ਚੰਡੀਗੜ੍ਹ : ਸ਼ੋ੍ਰਮਣੀ ਅਕਾਲੀ ਦਲ ਨੇ ਸੋਮਵਾਰ ਕਿਹਾ ਕਿ ਜਿਹੜੇ ਆਗੂਆਂ ਨੇ ਪਾਰਟੀ ਦੇ ਖਿਲਾਫ ਪ੍ਰੋਗਰਾਮ ਸ਼ੁਰੂ ਕੀਤੇ ਹਨ, ਉਨ੍ਹਾਂ ਲਈ ਮੁੱਖ ਦਫਤਰ ਵਿਚ ਕੋਈ ਥਾਂ ਨਹੀਂ ਤੇ ਪਾਰਟੀ ਵਰਕਰ ਅਜਿਹੇ ਤੱਤਾਂ ਨੂੰ ਬਰਦਾਸ਼ਤ ਨਹੀਂ ਕਰਨਗੇ। ਸੀਨੀਅਰ ਪਾਰਟੀ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਪਾਰਟੀ ਦੇ ਸੀਨੀਅਰ ਆਗੂਆਂ, ਜ਼ਿਲ੍ਹਾ ਪ੍ਰਧਾਨਾਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰਾਂ ਨਾਲ ਪਾਰਟੀ ਮੁੱਖ ਦਫਤਰ ਵਿਚ ਲੜੀਵਾਰ ਮੀਟਿੰਗਾਂ ਮਗਰੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਇਹ ਐਲਾਨ ਕੀਤਾ।
ਡਾ. ਚੀਮਾ ਨੇ ਕਿਹਾ ਕਿ ਪਾਰਟੀ ਦਾ ਮੁੱਖ ਦਫਤਰ ਹਰੇਕ ਵਾਸਤੇ ਹੈ। ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਹਲਕਾ ਇੰਚਾਰਜਾਂ, ਜ਼ਿਲ੍ਹਾ ਪ੍ਰਧਾਨਾਂ, ਇਸਤਰੀ ਅਕਾਲੀ ਦਲ, ਐੱਸ ਸੀ ਵਿੰਗ, ਓ ਬੀ ਸੀ ਵਿੰਗ ਤੇ ਯੂਥ ਅਕਾਲੀ ਦਲ ਸਮੇਤ ਵੱਖ-ਵੱਖ ਵਿੰਗਾਂ ਨਾਲ ਮੀਟਿੰਗਾਂ ਕੀਤੀਆਂ ਤੇ ਹਾਲ ਹੀ ਵਿਚ ਸ਼੍ਰੋਮਣੀ ਕਮੇਟੀ ਮੈਂਬਰਾਂ ਨਾਲ ਵੀ ਮੀਟਿੰਗ ਕੀਤੀ। ਉਨ੍ਹਾ ਕਿਹਾ ਕਿ ਜਿਹੜੇ ਆਗੂ ਆਪਣੇ ਆਪ ਨੂੰ ਅਕਾਲੀ ਦਲ ਦੇ ਬਾਗੀ ਕਹਾਉਂਦੇ ਹਨ, ਉਨ੍ਹਾਂ ਇਨ੍ਹਾਂ ਮੀਟਿੰਗਾਂ ਵਿਚ ਭਾਗ ਨਹੀਂ ਲਿਆ, ਹਾਲਾਂਕਿ ਸਾਰਿਆਂ ਨੂੰ ਮੀਟਿੰਗ ਵਿਚ ਸ਼ਾਮਲ ਹੋਣ ਦਾ ਖੁੱਲ੍ਹਾ ਸੱਦਾ ਦਿੱਤਾ ਗਿਆ ਸੀ। ਹੁਣ ਇਨ੍ਹਾਂ ਆਗੂਆਂ ਨੇ ਆਪਣੀ ਪਾਰਟੀ ਖਿਲਾਫ ਮੁਹਿੰਮ ਸ਼ੁਰੂ ਕਰ ਦਿੱਤੀ ਹੈ ਤੇ ਦਾਅਵੇ ਕਰ ਰਹੇ ਹਨ ਕਿ ਉਨ੍ਹਾਂ ਪਾਰਟੀ ਦੇ ਮੁੱਖ ਦਫਤਰ ਵਿਚ ਮੀਟਿੰਗਾਂ ਕੀਤੀਆਂ ਹਨ। ਉਨ੍ਹਾ ਕਿਹਾ ਕਿ ਅਜਿਹੇ ਆਗੂਆਂ ਲਈ ਪਾਰਟੀ ਮੁੱਖ ਦਫਤਰ ਵਿਚ ਕੋਈ ਥਾਂ ਨਹੀਂ ਹੈ।
