦੇ ਕਮਲੇਸ਼ ਸ਼ਾਹ ਨੇ 3200 ਤੋਂ ਵੱਧ ਵੋਟਾਂ ਦੇ ਫਰਕ ਨਾਲ ਜਿੱਤ ਲਈ।

LEAVE A REPLY

Please enter your comment!
Please enter your name here