ਉਨ੍ਹਾ ਸਪੱਸ਼ਟ ਕੀਤਾ ਕਿ ਪਾਰਟੀ ਦਾ ਇਕ ਸੰਵਿਧਾਨ ਹੈ ਅਤੇ ਚੁਣੇ ਹੋਏ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਹਨ। ਪ੍ਰਧਾਨ ਦੀ ਚੋਣ ਨਿਯਮਾਂ ਮੁਤਾਬਕ ਲੋਕਤੰਤਰੀ ਪ੍ਰਕਿਰਿਆ ਅਨੁਸਾਰ ਹੁੰਦੀ ਹੈ। ਪਾਰਟੀ ਦਫਤਰ ਵੀ ਪ੍ਰਧਾਨ ਵੱਲੋਂ ਦਿੱਤੇ ਜਾਂਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਚਲਾਇਆ ਜਾਂਦਾ ਹੈ। ਤੁਸੀਂ ਪ੍ਰਧਾਨ ਦੀ ਲੀਡਰਸ਼ਿਪ ਨੂੰ ਚੁਣੌਤੀ ਦੇ ਕੇ ਪਾਰਟੀ ਦਫਤਰ ਵਿਚ ਮੀਟਿੰਗਾਂ ਨਹੀਂ ਕਰ ਸਕਦੇ।
ਸੋਮਵਾਰ ਹੋਈਆਂ ਮੀਟਿੰਗਾਂ ਦੇ ਵੇਰਵੇ ਸਾਂਝੇ ਕਰਦਿਆਂ ਡਾ. ਚੀਮਾ ਨੇ ਕਿਹਾ ਕਿ ਮੀਟਿੰਗਾਂ ਦਾ ਮਕਸਦ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਾਸਤੇ ਵੋਟਰਾਂ ਦੀਆਂ ਵੋਟਾਂ ਬਣਵਾਉਣ ਵਾਸਤੇ ਲੀਡਰਸ਼ਿਪ ਨੂੰ ਸਰਗਰਮ ਕਰਨਾ ਸੀ। ਪਾਰਟੀ ਆਗੂਆਂ ਨੇ ਇਸ ਸੰਬੰਧੀ ਸੁਝਾਅ ਦਿੱਤੇ ਹਨ ਤੇ ਇਹ ਫੈਸਲਾ ਕੀਤਾ ਗਿਆ ਹੈ ਕਿ ਆਉਂਦੇ ਦਿਨਾਂ ਵਿਚ ਵੱਧ ਤੋਂ ਵੱਧ ਵੋਟਾਂ ਬਣਾਈਆਂ ਜਾਣਗੀਆਂ। ਉਨ੍ਹਾ ਕਿਹਾ ਕਿ ਅਸੰਬਲੀ ਦੀਆਂ ਆਉਂਦੀਆਂ ਚਾਰ ਜ਼ਿਮਨੀ ਚੋਣਾਂ ਵਾਸਤੇ ਪਾਰਟੀ ਦੇ ਆਗੂਆਂ ਦੀਆਂ ਡਿਊਟੀਆਂ ਲਗਾਉਣ ਵਾਸਤੇ ਵੀ ਮੀਟਿੰਗ ਕੀਤੀ ਗਈ ਹੈ। ਇਸ ਮਾਮਲੇ ਵਿਚ ਤਾਲਮੇਲ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ ਤੇ ਯੂਥ ਅਕਾਲੀ ਦਲ ਦੀ ਮੀਟਿੰਗ ਵੱਖਰੇ ਤੌਰ ’ਤੇ ਹੋਈ ਹੈ।
ਡਾ. ਚੀਮਾ ਨੇ ਦੱਸਿਆ ਕਿ ਆਉਂਦੇ ਦਿਨਾਂ ਵਿਚ ਇਨ੍ਹਾਂ ਮਾਮਲਿਆਂ ’ਤੇ ਹੋਰ ਮੀਟਿੰਗਾਂ ਹੋਣਗੀਆਂ, ਕਿਉਂਕਿ ਅੱਜ ਦੀਆਂ ਮੀਟਿੰਗਾਂ ਵਿਚ ਸਿਰਫ ਰਾਜਧਾਨੀ ਦੇ ਨਜ਼ਦੀਕੀ ਸ਼ਹਿਰਾਂ ਤੋਂ ਲੀਡਰਸ਼ਿਪ ਪਹੁੰਚੀ ਸੀ, ਜਿਨ੍ਹਾਂ ਨੇ ਸ਼ਮੂਲੀਅਤ ਕੀਤੀ, ਉਨ੍ਹਾਂ ਵਿਚ ਬਲਵਿੰਦਰ ਸਿੰਘ ਭੂੰਦੜ, ਮਹੇਸ਼ਇੰਦਰ ਸਿੰਘ ਗਰੇਵਾਲ, ਹੀਰਾ ਸਿੰਘ ਗਾਬੜੀਆ, ਐੱਨ ਕੇ ਸ਼ਰਮਾ, ਮਨਤਾਰ ਸਿੰਘ ਬਰਾੜ, ਸਰਬਜੀਤ ਸਿੰਘ ਝਿੰਜਰ, ਪਰਮਬੰਸ ਸਿੰਘ ਰੋਮਾਣਾ, ਕੰਵਰਜੀਤ ਸਿੰਘ ਰੋਜ਼ੀ ਬਰਕੰਦੀ, ਵਰਦੇਵ ਸਿੰਘ ਮਾਨ, ਗੁਰਚਰਨ ਸਿੰਘ ਗਰੇਵਾਲ, ਗੁਰਪ੍ਰੀਤ ਸਿੰਘ ਰਾਜੂ ਖੰਨਾ, ਜਗਦੀਪ ਸਿੰਘ ਚੀਮਾ, ਦਰਬਾਰਾ ਸਿੰਘ ਗੁਰੂ, ਕਰਨੈਲ ਸਿੰਘ ਪੀਰ ਮੁਹੰਮਦ, ਨਛੱਤਰ ਸਿੰਘ ਗਿੱਲ, ਯਾਦਵਿੰਦਰ ਸਿੰਘ ਯਾਦੂ, ਅਰਸ਼ਦੀਪ ਸਿੰਘ ਕਲੇਰ, ਰਣਬੀਰ ਸਿੰਘ ਢਿੱਲੋਂ, ਸੁਖਦੀਪ ਸਿੰਘ, ਗੁਰਬਖਸ਼ ਸਿੰਘ ਖਾਲਸਾ, ਸ਼ਰਨਜੀਤ ਸਿੰਘ ਰਜਵਾੜਾ, ਮਨਮੋਹਨ ਸਿੰਘ ਮੁਕਾਰੋਂਪੁਰ, ਭੁਪਿੰਦਰ ਸਿੰਘ ਭਿੰਦਾ, ਹੇਮੰਤ ਕੁਮਾਰ ਹੌਬੀ ਰਾਹੋਂ, ਮਨਜਿੰਦਰ ਸਿੰਘ ਬਿੱਟੂ, ਗੁਰਇਕਬਾਲ ਸਿੰਘ ਮਾਹਲ, ਅਵਤਾਰ ਸਿੰਘ ਰਈਆ, ਜਗਸੀਰ ਸਿੰਘ ਬੱਬੂ ਜੈਮਲਵਾਲਾ, ਜਸਮੇਲ ਸਿੰਘ ਬੋਂਦਲੀ, ਮਨਜੀਤ ਸਿੰਘ ਮਦਨੀਪੁਰ, ਪਰਵਿੰਦਰ ਸਿੰਘ ਸੋਹਾਣਾ, ਵਿਨਰਜੀਤ ਸਿੰਘ ਗੋਲਡੀ, ਹਰਬਿੰਦਰ ਸਿੰਘ ਹੈਰੀ ਸੰਧੂ, ਪਰਮਜੀਤ ਸਿੰਘ ਢਿੱਲੋਂ, ਤੇਜਿੰਦਰ ਸਿੰਘ ਨਿੱਝਰ, ਆਕਾਸ਼ਦੀਪ ਸਿੰਘ ਮਿੱਡੂਖੇੜਾ, ਗੁਰਪ੍ਰੀਤ ਸਿੰਘ ਲਾਪਰਾਂ, ਰਾਜਿੰਦਰ ਸਿੰਘ ਜੀਤ, ਪਰਮਜੀਤ ਸਿੰਘ ਮੱਕੜ, ਹਰਜਤਿੰਦਰ ਸਿੰਘ ਬਾਜਵਾ, ਹਰਮਿੰਦਰ ਸਿੰਘ ਜਰਗ, ਭੁਪਿੰਦਰ ਜਾਡਲਾ, ਜਥੇਦਾਰ ਤਾਰਾ ਸਿੰਘ ਸ਼ੇਖੂਪੁਰ, ਸੁਖਵਿੰਦਰ ਸਿੰਘ ਚੰਦੀ, ਜਸਬੀਰ ਸਿੰਘ ਜੱਸਾ ਅਤੇ ਤਰਨਬੀਰ ਸਿੰਘ ਟਿੰਮੀ ਪੂਨੀਆਂ ਸ਼ਾਮਲ ਸਨ।




